ਨਵੀਂ ਦਿੱਲੀ 28 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਸਰਕਾਰ ਵਿਰੋਧੀ ਪੋਸਟਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਦਾਅਵਾ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਮੈਂਬਰ ਅਭਿਜੀਤ ਦੀਪਕੇ ਨੇ ਕੀਤਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਲੋਕਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਲਾਇਆ ਹੈ।
ਬੁੱਧਵਾਰ ਸਵੇਰੇ ਇੱਕ ਪੋਸਟ ਵਿੱਚ ਦੀਪਕੇ ਨੇ ਦੋਸ਼ ਲਾਇਆ ਕਿ ਸਰਕਾਰ ਹਰ ਰੋਜ਼ ਹਜ਼ਾਰਾਂ ਅਜਿਹੀਆਂ ਪੋਸਟਾਂ ਹਟਾ ਰਹੀ ਹੈ, ਜਿਨ੍ਹਾਂ ਵਿੱਚ ਸਰਕਾਰ ਦੀ ਆਲੋਚਨਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੰਸਟਾਗ੍ਰਾਮ ’ਤੇ ਕੀਤੀ ਜਾ ਰਹੀ ਇਹ ਕਾਰਵਾਈ ਕਾਮਯਾਬ ਨਹੀਂ ਹੋਵੇਗੀ।
ਅਕਾਊਂਟ ਹਟਾਉਣ ਨਾਲ ਸਵਾਲ ਖ਼ਤਮ ਨਹੀਂ ਹੋਣਗੇ
ਕਿਹਾ ਕਿ ਸਰਕਾਰ ਹਰ ਰੋਜ਼ ਹਜ਼ਾਰਾਂ ਪੋਸਟਾਂ ਅਤੇ ਅਕਾਊਂਟ ਹਟਾ ਰਹੀ ਹੈ, ਪਰ ਲੱਗਦਾ ਹੈ ਕਿ ਉਹ ਇੱਕ ਬੁਨਿਆਦੀ ਗੱਲ ਭੁੱਲ ਰਹੀ ਹੈ। ਇੰਸਟਾਗ੍ਰਾਮ ਸਿਰਫ਼ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਲੋਕ ਆਪਣੇ ਸਵਾਲ ਉਠਾਉਂਦੇ ਹਨ। ਇਨ੍ਹਾਂ ਸਵਾਲਾਂ ਦੇ ਪਿੱਛੇ ਦੇ ਕਾਰਨ ਸੋਸ਼ਲ ਮੀਡੀਆ ਤੋਂ ਕਿਤੇ ਬਾਹਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਕਾਊਂਟ ਹਟਾਉਣ ਨਾਲ ਇਹ ਸਵਾਲ ਖ਼ਤਮ ਨਹੀਂ ਹੋ ਜਾਣਗੇ।
ਸੈਂਸਰਸ਼ਿਪ ਨਾਲ ਵਧੇਗਾ ਬੇਭਰੋਸਾ
ਦੀਪਕੇ ਨੇ ਸਰਕਾਰ ਨੂੰ ਕਿਹਾ ਕਿ ਸੈਂਸਰਸ਼ਿਪ ਨਾਲ ਲੋਕਾਂ ਦਾ ਬੇਭਰੋਸਾ ਹੋਰ ਵਧੇਗਾ। ਇਸ ਸਬੰਧੀ ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਸ ਸੈਂਸਰਸ਼ਿਪ ਕਾਰਨ ਉਨ੍ਹਾਂ ਲੋਕਾਂ ਦੇ ਮਨਾਂ ਵਿੱਚ ਹੋਰ ਵੀ ਜ਼ਿਆਦਾ ਬੇਭਰੋਸਾ ਪੈਦਾ ਹੋਣ ਦਾ ਖ਼ਤਰਾ ਹੈ, ਜਿਨ੍ਹਾਂ ਪ੍ਰਤੀ ਸਰਕਾਰ ਜਵਾਬਦੇਹ ਹੈ।
ਆਸ਼ੂਤੋਸ਼ ਰਾਂਕਾ ਨੇ ਵੀ ਲਾਇਆ ਦੋਸ਼
ਅਭਿਜੀਤ ਦੀਪਕੇ ਦੇ ਸਹਿਯੋਗੀ ਆਸ਼ੂਤੋਸ਼ ਰਾਂਕਾ ਨੇ ਵੀ ਇਸੇ ਤਰ੍ਹਾਂ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਪੋਸਟਾਂ ਨੂੰ ਬਲੌਕ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਹਜ਼ਾਰਾਂ ਇੰਸਟਾਗ੍ਰਾਮ ਅਕਾਊਂਟਾਂ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਲੱਖਾਂ ਵੀਡੀਓਜ਼ ਹਟਾਈਆਂ ਗਈਆਂ ਹਨ।
ਸਰਕਾਰ ਵਿਰੋਧੀ ਪੋਸਟਾਂ ਹੋ ਰਹੀਆਂ ਹਨ ਬਲੌਕ
ਇਸ ਤੋਂ ਪਹਿਲਾਂ ਵੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਕਈ ਲੋਕਾਂ ਨੇ ਦੋਸ਼ ਲਾਇਆ ਸੀ ਕਿ ਸਰਕਾਰ ਉਨ੍ਹਾਂ ਦੀਆਂ ਪੋਸਟਾਂ ਨੂੰ ਬਲੌਕ ਕਰ ਰਹੀ ਹੈ। ਹੁਣ ਇਸ ਲੜੀ ਵਿੱਚ ਸੀਜੇਪੀ ਦੇ ਆਗੂਆਂ ਨੇ ਵੀ ਆਵਾਜ਼ ਉਠਾਈ ਹੈ।
ਵਿਅੰਗਕਾਰ ਅਤੇ ਗੀਤਕਾਰ ਵਰੁਣ ਗਰੋਵਰ ਨੇ ਸ਼ਿਕਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਵਿਤਾ ਵਾਲੀ ਇੱਕ ਪੋਸਟ ਇੰਸਟਾਗ੍ਰਾਮ ਨੇ ਹਟਾ ਦਿੱਤੀ ਹੈ। ਇਹ ਇੱਕ ਵਿਅੰਗਮਈ ਕਵਿਤਾ ਸੀ, ਜਿਸ ਨੂੰ ਗਰੋਵਰ ਨੇ ਸਰਕਾਰ ਦੇ ‘2047 ਵਿਕਸਿਤ ਭਾਰਤ’ ਦੇ ਵਾਅਦੇ ’ਤੇ ਲਿਖਿਆ ਸੀ।
ਸਰਕਾਰ ’ਤੇ ਕੱਸਿਆ ਤਨਜ਼
ਗਰੋਵਰ ਨੇ ਐਕਸ ’ਤੇ ਇੰਸਟਾਗ੍ਰਾਮ ਵੱਲੋਂ ਭੇਜੇ ਗਏ ਸੁਨੇਹੇ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ। ਉਨ੍ਹਾਂ ਨੇ ਤਨਜ਼ ਕਰਦਿਆਂ ਲਿਖਿਆ ਕਿ ਇੱਕ ਡਰਪੋਕ ਸਰਕਾਰ ਨੇ ਇਸ ਮਾਸੂਮ ਜਿਹੀ ਕਵਿਤਾ ਦੇ ਸੰਗੀਤਮਈ ਰੂਪ ਨੂੰ ਇੰਸਟਾਗ੍ਰਾਮ ਤੋਂ ਹਟਵਾ ਦਿੱਤਾ ਹੈ। ਸ਼ਾਇਦ 2047 ਵਿੱਚ ਇਹ ਪਾਬੰਦੀ ਹਟਾ ਦਿੱਤੀ ਜਾਵੇਗੀ।
ਵਰੁਣ ਗਰੋਵਰ ਦੀ ਪੋਸਟ ’ਤੇ ਇੰਸਟਾਗ੍ਰਾਮ ਵੱਲੋਂ ਭੇਜੇ ਗਏ ਸੁਨੇਹੇ ਵਿੱਚ ਲਿਖਿਆ ਸੀ ਕਿ ਭਾਰਤ ਦੇ ਕਾਨੂੰਨ (ਆਈਟੀ ਐਕਟ) ਤਹਿਤ ਇਸ ਸਮੱਗਰੀ ’ਤੇ ਪਾਬੰਦੀ ਲਗਾਈ ਗਈ ਹੈ।
ਕੇਂਦਰ ਸਰਕਾਰ ’ਤੇ ਮਨਮਾਨੀ ਕਰਨ ਦਾ ਦੋਸ਼
ਇੱਕ ਹੋਰ ਵਿਅੰਗਕਾਰ ‘ਦੇਸ਼ਭਗਤ’ ਨੇ ਵੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਸਮੱਗਰੀ ਨੂੰ ਸੈਂਸਰ ਕੀਤਾ ਗਿਆ ਹੈ। ਉਨ੍ਹਾਂ ਨੇ ਗੁੱਸੇ ਵਿੱਚ ਇੱਕ ਪੋਸਟ ਲਿਖ ਕੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਬੌਖਲਾ ਗਈ ਹੈ ਅਤੇ ਇੰਸਟਾਗ੍ਰਾਮ ’ਤੇ ਮਨਮਾਨੀ ਕਰ ਰਹੀ ਹੈ। ਇੱਥੋਂ ਤੱਕ ਕਿ ਚੁਟਕਲਿਆਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ।
ਲਾਈਵ ਲਾਅ ਦੀਆਂ ਰੀਲਾਂ ਹਟਾਉਣ ਦਾ ਮਾਮਲਾ ਵੀ ਆਇਆ ਸਾਹਮਣੇ
ਕਾਨੂੰਨੀ ਖ਼ਬਰਾਂ ਦੇਣ ਵਾਲੀ ਵੈੱਬਸਾਈਟ ‘ਲਾਈਵ ਲਾਅ’ ਨੇ ਵੀ ਦੱਸਿਆ ਕਿ ਉਸ ਦੀ ਇੱਕ ਪੋਸਟ ਹਟਾ ਦਿੱਤੀ ਗਈ ਹੈ। ਵੈੱਬਸਾਈਟ ਨੇ ਕਿਹਾ ਕਿ ਇੰਸਟਾਗ੍ਰਾਮ ਨੇ ਉਸ ਦੇ ਅਧਿਕਾਰਤ ਪੇਜ ’ਤੇ ਚੋਣ ਕਮਿਸ਼ਨ ਦੇ ਹਲਫ਼ਨਾਮੇ ਬਾਰੇ ਪਾਈ ਗਈ ਰੀਲ ਹਟਾ ਦਿੱਤੀ ਹੈ। ਇਹ ਰੀਲ ਸਿਰਫ਼ ਕਮਿਸ਼ਨ ਦਾ ਪੱਖ ਸਮਝਾਉਣ ਲਈ ਸੀ।
ਇੰਸਟਾਗ੍ਰਾਮ ਨੇ ਰੀਲ ਹਟਾਉਂਦੇ ਹੋਏ ਕਿਹਾ, “ਸਾਨੂੰ ਇਸ ਸਮੱਗਰੀ ’ਤੇ ਪਾਬੰਦੀ ਲਗਾਉਣ ਲਈ ਇੱਕ ਕਾਨੂੰਨੀ ਬੇਨਤੀ ਮਿਲੀ ਹੈ।”
ਦੱਸ ਦੇਈਏ ਕਿ ਸੀਜੇਪੀ (CJP) ਦੀ ਸ਼ੁਰੂਆਤ ਇੱਕ ਇੰਸਟਾਗ੍ਰਾਮ ਮੁਹਿੰਮ ਵਜੋਂ ਹੋਈ ਸੀ।
