ਸ੍ਰੀ ਅਨੰਦਪੁਰ ਸਾਹਿਬ 26 ਮਾਰਚ ( ਪੰਜਾਬੀ ਕਬਰਨਾਮਾ ) : ਮੁੱਖ ਚੋਣ ਅਫਸਰ ਪੰਜਾਬ ਵੱਲੋਂ ਲੋਕ ਸਭਾ ਚੋਣਾਂ-2024 ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਰੂਪਨਗਰ ਅਤੇ  ਸ.ਰਾਜਪਾਲ ਸਿੰਘ ਐਸ.ਡੀ.ਐਮ ਕਮ ਸਹਾਇਕ ਚੋਣਕਾਰ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੀਤੇ ਵਿਸ਼ੇਸ਼ ਉਪਰਾਲੇ ਸਦਕਾ ਹੋਲੇ ਮਹੱਲੇ ਮੌਕੇ ਵਿਰਾਸਤ-ਏ-ਖਾਲਸਾ ਦੇ ਕੰਪਲੈਕਸ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਦੂਜੇ ਅਤੇ ਤੀਜੇ ਦਿਨ ਵੀ ਵਿਸ਼ੇਸ਼ ਸਵੀਪ ਬੂਥ ਲਗਾ ਕੇ ਵੋਟਰਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਗਈ ਹੈ ਤਾਂ ਜੋ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ, ਭੈਅ ਜਾਂ ਬਿਨਾਂ ਕਿਸੇ ਲੋਭ-ਲਾਲਚ ਤੋਂ ਕਰਨ।

    ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਵੀਪ ਨੋਡਲ ਅਫ਼ਸਰ ਰਣਜੀਤ ਸਿੰਘ ਅਤੇ ਜਤਿੰਦਰ ਸਿੰਘ ਇੰਚਾਰਜ ਚੋਣਾਂ ਨੇ ਦੱਸਿਆ ਕਿ ਹੋਲਾ ਮਹੱਲਾ 2024 ਦੌਰਾਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜੋ ਬੂਥ ਲਗਾਇਆ ਗਿਆ ਹੈ, ਉਸ ਤੇ ਪਿਛਲੇ ਤਿੰਨ ਦਿਨਾਂ ਵਿੱਚ ਲਗਭਗ 25 ਹਜਾਰ ਵਿਅਕਤੀਆਂ ਨੇ ਹਾਜਰੀ ਭਰੀ ਹੈ ਤੇ ਉਨਾਂ ਨੇ ਬਿਨਾਂ ਕਿਸੇ ਡਰ, ਜਾਤ, ਭਾਸ਼ਾ, ਧਰਮ ਅਤੇ ਲਾਲਚ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਆਪਣਾ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦਾ ਪ੍ਰਣ ਲਿਆ ਹੈ। ਇਸ ਮੌਕੇ ਪ੍ਰਣ ਲੈਣ ਵਾਲੇ ਨਾਗਰਿਕਾਂ ਨੂੰ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਸਬੰਧੀ ਸਪੈਸ਼ਲ ਤਿਆਰ ਕਰਵਾਏ ਗਏ ਪੈੱਨ, ਕੀ-ਚੇਨ, ਮੱਗ, ਬੈਜ ਅਤੇ ਵੋਟਰ ਜਾਗਰੂਕਤਾ ਗਾਈਡਾਂ ਵੰਡ ਕੇ ਵਿਸੇ਼ਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਉਪਰਾਲੇ ਦੀ ਨਾਗਰਿਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।

     ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਗਾਏ ਗਏ ਇਸ ਬੂਥ ਤੇ ਸ਼ਰਧਾਲੂਆਂ ਦੀ ਭੀੜ ਲਗਾਤਾਰ ਲੱਗੀ ਰਹੀ ਕਿਉਂਕਿ ਇਹ ਬੂਥ ਬਾਹਰ ਜਾਣ ਵਾਲੇ ਰਸਤੇ ਤੇ ਲਗਾਇਆ ਗਿਆ ਸੀ ਜਿੱਥੇ ਹਰ ਕੋਈ ਜਾਣਕਾਰੀ ਲੈਣ ਲਈ ਰੁਕਦਾ ਸੀ ਅਤੇ ਆਪਣੇ ਵੋਟ ਦੇ ਹੱਕ ਦੀ ਮਹੱਤਤਾ ਸਮਝ ਕੇ ਜਾਂਦਾ ਸੀ। ਭਾਰਤ ਚੋਣ ਕਮਿਸ਼ਨ ਦੇ ਨਾਰੇ ‘ਅਬਕੀ ਵਾਰ ਸੱਤਰ ਪਾਰ’ ਨੂੰ ਵਿਧਾਨ ਸਭਾ ਹਲਕਾ 049-ਅਨੰਦਪੁਰ ਸਾਹਿਬ ਵਿੱਚ ਹਕੀਕਤ ਵਿੱਚ ਬਦਲਣ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਲਗਾਏ ਸੈਲਫ਼ੀ ਸਟੈਂਡ ਉੱਤੇ ਵੀ ਸ਼ਰਧਾਲੂਆਂ ਵੱਲੋਂ ਉਤਸ਼ਾਹ ਨਾਲ ਸੈਲਫ਼ੀਆਂ ਲਈਆਂ ਗਈਆਂ। ਇਸ ਮੌਕੇ ਚੋਣ ਕਮਿਸ਼ਨ ਵਲੋਂ ਜੋ ਵੀ ਮੋਬਾਈਲ ਐਪ ਲਾਂਚ ਕੀਤੇ ਹੋਏ ਹਨ ਉਨਾਂ ਬਾਰੇ ਜਾਣਕਾਰੀ ਦਰਸਾਉਂਦੇ ਬੋਰਡ ਲਗਵਾਏ ਹਨ ਜੋ ਖਿੱਚ ਦਾ ਕੇਂਦਰ ਬਣੇ ਹੋਏ ਹਨ। ਹੋਲੇ ਮਹੱਲੇ ਮੌਕੇ ਵੱਡੀ ਗਿਣਤੀ ਵਿੱਚ ਆਏ ਸ਼ਰਧਾਲੂਆਂ ਨੇ ਇਸ ਕਾਊਂਟਰ ਦਾ ਰੁੱਖ ਕੀਤਾ ਅਤੇ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ। ਸ਼ਰਧਾਲੂਆਂ ਨੇ ਜਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਹਾਇਕ ਸਵੀਪ ਨੋਡਲ ਅਫਸਰ ਨਰਿੰਦਰ ਸਿੰਘ, ਇੰਦਰਦੀਪ ਸਿੰਘ, ਇਸ਼ਾਂਤ ਸ਼ਰਮਾ, ਦਿਲਪ੍ਰੀਤ ਸਿੰਘ, ਮੇਹਰਬਾਨ ਸਿੰਘ ਹਾਜਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।