ਫ਼ਰੀਦਕੋਟ 09 ਮਈ,2024(ਪੰਜਾਬੀ ਖ਼ਬਰਨਾਮਾ): ਨੈਸ਼ਨਲ ਵੈਕਟਰ ਬੌਰਨ ਡਿਜੀਜ ਕੰਟਰੋਲ ਪ੍ਰੋਗਰਾਮ ਅਧੀਨ ਜਿਲਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਅੱਜ ਅਸ਼ੋਕ ਚੱਕਰਾ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ. ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਐਸ.ਡੀ.ਐਮ ਫ਼ਰੀਦਕੋਟ ਸ੍ਰੀ ਵਰੁਣ ਕੁਮਾਰ, ਸਿਵਲ ਸਰਜਨ ਡਾ. ਮਨਿੰਦਰ ਪਾਲ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ.ਜਗਜੀਤ ਸਿੰਘ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਮਲੇਰੀਆ ਅਤੇ ਡੇਂਗੂ ਬੁਖਾਰ ਦੀ ਰੋਕਥਾਮ ਲਈ ਸਮੂਹ ਵਿਭਾਗ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਮੂਹ ਦਫਤਰੀ ਅਮਲਾ ਆਪਣੀ ਨੈਤਿਕ ਜੁੰਮੇਵਾਰੀ ਸਮਝਦੇ ਹੋਏ ਦਫਤਰਾਂ ਵਿੱਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖੇ ਅਤੇ ਹਰ ਹਫਤੇ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਇਆਂ ਜਾਵੇ। ਇਸ ਮੌਕੇ ਉਨ੍ਹਾਂ ਹਾਜਰ ਸਮਾਜ ਸੇਵੀ ਸੰਸਥਾ ਦੇ ਨੁਮਾਇੰਦਿਆਂ ਤੋ ਵੀ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਪੀ.ਆਰ.ਟੀ.ਸੀ. ਵਿਭਾਗ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਕਈ ਵਾਰ ਬੱਸਾਂ ਦੇ ਪੁਰਾਣੇ ਟਾਇਰਾਂ ਵਿੱਚ ਬਰਸਾਤ ਦਾ ਪਾਣੀ ਇੱਕਠਾ ਹੋਣ ਨਾਲ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ ਇਸ ਲਈ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਵੀ ਸ਼ਹਿਰ ਵਿੱਚ ਸਫਾਈ ਰੱਖਣ ਦੀ ਹਦਾਇਤ ਕੀਤੀ।
ਪੁਲਿਸ ਵਿਭਾਗ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਆਮ ਤੌਰ ਤੇ ਇਹ ਦੇਖਣ ਵਿੱਚ ਆਉਂਦਾ ਹੈ ਕਿ ਪੁਲਿਸ ਵਿਭਾਗ ਦੇ ਨਾ- ਵਰਤੋਂਯੋਗ ਵਾਹਨ ਥਾਣਿਆਂ, ਪੁਲਿਸ ਲਾਈਨ ਵਿੱਚ ਖੜੇ ਰਹਿੰਦੇ ਹਨ। ਅਜਿਹੇ ਵਾਹਨਾਂ ਵਿੱਚ ਪਾਣੀ ਖੜ੍ਹੇ ਰਹਿਣ ਨਾਲ ਮਲੇਰੀਆਂ ਤੇ ਡੇਂਗੂ ਮੱਛਰ ਪਨਪਨ ਦੀ ਗੁੰਜ਼ਾਇਸ਼ ਵੱਧ ਜਾਂਦੀ ਹੈ । ਇਸ ਦੇ ਮੱਦੇਨਜ਼ਰ ਇਨ੍ਹਾਂ ਵਾਹਨਾਂ ਦੀ ਜਾਂਚ ਜ਼ਰੂਰ ਕੀਤੀ ਜਾਵੇ।
ਮੀਟਿੰਗ ਦੌਰਾਨ ਜਿਲਾ ਐਪੀਡੀਮਾਲੋਜਿਸਟ ਡਾ.ਹਿਮਾਸ਼ੂ ਗੁਪਤਾ ਵੱਲੋ ਪੀ ਪੀ ਟੀ ਸਲਾਈਡ ਰਾਂਹੀ ਵਿਸਥਾਰ ਨਾਲ ਗਰਮੀ ਅਤੇ ਬਰਸਾਤਾਂ ਦੇ ਮੌਸਮ ਵਿੱਚ ਫੈਲਣ ਵਾਲੀਆ ਬਿਮਾਰੀਆਂ ਵਿਸ਼ੇਸ ਕਰਕੇ ਮਲੇਰੀਆ ਅਤੇ ਡੇਗੂ ਬੁਖਾਰ ਦੇ ਲ਼ੱਛਣਾਂ, ਰੋਕਥਾਮ, ਸਾਵਧਾਨੀਆਂ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ।
ਸਿਵਲ ਸਰਜਨ ਫਰੀਦਕੋਟ ਡਾ.ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਵੈਕਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਬਰੀਡਿੰਗ ਚੈਕਰ ਅਤੇ ਸਿਹਤ ਕਾਮਿਆਂ ਵੱਲੋ ਜਿਲੇ ਵਿੱਚ ਡੋਰ ਟੂ ਡੋਰ ਸਰਵੇ ਕੀਤਾ ਜਾ ਰਿਹਾ ਹੈ। ਘਰਾਂ ਵਿੱਚ ਜਾ ਕੇ ਮੱਛਰ ਪੈਦਾ ਹੋਣ ਦੇ ਸਥਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।ਮੱਛਰ ਦਾ ਲਾਰਵਾ ਮਿਲਣ ਤੇ ਨਸ਼ਟ ਕੀਤਾ ਜਾ ਰਿਹਾ ਹੈ। ਮਰੀਜਾਂ ਦੇ ਇਲਾਜ ਲਈ ਵੀ ਵਿਭਾਗ ਵੱਲੋ ਢੁਕਵੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਆਮ ਜਨਤਾ ਅਤੇ ਸਕੂਲੀ ਵਿਦਿਆਰਥੀਆ ਨੂੰ ਮਲੇਰੀਆ ਬੁਖਾਰ ਤੋ ਬਚਅ ਲਈ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾਰੀ ਹਨ ਇਸੇ ਲੜੀ ਤਹਿਤ ਸਰਕਾਰੀ ਮਿਡਲ ਸਮਾਰਟ ਸਕੂਲ, ਬਾਜ਼ੀਗਰ ਬਸਤੀ ਵਿਖੇ ਮੁੱਖ ਅਧਿਆਪਕ ਹਰਪਾਲ ਸੰਧੂ ਦੀ ਅਗਵਾਈ ਹੇਠ ਮਲੇਰੀਆ ਦਿਵਸ ਮਨਾਇਆ ਗਿਆ । ਉਨ੍ਹਾਂ ਦੱਸਿਆ ਕਿ ਮਲੇਰੀਆ ਸਬੰਧੀ ਜਾਗਰੂਕ ਕਰਨ ਲਈ ਬੱਚਿਆਂ ਵਿਚਕਾਰ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਹਿਲਾ ਸਥਾਨ ਪੁਨੀਤ ਕੁਮਾਰ,ਦੂਸਰਾ ਸਥਾਨ ਨਵਦੀਪ ਕੌਰ ਅਤੇ ਤੀਸਰਾ ਸਥਾਨ ਜੀਵਿਕਾ ਨੇ ਹਾਸਲ ਕੀਤਾ ਅਤੇ ਅੱਜ ਉਨ੍ਹਾਂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।