25 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਜਲੰਧਰ ਨਗਰ ਨਿਗਮ (MC) ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਹੋਰ ਸਰਗਰਮ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਮਕਸਦ ਲਈ ਨਗਰ ਨਿਗਮ ਵੱਲੋਂ ਸਾਲਾਨਾ 12 ਲੱਖ ਰੁਪਏ ਖਰਚ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਇਸ ਸਬੰਧੀ ਪ੍ਰਸਤਾਵ 25 ਨਵੰਬਰ ਨੂੰ ਹੋਣ ਵਾਲੀ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਰੱਖਿਆ ਜਾਣਾ ਹੈ।
ਪ੍ਰਸਤਾਵ ਅਨੁਸਾਰ, ਨਗਰ ਨਿਗਮ ਆਪਣੇ ਅਧਿਕਾਰਤ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਅਕਾਊਂਟਸ ਦੇ ਪ੍ਰਬੰਧਨ ਲਈ ਇੱਕ ਪੇਸ਼ੇਵਰ ਏਜੰਸੀ ਜਾਂ ਵਿਸ਼ੇਸ਼ ਸੋਸ਼ਲ ਮੀਡੀਆ ਟੀਮ ਦੀਆਂ ਸੇਵਾਵਾਂ ਲੈਣਾ ਚਾਹੁੰਦਾ ਹੈ। ਇਸ ਦਾ ਮੁੱਖ ਉਦੇਸ਼ ਸ਼ਹਿਰ ਦੇ ਲੋਕਾਂ ਨੂੰ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ, ਨਾਗਰਿਕ ਸਹੂਲਤਾਂ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਬਾਰੇ ਨਿਯਮਿਤ ਜਾਣਕਾਰੀ ਦੇਣਾ ਹੈ।
ਇਸ ਪ੍ਰਸਤਾਵਿਤ ਟੀਮ ਵਿੱਚ ਸੋਸ਼ਲ ਮੀਡੀਆ ਮੈਨੇਜਰ, ਕੈਮਰਾਮੈਨ, ਵੀਡੀਓ ਐਡੀਟਰ, ਗ੍ਰਾਫਿਕ ਡਿਜ਼ਾਈਨਰ ਅਤੇ ਕੰਟੈਂਟ ਰਾਈਟਰ ਸ਼ਾਮਲ ਹੋਣਗੇ। ਇਹ ਟੀਮ ਨਗਰ ਨਿਗਮ ਦੀਆਂ ਰੋਜ਼ਾਨਾ ਗਤੀਵਿਧੀਆਂ ਦੀ ਮੌਕੇ ‘ਤੇ ਕਵਰੇਜ ਕਰਨ ਦੇ ਨਾਲ-ਨਾਲ ਫੋਟੋਗ੍ਰਾਫੀ, ਵੀਡੀਓਗ੍ਰਾਫੀ, ਰੀਲਾਂ, ਛੋਟੀਆਂ ਵੀਡੀਓਜ਼ ਅਤੇ ਗ੍ਰਾਫਿਕ ਪੋਸਟਾਂ ਤਿਆਰ ਕਰੇਗੀ।
ਪ੍ਰਸਤਾਵਿਤ ਕੰਟੈਂਟ ਸ਼ਡਿਊਲ ਮੁਤਾਬਕ, ਹਰ ਹਫ਼ਤੇ 5 ਤੋਂ 6 ਰੀਲਾਂ ਜਾਂ ਛੋਟੀਆਂ ਵੀਡੀਓਜ਼, ਇੱਕ ਲੰਬੀ ਯੂਟਿਊਬ ਵੀਡੀਓ ਅਤੇ ਕੁਝ ਪੋਸਟਰ ਜਾਂ ਅਪਡੇਟਸ ਤਿਆਰ ਕੀਤੇ ਜਾਣਗੇ। ਇਸ ਰਾਹੀਂ ਨਗਰ ਨਿਗਮ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਇਸ ਮੁਹਿੰਮ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ, ਸੜਕਾਂ ਦੇ ਨਿਰਮਾਣ, ਸੀਵਰੇਜ ਪ੍ਰਣਾਲੀ, ਪਾਣੀ ਦੀ ਸਪਲਾਈ, ਸਫਾਈ ਮੁਹਿੰਮਾਂ ਅਤੇ ਪ੍ਰਾਪਰਟੀ ਟੈਕਸ ਨਾਲ ਸਬੰਧਤ ਜਾਣਕਾਰੀ ਨੂੰ ਵਿਸ਼ੇਸ਼ ਤੌਰ ‘ਤੇ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰੀ ਯੋਜਨਾਵਾਂ, ਲੋਕ ਜਾਗਰੂਕਤਾ ਮੁਹਿੰਮਾਂ ਅਤੇ ਨਗਰ ਨਿਗਮ ਵੱਲੋਂ ਕੀਤੀਆਂ ਜਾ ਰਹੀਆਂ ਹੋਰ ਮਹੱਤਵਪੂਰਨ ਗਤੀਵਿਧੀਆਂ ਬਾਰੇ ਵੀ ਅਪਡੇਟ ਦਿੱਤੇ ਜਾਣਗੇ।
ਇਸ ਪ੍ਰੋਜੈਕਟ ‘ਤੇ ਹਰ ਮਹੀਨੇ ਲਗਭਗ 1 ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇੱਕ ਸਾਲ ਦਾ ਕੁੱਲ ਖਰਚਾ 12 ਲੱਖ ਰੁਪਏ ਹੋਵੇਗਾ। ਜੇਕਰ ਸੋਸ਼ਲ ਮੀਡੀਆ ‘ਤੇ ਪੇਡ ਪ੍ਰਮੋਸ਼ਨ ਜਾਂ ਇਸ਼ਤਿਹਾਰ ਚਲਾਉਣ ਦੀ ਲੋੜ ਪੈਂਦੀ ਹੈ ਤਾਂ ਇਸ ਲਈ ਵੱਖਰੇ ਤੌਰ ‘ਤੇ ਮਨਜ਼ੂਰੀ ਅਤੇ ਬਜਟ ਦੀ ਵਿਵਸਥਾ ਕਰਨੀ ਪਵੇਗੀ।
ਪ੍ਰਸਤਾਵ ਵਿੱਚ ਸ਼ੁਰੂਆਤ ਵਿੱਚ ਇੱਕ ਸਾਲ ਲਈ ਏਜੰਸੀ ਦੀਆਂ ਸੇਵਾਵਾਂ ਲੈਣ ਦੀ ਸਿਫਾਰਸ਼ ਕੀਤੀ ਗਈ ਹੈ। ਲੋੜ ਅਤੇ ਕਾਰਗੁਜ਼ਾਰੀ ਦੇ ਆਧਾਰ ‘ਤੇ ਇਸ ਮਿਆਦ ਨੂੰ ਦੋ ਹੋਰ ਸਾਲਾਂ ਤੱਕ ਵਧਾਉਣ ਦੀ ਸੰਭਾਵਨਾ ਵੀ ਰੱਖੀ ਗਈ ਹੈ। ਹੁਣ ਇਸ ਪ੍ਰਸਤਾਵ ‘ਤੇ ਅੰਤਿਮ ਫੈਸਲਾ ਜਨਰਲ ਹਾਊਸ ਮੀਟਿੰਗ ਵਿੱਚ ਲਿਆ ਜਾਵੇਗਾ।
