ਅੰਮ੍ਰਿਤਸਰ(ਪੰਜਾਬੀ ਖ਼ਬਰਨਾਮਾ): ਖੱਡੂਰ ਸਾਹਿਬ ਤੋਂ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਚ ਉਤਾਰੇ ਜਾਣ ਤੋਂ ਬਾਅਦ ਵਲਟੋਹਾ ਨੇ ਇੱਕ ਵੱਡਾ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਚੋਣ ਲੜਨ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਇਸ ਬਾਰੇ ਗੱਲ ਕੀਤੀ ਸੀ ਅਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਵੀ ਉਨ੍ਹਾਂ ਨੂੰ ਸਾਥ ਦੇਣ ਦਾ ਵਾਅਦਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਜਿੱਥੇ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਓਥੇ ਹੀ ਡਿਬਰੂਗੜ੍ਹ ਦੀ ਜੇਲ ਚ ਬੰਦ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਖੱਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਵਲਟੋਹਾ ਦੇ ਨਾਮ ਦਾ ਐਲਾਨ ਹੋਣ ਤੋਂ ਬਾਅਦ ਵਲਟੋਹਾ ਨੇ ਕਿਹਾ ਕਿ ਉਹ ਹਮੇਸ਼ਾ ਪੰਥ ਦੀ ਗੱਲ ਕਰਦੇ ਰਹੇ ਹਨ। ਉਨ੍ਹਾਂ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਓਥੇ ਹੀ ਡਿਬਰੂਗੜ੍ਹ ਜੇਲ ਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਇਸਦੇ ਸਾਥੀਆਂ ਦੀ ਰਿਹਾਈ ਲਈ ਵੀ ਸਰਕਾਰ ਦੇ ਵਿਰੋਧ ਵਿੱਚ ਖੜਾ ਰਿਹਾ ਹਾਂ।

ਵਲਟੋਹਾ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਜਦੋਂ ਵੀ ਉਨ੍ਹਾਂ ਦੀ ਮੁਲਾਕਾਤ ਹੋਈ ਉਸ ਵੇਲੇ ਚੋਣ ਲੜਨ ਦਾ ਜ਼ਿਕਰ ਵੀ ਹੋਇਆ ਸੀ। ਵਲਟੋਹਾ ਮੁਤਾਬਿਕ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਤੋਂ ਇਲਾਵਾ ਅੰਮ੍ਰਿਤਪਾਲ ਦੀ ਪਤਨੀ ਨੇ ਕਿਰਨਦੀਪ ਕੌਰ ਨੇ ਵੀ ਕਿਹਾ ਸੀ ਕਿ ਜੇਕਰ ਵਲਟੋਹਾ ਚੋਣ ਲੜਣਗੇ ਤਾਂ ਅਸੀਂ ਸਾਰੇ ਤੁਹਾਡਾ ਸਾਥ ਦੇਵਾਂਗੇ। ਵਲਟੋਹਾ ਨੇ ਇੱਕ ਸੂਚੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਇੱਕ ਲਿਸਟ ਬਣਾਈ ਸੀ ਜਿਸ ਵਿੱਚ ਉਨ੍ਹਾਂ ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਲੋਕਾਂ ਕੋਲ ਜਾਣਾ ਸੀ ਜਿਨ੍ਹਾਂ ਕੋਲੋਂ ਓਹ ਸਮਰਥਨ ਹਾਸਿਲ ਕਰ ਸਕਦੇ ਹਨ। ਇਸ ਸੂਚੀ ਵਿੱਚ ਨੌਵੇਂ ਨੰਬਰ ਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਵੀ ਜ਼ਿਕਰ ਸੀ।

ਵਲਟੋਹਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕੁੱਝ ਲੋਕ ਪੰਥ ਵਿੱਚ ਵੰਡੀਆਂ ਪਾਉਣ ਦੇ ਨਾਲ ਨਾਲ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਵੀ ਗੁੰਮਰਾਹ ਕਰ ਰਹੇ ਹਨ। ਪਰਿਵਾਰ ਨੂੰ ਜਾਣਬੁੱਝ ਕੇ ਚੋਣ ਮੈਦਾਨ ਵਿੱਚ ਉਤਾਰਨ ਲਈ ਪ੍ਰੇਰਿਆ ਜਾ ਰਿਹਾ ਹੈ। ਵਲਟੋਹਾ ਨੇ ਕਿਹਾ ਕਿ ਮੈਨੂੰ ਹਾਲੇ ਵੀ ਆਸ ਹੈ ਕਿ ਪਰਿਵਾਰ ਮੇਰੇ ਨਾਲ ਹੈ ਅਤੇ ਮੈਨੂੰ ਸਮਰਥਨ ਦੇਣ ਲਈ ਤਿਆਰ ਹੈ।

ਅੱਜ ਸਵੇਰੇ ਵਿਰਸਾ ਸਿੰਘ ਵਲਟੋਹਾ ਨੇ ਟਿਕਟ ਮਿਲਣ ਤੋਂ ਬਾਅਦ ਜਿੱਥੇ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਹਿਗੁਰੂ ਕਾ ਸ਼ੁਕਰਾਨਾ ਕੀਤਾ ਓਥੇ ਹੀ ਹੈਰੀਟੇਜ ਸਟਰੀਟ ਚ ਪੱਕੇ ਮੋਰਚੇ ਤੇ ਬੈਠੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਅਤੇ ਫਿਰ ਉਨ੍ਹਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਵਲਟੋਹਾ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਹਨ।

ਇਥੇ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਜੇਲ ਤੋਂ ਹੀ ਚੋਣ ਲੜਨ ਦਾ ਐਲਾਨ ਕਰ ਚੁੱਕਾ ਸੀ ਤਾ ਫਿਰ ਅਕਾਲੀ ਦਲ ਨੇ ਖੱਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਕਿਉਂ ਬਣਾਇਆ। ਦੂਜੇ ਪਾਸੇ ਜੇਕਰ ਵਲਟੋਹਾ ਦੀ ਗੱਲ ਦਾ ਯਕੀਨ ਕੀਤਾ ਜਾਵੇ ਤਾਂ ਪਰਿਵਾਰ ਵੱਲੋਂ ਵਲਟੋਹਾ ਨੂੰ ਸਮਰਥਨ ਦੇਣ ਦਾ ਭਰੋਸਾ ਦੇਣ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਨ ਦਾ ਫੈਂਸਲਾ ਕਿਉਂ ਕੀਤਾ।

ਜਦੋਂ ਵਲਟੋਹਾ ਨੂੰ ਇਹ ਸਵਾਲ ਕੀਤਾ ਗਿਆ ਕਿ ਅੰਮ੍ਰਿਤਪਾਲ ਸਿੰਘ ਨੇ ਸੰਗਤ ਦੀ ਮੰਗ ਤੋਂ ਬਾਅਦ ਚੋਣ ਲੜਨ ਬਾਰੇ ਸੋਚਿਆ ਹੈ ਤਾਂ ਵਲਟੋਹਾ ਨੇ ਜਵਾਬ ਦਿੱਤਾ ਕਿ ਉਹ ਵੀ ਚੋਣ ਨਹੀਂ ਲੜਨਾ ਚਾਹੁੰਦੇ ਸਨ ਪਰ ਸੰਗਤ ਦੀ ਮੰਗ ਤੇ ਹੀ ਉਨ੍ਹਾਂ ਨੂੰ ਇੱਕ ਪੰਥਕ ਹਲਕੇ ਤੋਂ ਉਮੀਦਵਾਰ  ਬਣਾਏ ਜਾਣ ਦਾ ਫੈਂਸਲਾ ਪਾਰਟੀ ਵੱਲੋ। ਕੀਤਾ ਗਿਆ ਹੈ। ਇਥੇ ਇਹ ਤਾਂ ਸਪਸ਼ਟ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਵਲਟੋਹਾ ਨੂੰ ਸਮਰਥਨ ਦਿੰਦਾ ਹੈ ਜਾਂ ਫਿਰ ਨਹੀਂ ਪਰ ਵਲਟੋਹਾ ਫ਼ਿਲਹਾਲ ਚੋਣ ਮੈਦਾਨ ਤੋਂ ਪਿੱਛੇ ਹਟਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ। ਸਗੋਂ ਉਨ੍ਹਾਂ ਦਾ ਇਹ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਖੁਦ ਚੋਣ ਨਾ ਲੜਨ ਦਾ ਫੈਂਸਲਾ ਲਵੇਗਾ ਅਤੇ ਪੂਰਾ ਪਰਿਵਾਰ ਵਲਟੋਹਾ ਦੇ ਸਮਰਥਨ ਦਾ ਐਲਾਨ ਕਰੇਗਾ।

ਓਧਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਇਸ ਮੁਲਾਕਾਤ ਤੋਂ ਬਾਅਦ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅੰਮ੍ਰਿਤਸਰ ਤੋਂ ਉਮੀਦਵਾਰ ਇਮਾਨ ਸਿੰਘ ਮਾਨ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਬਾਰੇ ਮੀਡੀਆ ਨੂੰ ਭੇਜੇ ਗਏ ਸੱਦਾ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਵੀ ਉਸ ਪ੍ਰੈਸ ਕਾਨਫਰੰਸ ਵਿੱਚ ਨਾਲ ਹੋਣਗੇ। ਹੁਣ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਵੱਲੋਂ ਵਲਟੋਹਾ ਦੀ ਮੁਲਾਕਾਤ ਅਤੇ ਵਲਟੋਹਾ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਬਾਰੇ ਕੋਈ ਕਿਹਾ ਜਾਂਦਾ ਹੈ ਉਸਦਾ ਹਰ ਕਿਸੇ ਨੂੰ ਇੰਤਜ਼ਾਰ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।