ਨਵੀਂ ਦਿੱਲੀ 31 ਦਸੰਬਰ 2023 (ਪੰਜਾਬੀ ਖ਼ਬਰਨਾਮਾ)
ਅਯੁੱਧਿਆ ਦੀ ਮੁਫਤ ਯਾਤਰਾ ਕਰਾਉਣ ਤੋਂ ਲੈ ਕੇ ਲੋਕਾਂ ਦਾ ਅਯੁੱਧਿਆ ਨਗਰੀ ਵਿੱਚ ਵੱਡਾ ਇਕੱਠ ਕਰਨ ਸਮੇਤ ਦੇਸ਼ ਵਿੱਚ ਵਿਸ਼ੇਸ਼ ਕਰਕੇ ਹਿੰਦੀ ਭਾਸ਼ੀ ਰਾਜਾਂ ਅੰਦਰ ਘਰ-ਘਰ ਅਕਸ਼ਤ (ਪਵਿੱਤਰ ਚੌਲ) ਵੰਡਣ ਤੱਕ, ਭਾਜਪਾ ਨੇ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਦਾ ਖੂਬ ਲਾਹਾ ਲੈਣ ਲਈ ਇੱਕ ਵਿਆਪਕ ਪਰ ਮਾਈਕ੍ਰੋ-ਪੱਧਰੀ ਯੋਜਨਾ ਬਣਾਈ ਹੈ।
ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਭਾਜਪਾ ਵੱਲੋਂ ਹਮੇਸ਼ਾ ਇੱਕ ਮੁੱਖ ਵਿਚਾਰਧਾਰਕ ਮੁੱਦਾ ਅਤੇ ਚੋਣ ਪ੍ਰਚਾਰ ਲਈ ਵੱਡਾ ਮੁੱਦਾ ਉਛਾਲਿਆ ਜਾਂਦਾ ਰਿਹਾ ਹੈ ਤੇ ਹੁਣ ਇਸ ਨਵੇਂ ਮੰਦਰ ਨੂੰ ਲੈ ਕੇ ਦੇਸ਼ ਵਿੱਚ ਅਗਾਮੀ ਅਪ੍ਰੈਲ-ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਉਲੀਕੀ ਇੱਕ ਵੱਡੀ ਚੋਣਾਂਵੀ ਰਣਨੀਤੀ ਹੇਠ ਇਹ ਪ੍ਰੋਗਰਾਮ ਆਰੰਭਿਆ ਜਾ ਰਿਹਾ ਹੈ। ਜਿਵੇਂ ਪੰਜ ਰਾਜਾਂ ਵਿੱਚ ਹੋਈਆਂ ਅਸੰਬਲੀ ਚੋਣਾਂ ਵਿੱਚ ਭਗਵਾ ਪਾਰਟੀ ਨੇ ਧਾਰਮਿਕ ਮੁੱਦੇ ਉਠਾਏ ਅਤੇ ਹੁਣ ਆਮ ਚੋਣਾਂ ਦੌਰਾਨ ਹੈਟ੍ਰਿਕ ਮਰਨ ਲਈ ਉਕਤ ਪ੍ਰੋਗਰਾਮ ਤਹਿਤ ਧਰਮ ਅਤੇ ਹਿੰਦੂ ਭਾਵਨਾਵਾਂ ਦੇ ਨਾਮ ‘ਤੇ ਵੋਟਾਂ ਮੰਗਣ ਦੀ ਜ਼ੋਰਦਾਰ ਯੋਜਨਾ ਬਣਾਈ ਗਈ ਹੈ।
ਬਿਹਾਰ ਵਿੱਚ ਵਧੇਰੇ ਸੰਸਦੀ ਸੀਟਾਂ ‘ਤੇ ਕਬਜ਼ਾ ਕਰਨ ਦੇ ਟੀਚੇ ਹੇਠ, ਜਿੱਥੇ ਵਿਰੋਧੀ ਧਿਰ ਦਾ ਜਾਤੀ ਗਣਿਤ ਹਿੰਦੂਤਵ ਵੋਟਾਂ ਨੂੰ ਮਜ਼ਬੂਤ ਕਰਨ ਦੀ ਸੱਜੇ ਪੱਖੀ ਪਾਰਟੀ ਕੋਸ਼ਿਸ਼ ਨੂੰ ਚੁਣੌਤੀ ਦੇ ਸਕਦਾ ਹੈ, ਉੱਥੇ ਭਗਵਾ ਪਾਰਟੀ ਨੇ ਅਯੁੱਧਿਆ ਜਾਣ ਲਈ 20 ਦਿਨਾਂ ਦੀ “ਲਵ-ਕੁਸ਼ ਯਾਤਰਾ” ਦੀ ਯੋਜਨਾ ਉਲੀਕੀ ਹੈ। ਇਹ ਯਾਤਰਾ 2 ਜਨਵਰੀ ਨੂੰ ਪਟਨਾ ਤੋਂ ਸ਼ੁਰੂ ਹੋਵੇਗੀ ਅਤੇ ਬਿਹਾਰ ਦੇ ਕਈ ਕਸਬਿਆਂ ਵਿੱਚ ਹਵਨ ਅਤੇ ਕਈ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਯਾਤਰਾ ਜਾਰੀ ਰੱਖੇਗੀ।
ਇਸ ਯਾਤਰਾ ਦਾ ਨਾਂ ਭਗਵਾਨ ਰਾਮ ਅਤੇ ਸੀਤਾ ਦੇ ਜੁੜਵੇਂ ਪੁੱਤਰਾਂ ਲਵ ਅਤੇ ਕੁਸ਼ ਦੇ ਨਾਂ ‘ਤੇ ਰੱਖਿਆ ਗਿਆ ਹੈ। ਬਿਹਾਰ ਵਿੱਚ, ਇਸਦਾ ਇੱਕ ਰਾਜਨੀਤਿਕ ਅਰਥ ਹੈ ਕਿਉਂਕਿ ਇਹ ਸ਼ਬਦ ਕੋਰੀ (ਕੁਸ਼ਵਾਹਾ) ਅਤੇ ਕੁਰਮੀ ਜਾਤੀਆਂ ਵਿਚਕਾਰ ਗੱਠਜੋੜ ਲਈ ਵਰਤਿਆ ਜਾਂਦਾ ਹੈ।
ਆਪਣੀ ਪੈਨ-ਇੰਡੀਆ ਯੋਜਨਾ ਵਿੱਚ, ਪਾਰਟੀ ਨੇ ਬੂਥ-ਪੱਧਰ ਦੇ ਪ੍ਰੋਗਰਾਮ ਆਯੋਜਿਤ ਕਰਕੇ ਰਾਮ ਮੰਦਰ ਅੰਦੋਲਨ ਅਤੇ ਮੰਦਰ ਦੇ ਨਿਰਮਾਣ ਵਿੱਚ ਭਾਜਪਾ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਇੱਕ ਕਿਤਾਬਚਾ ਛਪਵਾ ਕੇ ਵੰਡਣ ਦੀ ਯੋਜਨਾ ਹੈ।
ਇਸੇ ਤਰ੍ਹਾਂ 22 ਜਨਵਰੀ ਨੂੰ ਰਾਮ ਮੰਦਰ ਦੇ ਪਵਿੱਤਰ ਸੰਸਕਾਰ ਮੌਕੇ ਭਾਜਪਾ ਵਰਕਰ ਬੂਥ ਪੱਧਰ ‘ਤੇ ਦੀਵੇ ਬਾਲ ਕੇ ਦੀਵਾਲੀ ਦਾ ਤਿਉਹਾਰ ਮਨਾਉਣਗੇ। ਉੱਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਵਾਲੇ ਦਿਨ ਮੰਦਰ ਦੇ ਉਦਘਾਟਨ ਮੌਕੇ ਰਾਮ ਲੱਲਾ ਨੂੰ ਪੱਕਾ ਘਰ ਦੇਣ ਅਤੇ ਦੀਵਾਲੀ ਜਸ਼ਨ ਮਨਾਉਣ ਲਈ ਘਰ-ਘਰ ਦੀਵੇ ਜਗਾਉਣ ਦਾ ਸੱਦਾ ਦਿੱਤਾ ਹੈ।
ਸੱਤਾਧਾਰੀ ਭਾਜਪਾ ਨੇ ਪਹਿਲਾਂ ਹੀ ਰਾਮ ਮੰਦਰ ਨਾਲ ਸਬੰਧਤ ਆਪਣੀ ਵਿਚਾਰਧਾਰਕ ਮੋਢੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਅਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੁਆਰਾ ਆਯੋਜਿਤ ਸਾਰੇ ਸਮਾਗਮਾਂ ਨੂੰ ਪੂਰਾ ਸਮਰਥਨ ਦੇਣ ਤੇ ਸ਼ਮੂਲੀਅਤ ਕਰਨ ਦਾ ਵਾਅਦਾ ਕੀਤਾ ਹੈ।
ਆਰਐਸਐਸ ਅਤੇ ਵੀਐਚਪੀ 22 ਜਨਵਰੀ ਦੇ ਸਮਾਗਮ ਦੇ ਸੱਦੇ ਵਜੋਂ ਵੱਖ ਵੱਖ ਰਾਜਾਂ ਵਿੱਚ ਕਲਸ਼ ਯਾਤਰਾਵਾਂ ਦਾ ਆਯੋਜਨ ਕਰ ਰਹੀ ਹੈ ਅਤੇ ਵਰਕਰਾਂ, ਪ੍ਰਚਾਰਕਾਂ ਨੂੰ ਅਕਸ਼ਤ (ਪਵਿੱਤਰ ਚੌਲ) ਵੰਡ ਰਹੇ ਹਨ। ਰਾਮ ਮੰਦਿਰ ਦੇ ਸਮਾਰੋਹ ਵਿੱਚ ਭਾਜਪਾ, ਆਰਐਸਐਸ ਅਤੇ ਵੀਐਚਪੀ ਨੇ ਵੱਡੇ ਨਾਵਾਂ ਸਮੇਤ 7,000 ਦੇ ਕਰੀਬ ਮਹਿਮਾਨਾਂ ਨੂੰ ਬੁਲਾਇਆ ਹੈ।
ਭਾਜਪਾ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿੱਚ ਐਲਾਨ ਕੀਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਆਈ ਤਾਂ ਲੋਕਾਂ ਨੂੰ ਅਯੁੱਧਿਆ ਜਾਣ ਲਈ ਮੁਫ਼ਤ ਯਾਤਰਾਵਾਂ ਦਾ ਆਯੋਜਨ ਕਰੇਗੀ।
ਪਾਰਟੀ ਨੇ 23 ਜਨਵਰੀ ਤੋਂ ਸ਼ੁਰੂ ਹੋ ਕੇ ਅਗਲੇ ਤਿੰਨ ਮਹੀਨਿਆਂ ਵਿੱਚ ਦੇਸ਼ ਭਰ ਦੇ 543 ਲੋਕ ਸਭਾ ਹਲਕਿਆਂ ਦੇ ਘੱਟੋ-ਘੱਟ 2.5 ਕਰੋੜ ਲੋਕਾਂ ਨੂੰ ਅਜਿਹੇ ਦਰਸ਼ਨਾਂ ਦੀ ਸਹੂਲਤ ਦੇਣ ਲਈ ਵੱਡੀ ਯੋਜਨਾ ਵੀ ਤਿਆਰ ਕੀਤੀ ਹੈ।
ਆਈਯੂਐਮਐਲ ਨੇ ਭਾਜਪਾ ‘ਤੇ ਰਾਮ ਮੰਦਿਰ ਦੇ ਸਮਾਰੋਹ ਨੂੰ ਸਿਆਸੀ ਉਦੇਸ਼ਾਂ ਲਈ ਵਰਤਣ ਦਾ ਦੋਸ਼ ਲਗਾਇਆ
ਮਲਾਪੁਰਮ: ਕੇਰਲ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਡੀਐਫ ਦੀ ਮੁੱਖ ਸਹਿਯੋਗੀ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐਮਐਲ) ਨੇ ਬੀਤੇ ਦਿਨ ਭਾਜਪਾ ਉੱਤੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਸਮਾਰੋਹ ਨੂੰ ਸਿਆਸੀ ਉਦੇਸ਼ਾਂ ਲਈ ਵਰਤਣ ਦਾ ਦੋਸ਼ ਲਾਇਆ ਹੈ। ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਤੋਂ ਬਾਅਦ ਆਈਯੂਐਮਐਲ ਦੇ ਕੌਮੀ ਜਨਰਲ ਸਕੱਤਰ ਪੀ ਕੇ ਕੁਨਹਾਲੀਕੁਟੀ ਨੇ ਪੱਤਰਕਾਰਾਂ ਨੂੰ ਕਿਹਾ, “ਭਾਜਪਾ ਇਸ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਸਿਆਸੀ ਉਦਘਾਟਨ ਵਜੋਂ ਦੇਖ ਰਹੀ ਹੈ। ਪ੍ਰਧਾਨ ਮੰਤਰੀ ਅਤੇ ਹੋਰਾਂ ਨੇ ਅਗਲੀਆਂ ਸੰਸਦੀ ਚੋਣਾਂ ਦੇ ਉਦੇਸ਼ ਨਾਲ ਮੰਦਰ ਮੁੱਦੇ ਰਾਹੀਂ ਸਿਆਸੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।”
ਸੀਪੀਆਈਐਮ ਨੇ ਅਯੁੱਧਿਆ ਵਿੱਚ ਧਾਰਮਿਕ ਪ੍ਰੋਗਰਾਮ ਦੇ ਸਿਆਸੀਕਰਨ ਦਾ ਲਾਇਆ ਦੋਸ਼
ਉਧਰ ਸੀਪੀਆਈ (ਐਮ) ਦੀ ਨੇਤਾ ਬਰਿੰਦਾ ਕਰਤ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਵੇਗੀ, ਕਿਉਂਕਿ ਭਾਜਪਾ “ਧਾਰਮਿਕ ਪ੍ਰੋਗਰਾਮ ਦਾ ਰਾਜਨੀਤੀਕਰਨ” ਕਰ ਰਹੀ ਹੈ। ਕਰਤ ਨੇ ਕਿਹਾ ਕਿ “ਅਸੀਂ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਕਰਦੇ ਹਾਂ ਪਰ ਉਹ ਇੱਕ ਧਾਰਮਿਕ ਪ੍ਰੋਗਰਾਮ ਨੂੰ ਰਾਜਨੀਤੀ ਨਾਲ ਜੋੜ ਰਹੇ ਹਨ। ਇਹ ਇੱਕ ਧਾਰਮਿਕ ਪ੍ਰੋਗਰਾਮ ਦਾ ਸਿਆਸੀਕਰਨ ਹੈ ਜੋ ਕਿ ਸਹੀ ਨਹੀਂ ਹੈ।”