ਨਵੀਂ ਦਿੱਲੀ 03 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਵੀ ਕ੍ਰਿਕਟ ਮੈਚ ਹੁੰਦਾ ਹੈ ਤਾਂ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਮੁਕਾਬਲੇ ‘ਤੇ ਟਿਕ ਜਾਂਦੀਆਂ ਹਨ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਟੀਵੀ ਸਕ੍ਰੀਨਾਂ ਸਾਹਮਣੇ ਬੈਠ ਜਾਂਦੇ ਹਨ। ਕਈ ਪ੍ਰਸ਼ੰਸਕ ਇਸ ਮੈਚ ਦਾ ਸਟੇਡੀਅਮ ਵਿੱਚ ਬੈਠ ਕੇ ਆਨੰਦ ਲੈਣਾ ਚਾਹੁੰਦੇ ਹਨ। ਅਗਲੇ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ-2027 ਵਿੱਚ ਵੀ ਦੋਵੇਂ ਟੀਮਾਂ ਵਿਚਾਲੇ ਮੁਕਾਬਲਾ ਹੋਣਾ ਹੈ ਅਤੇ ਇੱਕ ਵਾਰ ਫਿਰ ਪ੍ਰਸ਼ੰਸਕਾਂ ਦੀ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ।

ਅਗਲੇ ਸਾਲ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਦੀ ਸਾਂਝੀ ਮੇਜ਼ਬਾਨੀ ਵਿੱਚ ਵਨਡੇ ਵਿਸ਼ਵ ਕੱਪ ਕਰਵਾਇਆ ਜਾਣਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੁਕਾਬਲਾ ਜੋਹਾਨਸਬਰਗ ਦੇ ਵਾਂਡਰਰਜ਼ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ 10 ਅਕਤੂਬਰ ਨੂੰ ਹੋਣਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਦੁਨੀਆ ਭਰ ਦੇ ਪ੍ਰਸ਼ੰਸਕ ਇਸ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਪ੍ਰਸ਼ੰਸਕਾਂ ਦੀ ਦੀਵਾਨਗੀ ਨੇ ਤੋੜੇ ਸਾਰੇ ਰਿਕਾਰਡ

ਸਟੇਡੀਅਮ ਵਿੱਚ ਇਹ ਮੁਕਾਬਲਾ ਹੋਣਾ ਹੈ, ਉੱਥੇ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਸਿਰਫ਼ 34,000 ਹੈ। ਯਾਨੀ ਇਸ ਤੋਂ ਵੱਧ ਲੋਕ ਸਟੇਡੀਅਮ ਵਿੱਚ ਮੈਚ ਨਹੀਂ ਦੇਖ ਸਕਦੇ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਇਸ ਮੈਚ ਲਈ ਹੁਣ ਤੱਕ 84 ਲੱਖ ਲੋਕ ਟਿਕਟਾਂ ਦੀ ਮੰਗ ਕਰ ਚੁੱਕੇ ਹਨ।

ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਦੇ ਅਨੁਸਾਰ, ਭਾਰਤ-ਪਾਕਿਸਤਾਨ ਮੈਚ ਲਈ ਹੁਣ ਤੱਕ 83,97,294 ਟਿਕਟਾਂ ਦੀ ਮੰਗ ਆ ਚੁੱਕੀ ਹੈ।

ਇਹ ਗਿਣਤੀ ਸਟੇਡੀਅਮ ਦੀ ਕੁੱਲ ਸਮਰੱਥਾ ਨਾਲੋਂ ਕਿਤੇ ਜ਼ਿਆਦਾ ਹੈ, ਜਦਕਿ ਮੈਚ ਹੋਣ ਵਿੱਚ ਅਜੇ ਪੂਰਾ ਇੱਕ ਸਾਲ ਬਾਕੀ ਹੈ। ਇਸੇ ਸਟੇਡੀਅਮ ਵਿੱਚ 21 ਨਵੰਬਰ ਨੂੰ ਵਨਡੇ ਵਿਸ਼ਵ ਕੱਪ ਦਾ ਫਾਈਨਲ ਵੀ ਖੇਡਿਆ ਜਾਣਾ ਹੈ। ਇਸ ਫਾਈਨਲ ਮੈਚ ਲਈ ਵੀ 79 ਲੱਖ ਟਿਕਟਾਂ ਦੀ ਮੰਗ ਆ ਚੁੱਕੀ ਹੈ।

ਭਾਰਤ ਤੇ ਪਾਕਿਸਤਾਨ ਵਿਚਾਲੇ ਘੱਟ ਖੇਡੇ ਜਾਂਦੇ ਹਨ ਮੈਚ

ਅੰਤਰਰਾਸ਼ਟਰੀ ਪੱਧਰ ‘ਤੇ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਤ ਘੱਟ ਕ੍ਰਿਕਟ ਮੁਕਾਬਲੇ ਖੇਡੇ ਜਾਂਦੇ ਹਨ। ਦੋਵੇਂ ਟੀਮਾਂ ਆਮ ਤੌਰ ‘ਤੇ ICC ਦੇ ਟੂਰਨਾਮੈਂਟਾਂ ਜਾਂ ਏਸ਼ੀਆ ਕੱਪ ਵਿੱਚ ਹੀ ਇੱਕ-ਦੂਜੇ ਦੇ ਸਾਹਮਣੇ ਆਉਂਦੀਆਂ ਹਨ।

ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਸਬੰਧ ਕਾਫ਼ੀ ਖ਼ਰਾਬ ਹੋ ਚੁੱਕੇ ਹਨ, ਜਿਸ ਕਾਰਨ ਦੁਵੱਲੀਆਂ ਕ੍ਰਿਕਟ ਸੀਰੀਜ਼ ਨਹੀਂ ਖੇਡੀਆਂ ਜਾਂਦੀਆਂ।

ICC ਦੇ ਟੂਰਨਾਮੈਂਟਾਂ ਵਿੱਚ ਭਾਰਤ ਦਾ ਪਲੜਾ ਹਮੇਸ਼ਾ ਪਾਕਿਸਤਾਨ ‘ਤੇ ਭਾਰੀ ਰਿਹਾ ਹੈ। ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਅੱਜ ਤੱਕ ਭਾਰਤ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਇਆ। ਉੱਥੇ ਹੀ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਨੂੰ ਸਿਰਫ਼ ਇੱਕ ਵਾਰ ਹੀ ਭਾਰਤ ਖ਼ਿਲਾਫ਼ ਜਿੱਤ ਮਿਲੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।