ਨਵੀਂ ਦਿੱਲੀ 23 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਐੱਨਡੀਏ ’ਚ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਵਾਪਸੀ ਜਲਦੀ ਹੋਣ ਵਾਲੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦੇ ਅਸਿੱਧੇ ਸੰਕੇਤ ਦਿੱਤੇ ਹਨ। ਕਿਸੇ ਵੀ ਪਾਰਟੀ ਦਾ ਨਾਂ ਲਏ ਬਿਨਾਂ ਦਿੱਲੀ ਵਿਚ ਇਕ ਸਮਾਗਮ ਦੌਰਾਨ ਉਨ੍ਹਾਂ ਨੇ ਪੰਜਾਬ ਵਿਚ ਐੱਨਡੀਏ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਜਦਕਿ ਪਹਿਲਾਂ ਪੰਜਾਬ ਦੀਆਂ ਚੋਣਾਂ ’ਚ ਜਿੱਤ ਸਬੰਧੀ ਐੱਨਡੀਏ ਦੀ ਥਾਂ ਭਾਜਪਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਪਹਿਲੀ ਵਾਰ ਭਾਜਪਾ ਦੇ ਸਿਖਰਲੇ ਪੱਧਰ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨਾਲ ਗੱਠਜੋੜ ਦਾ ਸੰਕੇਤ ਦਿੱਤਾ ਗਿਆ ਹੈ।

ਦਰਅਸਲ, ਮੌਨਸੂਨ ਸੈਸ਼ਨ ਦੌਰਾਨ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੁਖਬੀਰ ਬਾਦਲ ਦੀ ਮੁਲਾਕਾਤ ਤੋਂ ਬਾਅਦ ਹੀ ਅਕਾਲੀ ਦਲ ਦੀ ਐੱਨਡੀਏ ਵਿਚ ਵਾਪਸੀ ਦੀਆਂ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ ਸਨ। ਪਰ ਭਾਜਪਾ ਦੇ ਸੂਬਾ ਅਤੇ ਕੌਮੀ ਪੱਧਰ ਦੇ ਸਾਰੇ ਆਗੂ ਪੰਜਾਬ ਵਿਚ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦਾ ਦਾਅਵਾ ਕਰ ਰਹੇ ਸਨ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ 13 ਫ਼ੀਸਦੀ ਦੇ ਮੁਕਾਬਲੇ ਭਾਜਪਾ ਨੂੰ 18 ਫ਼ੀਸਦੀ ਤੋਂ ਵੱਧ ਵੋਟਾਂ ਮਿਲਣ ਦਾ ਹਵਾਲਾ ਦਿੰਦਿਆਂ ਵੱਧ ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਗੱਠਜੋੜ ਵਿਚ ਭਾਜਪਾ ਸਿਰਫ਼ 22-23 ਸੀਟਾਂ ’ਤੇ ਹੀ ਚੋਣ ਲੜਦੀ ਰਹੀ ਹੈ। ਪਰ ਇਸ ਵਾਰ ਭਾਜਪਾ ਬਰਾਬਰ ਸੀਟਾਂ ਦੀ ਮੰਗ ਕਰ ਰਹੀ ਸੀ। ਸੂਤਰ ਇਹ ਵੀ ਦੱਸਦੇ ਹਨ ਕਿ ਅਕਾਲੀ ਦਲ ਭਾਜਪਾ ਨੂੰ 45 ਸੀਟਾਂ ਦੇਣ ਲਈ ਵੀ ਤਿਆਰ ਹੋ ਗਿਆ ਸੀ। ਸ਼ਾਹ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਸੀਟਾਂ ਦੀ ਵੰਡ ਦਾ ਫਾਰਮੂਲਾ ਵੀ ਤੈਅ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ 1998 ਵਿਚ ਐੱਨਡੀਏ ਗੱਠਜੋੜ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਗੱਠਜੋੜ ਰਿਹਾ ਹੈ। ਭਾਜਪਾ ਅਤੇ ਅਕਾਲੀ ਦਲ ਵਿਚਕਾਰ 1996 ਵਿਚ ਗੱਠਜੋੜ ਹੋਇਆ ਸੀ, ਜੋ 2020 ਤੱਕ ਚੱਲਿਆ। 2020 ਵਿਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਕਾਲੀ ਦਲ ਖ਼ੁਦ ਗੱਠਜੋੜ ਤੋਂ ਬਾਹਰ ਹੋ ਗਿਆ ਸੀ। ਪਰ 2022 ਦੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਮਾੜੇ ਪ੍ਰਦਰਸ਼ਨ ਨੂੰ ਦੇਖਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਦੇ ਆਗੂ ਗੱਠਜੋੜ ਦੀਆਂ ਸੰਭਾਵਨਾਵਾਂ ਤਲਾਸ਼ਣ ਵਿਚ ਜੁਟ ਗਏ ਸਨ। ਖ਼ਾਸ ਤੌਰ ’ਤੇ ਅਲੱਗ-ਥਲੱਗ ਪਏ ਅਕਾਲੀ ਦਲ ਦੀ ਹੋਂਦ ’ਤੇ ਸੰਕਟ ਦੀ ਚਰਚਾ ਵੀ ਸ਼ੁਰੂ ਹੋ ਗਈ ਸੀ। ਕੁਝ ਸਮੇਂ ਲਈ ਜੇਡੀਯੂ ਦੇ ਦੋ ਵਾਰ ਗੱਠਜੋੜ ਤੋਂ ਬਾਹਰ ਜਾਣ ਅਤੇ ਵਾਪਸ ਆਉਣ ਨੂੰ ਛੱਡ ਦਿੱਤਾ ਜਾਵੇ ਤਾਂ ਟੀਡੀਪੀ ਤੋਂ ਬਾਅਦ ਅਕਾਲੀ ਦਲ ਦੀ ਵਾਪਸੀ ਨੂੰ ਐੱਨਡੀਏ ਗੱਠਜੋੜ ਦੇ ਹੋਰ ਮਜ਼ਬੂਤ ਹੋਣ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।