ਨਵੀਂ ਦਿੱਲੀ 27 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : E20 Petrol News: ਜੇਕਰ ਤੁਸੀਂ ਵੀ ਇਹ ਸੋਚ ਰਹੇ ਹੋ ਕਿ ਆਉਣ ਵਾਲੇ ਸਮੇਂ ‘ਚ ਪੈਟਰੋਲ ‘ਚ ਈਥਾਨੌਲ ਦੀ ਮਾਤਰਾ 20 ਫ਼ੀਸਦੀ (E20 ਪੈਟਰੋਲ) ਤੋਂ ਹੋਰ ਵਧਾਈ ਜਾਵੇਗੀ, ਤਾਂ ਕੇਂਦਰ ਸਰਕਾਰ ਨੇ ਇਸ ਬਾਰੇ ਸਥਿਤੀ ਬਿਲਕੁਲ ਸਪੱਸ਼ਟ ਕਰ ਦਿੱਤੀ ਹੈ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਪੈਟਰੋਲ ‘ਚ ਈਥਾਨੌਲ ਦੀ ਮਿਲਾਵਟ ਨੂੰ ਮੌਜੂਦਾ 20 ਫ਼ੀਸਦੀ ਦੇ ਪੱਧਰ ਤੋਂ ਅੱਗੇ ਵਧਾਉਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ। ਦੱਖਣੀ ਗੋਆ ਦੇ ਬੇਤੁਲ ਪਿੰਡ ‘ਚ ਕਰਵਾਈ ਗਈ 29ਵੀਂ ਊਰਜਾ ਤਕਨਾਲੋਜੀ ਅਤੇ ਨਵੀਨਤਾ ਕਾਨਫਰੰਸ ਦੇ ਉਦਘਾਟਨ ਮੌਕੇ ਪੁਰੀ ਨੇ ਇਹ ਅਹਿਮ ਜਾਣਕਾਰੀ ਦਿੱਤੀ।
ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਉਨ੍ਹਾਂ ਅਫ਼ਵਾਹਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ, ਜਿਨ੍ਹਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ E20 ਪੈਟਰੋਲ (20 ਫ਼ੀਸਦੀ ਈਥਾਨੌਲ ਅਤੇ 80 ਫ਼ੀਸਦੀ ਪੈਟਰੋਲ) ਨਾਲ ਗੱਡੀਆਂ ਦੇ ਇੰਜਣ ਖ਼ਰਾਬ ਹੋ ਰਹੇ ਹਨ ਅਤੇ ਸਰਕਾਰ ਨੇ ਇਸ ਦੀ ਵਿਕਰੀ ਬੰਦ ਕਰ ਦਿੱਤੀ ਹੈ। ਮੰਤਰੀ ਨੇ ਸਪੱਸ਼ਟ ਸ਼ਬਦਾਂ ‘ਚ ਇਸ ਗ਼ਲਤ ਜਾਣਕਾਰੀ ਨੂੰ ਇੱਕ ‘ਮਨਘੜਤ ਕਹਾਣੀ’ ਕਰਾਰ ਦਿੱਤਾ।
ਪੁਰੀ ਨੇ ਅਫ਼ਵਾਹ ‘ਤੇ ਕੱਸਿਆ ਤਨਜ਼
ਇਸ ਅਫ਼ਵਾਹ ਦੀ ਪੋਲ ਖੋਲ੍ਹਦਿਆਂ ਪੁਰੀ ਨੇ ਤਨਜ਼ ਕਰਦਿਆਂ ਕਿਹਾ, ‘ਦੇਸ਼ ‘ਚ ਹਰ ਰੋਜ਼ ਲਗਭਗ 6 ਕਰੋੜ ਵਾਹਨ ਪੈਟਰੋਲ ਪੰਪਾਂ ‘ਤੇ ਈਂਧਨ ਭਰਵਾਉਣ ਜਾਂਦੇ ਹਨ। ਜੇਕਰ E20 ਈਂਧਨ ਨਾਲ ਸੱਚਮੁੱਚ ਇੰਜਣ ਖ਼ਰਾਬ ਹੋ ਰਹੇ ਹੁੰਦੇ, ਤਾਂ ਤੁਹਾਨੂੰ ਹਰ ਸੜਕ ‘ਤੇ ਗੱਡੀਆਂ ਖ਼ਰਾਬ ਹੋ ਕੇ ਖੜ੍ਹੀਆਂ ਦਿਖਾਈ ਦਿੰਦੀਆਂ।’ ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਵਿਅਕਤੀ ਨੇ ਇੰਜਣ ਖ਼ਰਾਬ ਹੋਣ ਦਾ ਝੂਠਾ ਦਾਅਵਾ ਕੀਤਾ ਸੀ, ਜਿਸ ‘ਤੇ ਸਬੰਧਤ ਵਾਹਨ ਨਿਰਮਾਤਾ ਕੰਪਨੀ ਨੇ ਉਸ ਦੇ ਖ਼ਿਲਾਫ਼ ਮਾਮਲਾ ਵੀ ਦਰਜ ਕਰਵਾ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ E20 ਪੈਟਰੋਲ ਖ਼ਾਸ ਤੌਰ ‘ਤੇ ਇਸ ਦੇ ਅਨੁਕੂਲ ਬਣਾਏ ਗਏ ਆਧੁਨਿਕ ਵਾਹਨਾਂ ਲਈ ਹੈ। ਸਿਰਫ਼ 2003 ਤੋਂ ਪਹਿਲਾਂ ਬਣੇ ਕੁਝ ਬਹੁਤ ਪੁਰਾਣੇ ਵਾਹਨਾਂ ‘ਚ ਮਾਮੂਲੀ ਸਮੱਸਿਆਵਾਂ ਦੇਖੀਆਂ ਗਈਆਂ ਸਨ।
ਈਂਧਨ ਨਾਲ ਜੁੜੀਆਂ ਜਿਹੜੀਆਂ ਕੁਝ ਸ਼ਿਕਾਇਤਾਂ ਸਾਹਮਣੇ ਆਈਆਂ ਸਨ, ਉਹ ਅਸਲ ‘ਚ ਆਵਾਜਾਈ ਨਾਲ ਸਬੰਧਤ ਸਨ, ਕਿਉਂਕਿ ਜਿਸ ਟੈਂਕਰ ‘ਚ ਇਹ ਮਿਸ਼ਰਤ ਈਂਧਨ ਲਿਆਂਦਾ ਜਾਂਦਾ ਸੀ, ਉਨ੍ਹਾਂ ਦੀ ਵਰਤੋਂ ਹੋਰ ਚੀਜ਼ਾਂ ਦੀ ਢੋਆ-ਢੁਆਈ ਲਈ ਵੀ ਕੀਤੀ ਜਾ ਰਹੀ ਸੀ।
ਈਥਾਨੌਲ ‘ਤੇ ਜ਼ੋਰ ਕਿਉਂ ਦੇ ਰਹੀ ਹੈ ਸਰਕਾਰ?
ਆਖ਼ਰ ਸਰਕਾਰ ਈਥਾਨੌਲ ‘ਤੇ ਇੰਨਾ ਜ਼ੋਰ ਕਿਉਂ ਦੇ ਰਹੀ ਹੈ? ਇਸ ਦਾ ਸਿੱਧਾ ਜਵਾਬ ਹੈ—ਵਿਦੇਸ਼ਾਂ ਤੋਂ ਦਰਾਮਦ ਕੀਤੇ ਜਾਣ ਵਾਲੇ ਕੱਚੇ ਤੇਲ ‘ਤੇ ਨਿਰਭਰਤਾ ਘਟਾਉਣਾ, ਜੋ ਸਾਡੇ ਚਾਲੂ ਖਾਤੇ ਦੇ ਘਾਟੇ ਦਾ ਇੱਕ ਵੱਡਾ ਕਾਰਨ ਹੈ। ਪੁਰੀ ਨੇ ਦੱਸਿਆ ਕਿ E20 ਪੈਟਰੋਲ ਦੀ ਸ਼ੁਰੂਆਤ ਨਾਲ ਦੇਸ਼ ਨੂੰ 1,60,000 ਕਰੋੜ ਰੁਪਏ ਦੀ ਵੱਡੀ ਬੱਚਤ ਹੋਈ ਹੈ।
ਇਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੋਇਆ ਕਿ ਇਸ ‘ਚੋਂ 1,40,000 ਕਰੋੜ ਰੁਪਏ ਸਿੱਧੇ ਕਿਸਾਨਾਂ ਨੂੰ ਵਾਪਸ ਮਿਲੇ ਹਨ। ਇਸੇ ਕਾਰਨ ਅੱਜ ਸਾਡੇ ਕਿਸਾਨ ‘ਅੰਨਦਾਤਾ’ ਦੇ ਨਾਲ-ਨਾਲ ‘ਊਰਜਾਦਾਤਾ’ ਵੀ ਬਣ ਗਏ ਹਨ।
ਭਾਵੇਂ ਸਰਕਾਰ ਫਿਲਹਾਲ 20 ਫ਼ੀਸਦੀ ਮਿਸ਼ਰਣ ਦੇ ਪੱਧਰ ‘ਤੇ ਰੁਕੀ ਹੋਈ ਹੈ, ਪਰ ਸ਼ੁੱਧ ਈਥਾਨੌਲ (E100) ‘ਤੇ ਚੱਲਣ ਵਾਲੀਆਂ ਗੱਡੀਆਂ ਲਈ ਰਾਹ ਖੁੱਲ੍ਹ ਗਿਆ ਹੈ। ਸੋਮਵਾਰ ਨੂੰ ਹੀ ਸੜਕ ਆਵਾਜਾਈ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮ, 1989 ‘ਚ ਸੋਧ ਕਰਦਿਆਂ ਫਲੈਕਸ-ਫਿਊਲ ਵਾਹਨਾਂ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਅਜਿਹੇ ਵਾਹਨ ਹਨ, ਜੋ E85 (85 ਫ਼ੀਸਦੀ ਈਥਾਨੌਲ) ਤੋਂ ਲੈ ਕੇ ਲਗਪਗ E100 (ਸ਼ੁੱਧ ਈਥਾਨੌਲ) ਤੱਕ ਦੇ ਈਂਧਨ ‘ਤੇ ਚੱਲ ਸਕਣਗੇ। ਦਰਾਮਦ ਕੀਤੇ ਤੇਲ ‘ਤੇ ਹੋਣ ਵਾਲੇ ਖ਼ਰਚ ਨੂੰ ਬਚਾਉਣ ਲਈ ਟੋਇਟਾ, ਟਾਟਾ ਮੋਟਰਜ਼ ਅਤੇ ਹੁੰਡਈ ਵਰਗੀਆਂ ਵੱਡੀਆਂ ਕੰਪਨੀਆਂ ਭਾਰਤੀ ਬਾਜ਼ਾਰ ਲਈ ਤੇਜ਼ੀ ਨਾਲ ਫਲੈਕਸ-ਫਿਊਲ ਗੱਡੀਆਂ ਵਿਕਸਿਤ ਕਰ ਰਹੀਆਂ ਹਨ।
