ਨਵੀਂ ਦਿੱਲੀ 03 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਨਿਊਜ਼ੀਲੈਂਡ ਖ਼ਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਇਕ ਰੋਜ਼ਾ ਲੜੀ ਤੋਂ ਪਹਿਲਾਂ, ਭਾਰਤੀ ਟੀਮ ਪ੍ਰਬੰਧਨ ਨੂੰ ਆਪਣੀ ਤੇਜ਼ ਗੇਂਦਬਾਜ਼ੀ ਨੂੰ ਲੈ ਕੇ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੇਂਦਬਾਜ਼ ਗੁਰਨੂਰ ਬਰਾੜ, ਅੰਸ਼ੁਲ ਕੰਬੋਜ, ਆਕਿਬ ਨਬੀ ਤੇ ਯਸ਼ ਠਾਕੁਰ ਕੋਲ ਮਿਲ ਕੇ ਸਿਰਫ਼ 11 ਵਨਡੇ ਮੈਚਾਂ ਦਾ ਤਜਰਬਾ ਹੈ। ਨਤੀਜੇ ਵਜੋਂ, ਭਾਰਤੀ ਗੇਂਦਬਾਜ਼ਾਂ ਨੂੰ ਨਿਊਜ਼ੀਲੈਂਡ ਦੀ ਟੀਮ ਜਿਸ ਨੂੰ ਤਜਰਬੇਕਾਰ ਤੇ ਸੰਤੁਲਿਤ ਮੰਨਿਆ ਜਾਂਦਾ ਹੈ, ਦੇ ਖਿਲਾਫ ਸਖ਼ਤ ਇਮਤਿਹਾਨ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਨੂੰ ਇੱਕ ਮੁਕਾਬਲਤਨ ਕਮਜ਼ੋਰ ਤੇ ਤਜਰਬੇਹੀਣ ਗੇਂਦਬਾਜ਼ੀ ਲਾਈਨਅੱਪ ਨਾਲ ਮੈਦਾਨ ’ਚ ਉਤਰਨਾ ਪੈ ਸਕਦਾ ਹੈ ਤੇ ਟੀਮ ਨੂੰ ਯਕੀਨੀ ਤੌਰ ’ਤੇ ਜਸਪ੍ਰੀਤ ਬੁਮਰਾਹ ਦੀ ਕਮੀ ਮਹਿਸੂਸ ਹੋਵੇਗੀ।

ਭਾਰਤ ਦੀ ਵਨਡੇ ਟੀਮ ’ਚ ਸ਼ਾਮਲ ਸਾਰੇ ਗੇਂਦਬਾਜ਼ ਨਿਊਜ਼ੀਲੈਂਡ ’ਚ ਆਪਣੀ ਪਹਿਲੀ ਵਨਡੇ ਲੜੀ ਖੇਡਣ ਜਾ ਰਹੇ ਹਨ। ਇਸ ਤੋਂ ਇਲਾਵਾ, ਟੀਮ ਦੇ ਸਭ ਤੋਂ ਤਜਰਬੇਕਾਰ ਤੇਜ਼ ਗੇਂਦਬਾਜ਼, ਮੁਹੰਮਦ ਸਿਰਾਜ, ਟੈਸਟ ਕ੍ਰਿਕਟ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਸ਼ਾਇਦ ਪਹਿਲੇ ਤਿੰਨ ਮੈਚਾਂ ਤੋਂ ਬਾਅਦ ਟੀਮ ਛੱਡ ਦੇਣਗੇ। ਇਸ ਦੌਰਾਨ, ਟੀਮ ਦੇ ਇਕਲੌਤੇ ਆਲ-ਰਾਊਂਡਰ, ਨਿਤੀਸ਼ ਕੁਮਾਰ ਰੈੱਡੀ, ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀਆਂ ਤਿਆਰੀਆਂ ’ਤੇ ਧਿਆਨ ਦੇਣ ਲਈ ਪਹਿਲੇ ਵਨਡੇ ਤੋਂ ਬਾਅਦ ਟੀਮ ਤੋਂ ਵੱਖ ਹੋ ਸਕਦੇ ਹਨ। ਅਜਿਹੀ ਸਥਿਤੀ ’ਚ ਅਰਸ਼ਦੀਪ ਸਿੰਘ ਜਿਨ੍ਹਾਂ ਨੇ 18 ਇਕ ਰੋਜ਼ਾ ਮੈਚ ਖੇਡੇ ਹਨ, ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲਣਗੇ। ਬਾਕੀ ਖਿਡਾਰੀਆਂ ’ਚੋਂ ਗੁਰਨੂਰ ਬਰਾੜ ਨੇ 9 ਵਨਡੇ ਖੇਡੇ ਹਨ, ਜਦ ਕਿ ਅੰਸ਼ੁਲ ਕੰਬੋਜ ਤੇ ਆਕਿਬ ਨਬੀ ਨੇ ਇੱਕ-ਇੱਕ ਵਨਡੇ ਖੇਡਿਆ ਹੈ। ਯਸ਼ ਠਾਕੁਰ, ਜਿਨ੍ਹਾਂ ਨੇ ਅਜੇ ਤੱਕ ਵਨਡੇ ’ਚ ਡੈਬਿਊ ਨਹੀਂ ਕੀਤਾ ਹੈ, ਨੂੰ ਆਖਰੀ ਦੋ ਮੈਚਾਂ ਲਈ ਚੁਣਿਆ ਗਿਆ ਹੈ। ਹਾਲਾਂਕਿ ਸਿਰਾਜ ਕੋਲ 51 ਇਕ ਰੋਜ਼ਾ ਮੈਚਾਂ ’ਚ 77 ਵਿਕਟਾਂ ਲੈਣ ਦਾ ਤਜਰਬਾ ਹੈ ਪਰ ਉਨ੍ਹਾਂ ਦੀ ਉਪਲੱਬਧਤਾ ਸੀਮਤ ਰਹਿਣ ਦੀ ਸੰਭਾਵਨਾ ਹੈ।

ਤੀਜੇ ਤੇਜ਼ ਗੇਂਦਬਾਜ਼ ਦੀ ਚੋਣ ਦੀ ਚੁਣੌਤੀ

ਭਾਰਤ ਲਈ ਇੱਕ ਅਹਿਮ ਸਵਾਲ ਤੀਜੇ ਤੇਜ਼ ਗੇਂਦਬਾਜ਼ ਦੀ ਚੋਣ ਦਾ ਹੋਵੇਗਾ, ਖਾਸ ਤੌਰ ’ਤੇ ਉਨ੍ਹਾਂ ਮੈਦਾਨਾਂ ’ਤੇ ਜਿੱਥੇ ਹਾਲਾਤ ਬੱਲੇਬਾਜ਼ਾਂ ਦੇ ਹੱਕ ’ਚ ਹੁੰਦੇ ਹਨ ਜਿਵੇਂ ਕਿ ਆਕਲੈਂਡ ਦਾ ਈਡਨ ਪਾਰਕ। ਇੱਥੇ ਬਾਊਂਡਰੀਆਂ ਨਿਊਜ਼ੀਲੈਂਡ ਦੀ ਕੌਮੀ ਖੇਡ ‘ਰਗਬੀ’ ਨੂੰ ਧਿਆਨ ’ਚ ਰੱਖ ਕੇ ਤੈਅ ਕੀਤੀਆਂ ਗਈਆਂ ਹਨ, ਨਤੀਜੇ ਵਜੋਂ ਕ੍ਰਿਕਟ ਮੈਦਾਨ ਦੀ ਘੱਟ ਚੌੜਾਈ ਕਾਰਨ ਦੋ ਦੌੜਾਂ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਬੱਲੇਬਾਜ਼ਾਂ ਲਈ ਇੱਕ ਦੌੜ ਲੈਣਾ ਜਾਂ ਗੇਂਦ ਨੂੰ ਸਿੱਧਾ ਬਾਊਂਡਰੀ ਦੇ ਪਾਰ ਮਾਰਨਾ ਵਧੇਰੇ ਵਿਹਾਰਕ ਵਿਕਲਪ ਹੁੰਦੇ ਹਨ। ਇਹ ਲਗਭਗ ਤੈਅ ਹੈ ਕਿ ਸਿਰਾਜ ਤੇ ਅਰਸ਼ਦੀਪ ਖੇਡਣਗੇ। ਤੀਜੇ ਤੇਜ਼ ਗੇਂਦਬਾਜ਼ ਦੀ ਜਗ੍ਹਾ ਲਈ ਗੁਰਨੂਰ, ਕੰਬੋਜ ਤੇ ਨਬੀ ਵਿਚਕਾਰ ਮੁਕਾਬਲਾ ਹੋਵੇਗਾ।

ਗੁਰਨੂਰ ਨੇ ਨੌਂ ਵਨਡੇ ਮੈਚ ਖੇਡੇ ਹਨ, ਪਰ ਉਸ ਦੀ ਇਕਾਨਮੀ ਰੇਟ 7.71 ਦੌੜਾਂ ਪ੍ਰਤੀ ਓਵਰ ਰਹੀ ਹੈ। ਛੇ ਫੁੱਟ ਪੰਜ ਇੰਚ ਕੱਦ ਹੋਣ ਕਾਰਨ, ਉਸ ਕੋਲ ਵਾਧੂ ਰਫ਼ਤਾਰ ਤੇ ਉਛਾਲ (ਬਾਊਂਸ) ਪੈਦਾ ਕਰਨ ਦੀ ਸਮਰੱਥਾ ਹੈ। ਹਾਲਾਂਕਿ ਉਸ ਦੀ ਗੇਂਦਬਾਜ਼ੀ ਦੀ ਲੰਬਾਈ (ਲੈਂਥ) ਅਕਸਰ ਥੋੜ੍ਹੀ ਛੋਟੀ ਰਹਿ ਜਾਂਦੀ ਹੈ, ਜਿਸ ਦਾ ਮਤਲਬ ਹੈ ਕਿ ਬੱਲੇਬਾਜ਼ਾਂ ਦੇ ਗਲਤ ਸ਼ਾਟ ਵੀ ਛੱਕਿਆਂ ’ਚ ਬਦਲ ਸਕਦੇ ਹਨ। ਕੰਬੋਜ ਤੇ ਨਬੀ ਲਗਪਗ 135 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੇ ਹਨ, ਪਰ ਅੰਤਰਰਾਸ਼ਟਰੀ ਕ੍ਰਿਕਟ ’ਚ ਉਨ੍ਹਾਂ ਦਾ ਸੀਮਤ ਤਜਰਬਾ ਇਕ ਚੁਣੌਤੀ ਬਣ ਸਕਦਾ ਹੈ। ਦਬਾਅ ਹੇਠ ਸਹੀ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਉਨ੍ਹਾਂ ਲਈ ਇੱਕ ਵੱਡੀ ਪ੍ਰੀਖਿਆ ਹੋਵੇਗੀ। ਚਾਰ ਨਵੇਂ ਗੇਂਦਬਾਜ਼ਾਂ ’ਚੋਂ ਯਸ਼ ਠਾਕੁਰ ਇੱਕ ਵੱਖਰੀ ਕਿਸਮ ਦੀ ਵਿਭਿੰਨਤਾ ਪ੍ਰਦਾਨ ਕਰਦਾ ਹੈ। ਉਹ ਆਪਣੀ ਰਫ਼ਤਾਰ ਬਦਲਣ ਤੇ ਸਟੀਕ ਗੇਂਦਾਂ ਸੁੱਟਣ ’ਚ ਸਮਰੱਥ ਹੈ, ਜਿਸ ’ਚ ਰਵਾਇਤੀ ਤੇ ਵਾਈਡ ਯਾਰਕਰ ਸ਼ਾਮਲ ਹਨ। ਹਾਲਾਂਕਿ, ਉਹ ਪਹਿਲੇ ਦੋ ਮੈਚਾਂ ਲਈ ਉਪਲੱਬਧ ਨਹੀਂ ਹੈ।

ਕੁਲਦੀਪ ਨੂੰ ਮੌਕਾ ਮਿਲ ਸਕਦਾ ਹੈ

ਭਾਰਤ ਦੇ ਮੌਜੂਦਾ ਵਨਡੇ ਸੈੱਟਅੱਪ ’ਚ ਸਭ ਤੋਂ ਸਫਲ ਗੇਂਦਬਾਜ਼, ਕੁਲਦੀਪ ਯਾਦਵ ਵੀ ਟੀਮ ਦੇ ਗਠਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਹਨ। 124 ਵਨਡੇ ਮੈਚਾਂ ’ਚ 201 ਵਿਕਟਾਂ ਲੈਣ ਵਾਲੇ ਕੁਲਦੀਪ ਦੀ ਚੋਣ, ਉਪ-ਮਹਾਂਦੀਪ ਤੋਂ ਬਾਹਰਲੇ ਹਾਲਾਤਾਂ ’ਚ ਟੀਮ ਦੇ ਸਮੁੱਚੇ ਸੰਤੁਲਨ ’ਤੇ ਨਿਰਭਰ ਕਰ ਸਕਦੀ ਹੈ। ਮੁੱਖ ਕੋਚ ਗੌਤਮ ਗੰਭੀਰ ਦੀ ਰਣਨੀਤੀ ਇਹ ਰਹੀ ਹੈ ਕਿ ਬੱਲੇਬਾਜ਼ੀ ਕ੍ਰਮ ਅੱਠਵੇਂ ਨੰਬਰ ਤੱਕ ਮਜ਼ਬੂਤ ਰਹੇ, ਜਿਸ ਕਾਰਨ ਕੁਲਦੀਪ ਲਈ ਪਲੇਇੰਗ ਇਲੈਵਨ (ਖੇਡਣ ਵਾਲੀ ਟੀਮ) ’ਚ ਜਗ੍ਹਾ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ। ਫਿਰ ਵੀ ਹਾਲਾਂਕਿ ਉਸ ਨੂੰ ਟੀ-20 ਲੜੀ ਦੌਰਾਨ ਬੈਂਚ ’ਤੇ ਬੈਠਣਾ ਪਿਆ ਸੀ, ਪਰ ਟੀਮ ਪ੍ਰਬੰਧਨ ਉਸ ਨੂੰ ਇਕ ਰੋਜ਼ਾ ਮੈਚਾਂ ’ਚ ਮੌਕਾ ਦੇ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।