ਨਵੀਂ ਦਿੱਲੀ 23 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸੰਨੀ ਦਿਓਲ ਦੀ ਫ਼ਿਲਮ ‘ਸੂਰਿਆ – ਅੰਤ ਸੇ ਆਰੰਭ ਤਕ’ (Suryaa – Ant Se Aarambh Tak) ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਹੁਣ ਇਹ ਫ਼ਿਲਮ ਵਿਵਾਦਾਂ ‘ਚ ਘਿਰ ਗਈ ਹੈ। ਟੀਜ਼ਰ ‘ਚ ਸਿਹਤ ਸੇਵਾ ਪ੍ਰਣਾਲੀ ‘ਚ ਭ੍ਰਿਸ਼ਟਾਚਾਰ ਦਿਖਾਇਆ ਗਿਆ ਹੈ, ਜਿਸ ਖ਼ਿਲਾਫ਼ ਸੰਨੀ ਦਿਓਲ ਆਪਣੀ ਆਵਾਜ਼ ਉਠਾਉਂਦੇ ਨਜ਼ਰ ਆ ਰਹੇ ਹਨ। ਇਸ ਨੂੰ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ ਦੱਸਿਆ ਜਾ ਰਿਹਾ ਹੈ। ਹੁਣ ਇਸ ਫ਼ਿਲਮ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਇਸ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ।

ਟੀਜ਼ਰ ‘ਤੇ ਚੁੱਕੇ ਸਵਾਲ

ਆਪਣੇ ਪੱਤਰ ‘ਚ IMA ਨੇ ਕਿਹਾ ਹੈ, “ਅਸੀਂ ਫ਼ਿਲਮ ‘ਸੂਰਿਆ – ਅੰਤ ਸੇ ਆਰੰਭ ਤਕ’ ‘ਚ ਮੈਡੀਕਲ ਪੇਸ਼ੇ ਨੂੰ ਦਿਖਾਉਣ ਦੇ ਤਰੀਕੇ ਨੂੰ ਲੈ ਕੇ ਆਪਣੀ ਡੂੰਘੀ ਚਿੰਤਾ ਜ਼ਾਹਰ ਕਰਦੇ ਹਾਂ। ਇਸ ਦੀ ਪ੍ਰਚਾਰ ਸਮੱਗਰੀ ਸਿਹਤ ਸੇਵਾ ਖੇਤਰ ‘ਚ ਫੈਲੇ ਭ੍ਰਿਸ਼ਟਾਚਾਰ, ਮੈਡੀਕਲ ਪੇਸ਼ੇਵਰਾਂ ਖ਼ਿਲਾਫ਼ ਹਿੰਸਾ ਅਤੇ ਲੋਕਾਂ ਦੇ ਭਰੋਸੇ ਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਿੰਤਾਵਾਂ ਪੈਦਾ ਕਰਦੀ ਹੈ।”

ਪੱਤਰ ‘ਚ IMA ਨੇ ਕੇਂਦਰੀ ਮੰਤਰੀ ਤੋਂ ਫ਼ਿਲਮ ਦੀ ਨਿਰਪੱਖ ਸਮੀਖਿਆ ਕਰਨ, ਲੋੜ ਪੈਣ ‘ਤੇ ਕਾਨੂੰਨ ਤਹਿਤ ਇਸ ‘ਤੇ ਪਾਬੰਦੀ ਲਾਉਣ ਅਤੇ ਢੁੱਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਕਿਹੋ ਜਿਹਾ ਹੈ ‘ਸੂਰਿਆ’ ਦਾ ਟੀਜ਼ਰ?
19 ਅਕਤੂਬਰ ਨੂੰ ਸੰਨੀ ਦਿਓਲ ਦੇ ਜਨਮਦਿਨ ਮੌਕੇ ਰਿਲੀਜ਼ ਹੋਇਆ ‘ਸੂਰਿਆ’ ਦਾ ਟੀਜ਼ਰ ਮੈਡੀਕਲ ਸਿਸਟਮ ‘ਚ ਇੱਕ ਵੱਡੀ ਸਾਜ਼ਿਸ਼ ਖ਼ਿਲਾਫ਼ ਲੜਾਈ ਦੀ ਕਹਾਣੀ ਦਿਖਾਉਂਦਾ ਹੈ। ਨਿੱਜੀ ਨੁਕਸਾਨ ਤੋਂ ਬਾਅਦ ਸੰਨੀ ਦਿਓਲ ਸਿਹਤ ਸੇਵਾ ਪ੍ਰਣਾਲੀ ‘ਚ ਚੱਲ ਰਹੇ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ਼ ਕਰਨ ‘ਚ ਜੁਟ ਜਾਂਦੇ ਹਨ।ਟੀਜ਼ਰ ‘ਚ ਦਿਖਾਇਆ ਗਿਆ ਹੈ ਕਿ ਜਿਨ੍ਹਾਂ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, ਉਨ੍ਹਾਂ ‘ਚੋਂ ਕੁਝ ਮਰੀਜ਼ਾਂ ਨੂੰ ਕਿਵੇਂ ਲੁੱਟਦੇ ਹਨ ਅਤੇ ਪੈਸਿਆਂ ਲਈ ਉਨ੍ਹਾਂ ਦੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਇਸੇ ਕਾਰਨ ਫ਼ਿਲਮ ਵਿਵਾਦਾਂ ‘ਚ ਆ ਗਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।