ਨਵੀਂ ਦਿੱਲੀ 23 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵੈਲਿੰਗਟਨ ਵਿੱਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਡਰਾਅ ‘ਤੇ ਖ਼ਤਮ ਹੋ ਗਿਆ। ਟੀਮ ਇੰਡੀਆ ਕੋਲ ਜਿੱਤ ਦਾ ਮੌਕਾ ਸੀ ਪਰ ਉਹ ਇਸ ਲਈ ਲੋੜੀਂਦੀਆਂ ਵਿਕਟਾਂ ਲੈ ਨਹੀਂ ਸਕੀ। ਇਸ ਮੈਚ ਦੇ ਖ਼ਤਮ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਟੀਮ ਚੋਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ ਅਤੇ ਦੋ ਖਿਡਾਰੀਆਂ ਨੂੰ ਖ਼ਾਸ ਤੌਰ ‘ਤੇ ਯਾਦ ਕੀਤਾ ਹੈ।
ਭਾਰਤ ਨੂੰ ਮੈਚ ਦੇ ਆਖਰੀ ਦਿਨ ਸੋਮਵਾਰ ਨੂੰ ਜਿੱਤ ਲਈ ਨਿਊਜ਼ੀਲੈਂਡ ਦੀਆਂ ਅੱਠ ਵਿਕਟਾਂ ਚਾਹੀਦੀਆਂ ਸਨ, ਜੋ ਟੀਮ ਇੰਡੀਆ ਲੈ ਨਹੀਂ ਸਕੀ ਅਤੇ ਇੱਕ ਘੰਟਾ ਪਹਿਲਾਂ ਹੀ ਦੋਵਾਂ ਟੀਮਾਂ ਨੇ ਆਪਸੀ ਸਹਿਮਤੀ ਨਾਲ ਮੈਚ ਨੂੰ ਡਰਾਅ ‘ਤੇ ਖ਼ਤਮ ਕਰਨ ਦਾ ਫੈਸਲਾ ਕੀਤਾ।
ਕਿੱਥੇ ਗਏ ਇਹ ਦੋਵੇਂ
ਇਸ ਡਰਾਅ ਤੋਂ ਬਾਅਦ ਬੀਸੀਸੀਆਈ ਦੇ ਸਾਬਕਾ ਚੇਅਰਮੈਨ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਇੱਕ ਪੋਸਟ ਕਰਦਿਆਂ ਦੋ ਖਿਡਾਰੀਆਂ ਨੂੰ ਯਾਦ ਕੀਤਾ। ਗਾਂਗੁਲੀ ਨੇ ਕਿਹਾ ਕਿ ਵਿਦੇਸ਼ ਵਿੱਚ ਟੈਸਟ ਮੈਚ ਜਿੱਤਣ ਲਈ ਫਲੈਟ ਪਿੱਚਾਂ ‘ਤੇ ਇੱਕ ਪੱਕੇ ਸਪਿਨਰ ਦੀ ਲੋੜ ਹੁੰਦੀ ਹੈ।
ਉਨ੍ਹਾਂ ਲਿਖਿਆ, “ਭਾਰਤ ਨੇ ਇਸ ਸੀਰੀਜ਼ ਵਿੱਚ ਸ਼ਾਨਦਾਰ ਖੇਡ ਦਿਖਾਈ ਹੈ। ਪਹਿਲਾਂ ਚਿੱਟੀ ਗੇਂਦ ਦੀ ਸੀਰੀਜ਼ ਵਿੱਚ ਅਤੇ ਹੁਣ ਲਾਲ ਗੇਂਦ ਦੀ ਸੀਰੀਜ਼ ਵਿੱਚ ਬੱਲੇਬਾਜ਼ੀ ਸ਼ਾਨਦਾਰ ਰਹੀ, ਪਰ ਉਨ੍ਹਾਂ ਨੂੰ ਸਮਝਣਾ ਹੋਵੇਗਾ ਕਿ ਬਾਹਰ ਟੈਸਟ ਮੈਚ ਜਿੱਤਣ ਲਈ ਤੁਹਾਨੂੰ ਇਸ ਤਰ੍ਹਾਂ ਦੀਆਂ ਫਲੈਟ ਪਿੱਚਾਂ ‘ਤੇ ਇੱਕ ਪੱਕੇ ਸਪਿਨਰ ਦੀ ਲੋੜ ਹੁੰਦੀ ਹੈ। ਤੁਹਾਨੂੰ ਟੈਸਟ ਕ੍ਰਿਕਟ ਵਿੱਚ ਇੱਕ ਤਾਂ ਖਿਡਾਉਣਾ ਹੀ ਹੋਵੇਗਾ। ਵਾਸ਼ਿੰਗਟਨ ਇੱਕ ਆਲਰਾਊਂਡਰ ਵਜੋਂ ਖੇਡ ਸਕਦੇ ਹਨ। ਕੁਲਦੀਪ ਅਤੇ ਮਾਨਵ ਸੁਥਾਰ ਕਿੱਥੇ ਹਨ ਬੀਸੀਸੀਆਈ?”
ਹੋਈ ਸੀ ਆਲੋਚਨਾ
ਟੀਮ ਇੰਡੀਆ ਨੇ ਇਸ ਮੈਚ ਵਿੱਚ ਰਵਿੰਦਰ ਜਡੇਜਾ ਦੀ ਥਾਂ ਸੁੰਦਰ ਨੂੰ ਪਲੇਇੰਗ-11 ਵਿੱਚ ਖਿਡਾਇਆ ਸੀ। ਟੀਮ ਦੇ ਇਸ ਫੈਸਲੇ ਦੀ ਜੰਮ ਕੇ ਆਲੋਚਨਾ ਹੋਈ ਸੀ। ਇਸ ਤੋਂ ਪਹਿਲਾਂ ਕੁਲਦੀਪ ਯਾਦਵ ਨੂੰ ਟੈਸਟ ਟੀਮ ਤੋਂ ਰਿਲੀਜ਼ ਕਰਕੇ ਗੁਰਨੂਰ ਬਰਾੜ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਫੈਸਲੇ ‘ਤੇ ਵੀ ਸਵਾਲ ਉੱਠੇ ਸਨ। ਜਡੇਜਾ ਬਤੌਰ ਆਲਰਾਊਂਡਰ ਅਤੇ ਇੱਕ ਸਪਿਨਰ ਵਜੋਂ ਸੁੰਦਰ ਤੋਂ ਬਿਹਤਰ ਹਨ ਅਤੇ ਉਹ ਇਸ ਗੱਲ ਨੂੰ ਸਾਬਤ ਕਰ ਚੁੱਕੇ ਹਨ। ਅਜਿਹੇ ਵਿੱਚ ਉਨ੍ਹਾਂ ਦੀ ਥਾਂ ਸੁੰਦਰ ਨੂੰ ਤਰਜੀਹ ਦੇਣਾ ਕਈ ਲੋਕਾਂ ਨੂੰ ਰੜਕਿਆ ਸੀ।
ਇਹੀ ਨਹੀਂ, ਇਸ ਮੈਚ ਵਿੱਚ ਮੁਹੰਮਦ ਸਿਰਾਜ ਨੂੰ ਵੀ ਬਾਹਰ ਬਿਠਾਇਆ ਗਿਆ ਸੀ ਅਤੇ ਟੀਮ ਦੇ ਇਸ ਫੈਸਲੇ ਦੀ ਵੀ ਜੰਮ ਕੇ ਆਲੋਚਨਾ ਹੋਈ ਸੀ ਅਤੇ ਅਜੇ ਵੀ ਹੋ ਹੀ ਰਹੀ ਹੈ।
