ਸਪੋਰਟਸ ਡੈਸਕ, ਨਵੀਂ ਦਿੱਲੀ ਮਾਰਚ 5 ( ਪੰਜਾਬੀ ਖਬਰਨਾਮਾ) : ਭਾਰਤ ਤੇ ਇੰਗਲੈਂਡ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਟੈਸਟ ਧਰਮਸ਼ਾਲਾ ‘ਚ 7 ਮਾਰਚ ਤੋਂ ਸ਼ੁਰੂ ਹੋਵੇਗਾ। ਭਾਰਤੀ ਟੀਮ ਰਾਂਚੀ ਟੈਸਟ ‘ਚ ਇੰਗਲਿਸ਼ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਤੇ ਪਹਿਲਾਂ ਹੀ 3-1 ਨਾਲ ਕਬਜ਼ਾ ਕਰ ਚੁੱਕੀ ਹੈ ਪਰ ਇੰਗਲੈਂਡ ਦੀ ਟੀਮ ਆਖ਼ਰੀ ਟੈਸਟ ਮੈਚ ਜਿੱਤ ਕੇ ਆਪਣੀ ਲਾਜ਼ ਬਚਾਉਣਾ ਚਾਹੇਗੀ।ਮੈਦਾਨ ‘ਤੇ ਕਦਮ ਰੱਖਦਿਆਂ ਹੀ ਭਾਰਤੀ ਟੀਮ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਇੰਗਲੈਂਡ ਦੇ ਜੌਨੀ ਬੇਅਰਸਟੋ ਖਾਸ ਸੈਂਕੜਾ ਲਗਾਉਣਗੇ। ਜਾਣਦੇ ਹਾਂ ਇਸ ਖਾਸ ਰਿਕਾਰਡ ਬਾਰੇ।ਦਰਅਸਲ ਭਾਰਤ ਬਨਾਮ ਇੰਗਲੈਂਡ (Ind vs Eng Test) ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪੰਜਵੇਂ ਟੈਸਟ ਮੈਚ ਵਿਚ ਰਵੀਚੰਦਰਨ ਅਸ਼ਵਿਨ ਅਤੇ ਇੰਗਲੈਂਡ ਦੇ ਜੌਨੀ ਬੇਅਰਸਟੋ ਖ਼ਾਸ ਰਿਕਾਰਡ ਆਪਣੇ ਨਾਂ ਕਰਨਗੇ। ਆਰ ਅਸ਼ਵਿਨ ਤੇ ਜੌਨੀ ਧਰਮਸ਼ਾਲਾ ਵਿਚ ਆਪਣਾ 100ਵਾਂ ਟੈਸਟ ਮੈਚ ਖੇਡਣ ਲਈ ਮੈਦਾਨ ਵਿਚ ਉਤਰਨਗੇ। ਟੈਸਟ ਕ੍ਰਿਕਟ ਦੇ 147 ਸਾਲਾਂ ਦੇ ਇਤਿਹਾਸ ਵਿਚ ਇਹ ਤੀਜੀ ਵਾਰ ਹੋਵੇਗਾ, ਜਦੋਂ ਦੋ ਵੱਖ-ਵੱਖ ਟੀਮਾਂ ਦੇ ਖਿਡਾਰੀ ਇੱਕੋ ਮੈਚ ਵਿਚ ਆਪਣੇ ਟੈਸਟ ਕਰੀਅਰ ਦਾ 100ਵਾਂ ਮੈਚ ਖੇਡਣਗੇ। ਇਸ ਤੋਂ ਪਹਿਲਾਂ ਅਜਿਹਾ ਕਾਰਨਾਮਾ ਸਾਲ 2013 ਤੇ 2006 ‘ਚ ਹੋ ਚੁੱਕਿਆ ਹੈ।ਸਾਲ 2006 ਵਿਚ ਸ਼ੌਨ ਪੋਲੌਕ ਅਤੇ ਸਟੀਫਨ ਫਲੇਮਿੰਗ ਨੇ ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ ਵਿਚਾਲੇ ਹੋਏ ਟੈਸਟ ਮੈਚ ਵਿਚ ਇਕੱਠਿਆਂ ਆਪਣਾ 100ਵਾਂ ਟੈਸਟ ਮੈਚ ਖੇਡਿਆ ਸੀ। ਸਾਲ 2013 ‘ਚ ਐਸ਼ੇਜ਼ ਸੀਰੀਜ਼ ‘ਚ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਮੈਚ ‘ਚ ਐਲਿਸਟੇਅਰ ਕੁੱਕ ਅਤੇ ਮਾਈਕਲ ਕਲਾਰਕ ਨੇ ਆਪਣਾ 100ਵਾਂ ਟੈਸਟ ਮੈਚ ਖੇਡਿਆ ਸੀ।ਜੇ ਅਸ਼ਵਿਨ ਦੇ ਟੈਸਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ 99 ਟੈਸਟ ਮੈਚ ਖੇਡਦਿਆਂ 507 ਵਿਕਟਾਂ ਲਈਆਂ ਹਨ, ਜਿਸ ‘ਚ ਉਨ੍ਹਾਂ ਦੀ ਔਸਤ 23 ਰਹੀ ਹੈ। ਉਸ ਦੇ ਸਰਵੋਤਮ ਗੇਂਦਬਾਜ਼ੀ ਅੰਕੜੇ 7/59 ਸਨ। ਇਸ ਦੇ ਨਾਲ ਹੀ ਜੌਨੀ ਬੇਅਰਸਟੋ ਨੇ ਟੈਸਟ ‘ਚ 99 ਮੈਚ ਖੇਡਦਿਆਂ ਬੱਲੇਬਾਜ਼ੀ ਕਰਦੇ ਹੋਏ 5974 ਦੌੜਾਂ ਬਣਾਈਆਂ ਹਨ।