ਨਵੀਂ ਦਿੱਲੀ 14 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਲ 2024 ਦੇ ਅੰਕੜਿਆਂ ਮੁਤਾਬਕ, ਦੁਨੀਆ ਭਰ ‘ਚ 9 ਤੋਂ 19 ਸਾਲ ਦੀ ਉਮਰ ਦੇ ਲਗਪਗ 17 ਕਰੋੜ ਬੱਚੇ ਤੇ ਕਿਸ਼ੋਰ ਮੋਟਾਪੇ ਦੇ ਸ਼ਿਕਾਰ ਪਾਏ ਗਏ। ਇਨ੍ਹਾਂ ‘ਚੋਂ 7 ਕਰੋੜ ਬੱਚੇ 5 ਤੋਂ 9 ਸਾਲ ਦੀ ਉਮਰ ਦੇ ਸਨ ਜਦਕਿ 10 ਕਰੋੜ ਬੱਚੇ 10 ਤੋਂ 19 ਸਾਲ ਦੀ ਉਮਰ ਵਰਗ ਨਾਲ ਸਬੰਧਤ ਸਨ। ਸਾਲ 1990 ਤੋਂ ਬਾਅਦ ਬੱਚਿਆਂ ‘ਚ ਮੋਟਾਪੇ ਦੀ ਦਰ 2 ਫ਼ੀਸਦੀ ਤੋਂ ਵਧ ਕੇ 8 ਫ਼ੀਸਦੀ ਹੋ ਗਈ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਪਹਿਲੀ ਵਾਰ ਬੱਚਿਆਂ ਅਤੇ ਕਿਸ਼ੋਰਾਂ ‘ਚ ਮੋਟਾਪੇ ਦੇ ਪ੍ਰਬੰਧਨ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ‘ਚ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਭਾਰ ਘਟਾਉਣ ਵਾਲੀਆਂ ਦਵਾਈਆਂ ਜਾਂ ਸਰਜਰੀ ਦੀ ਵਰਤੋਂ ਬਾਰੇ ਖ਼ਾਸ ਸਾਵਧਾਨੀ ਵਰਤਣ ਦੀ ਗੱਲ ਕਹੀ ਗਈ ਹੈ। ਉੱਥੇ ਹੀ, 10 ਤੋਂ 19 ਸਾਲ ਦੇ ਕਿਸ਼ੋਰਾਂ ‘ਚ ਵੀ ਅਜਿਹੇ ਇਲਾਜ ਦੀ ਸਲਾਹ ਸਿਰਫ਼ ਖ਼ਾਸ ਹਾਲਾਤ ‘ਚ ਦਿੱਤੀ ਗਈ ਹੈ।
ਬੱਚਿਆਂ ‘ਚ ਮੋਟਾਪੇ ਦੀ ਸਮੱਸਿਆ
ਮੋਟਾਪਾ ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਅਤੇ ਵਾਰ-ਵਾਰ ਸਾਹਮਣੇ ਆਉਣ ਵਾਲੀ ਸਿਹਤ ਸਮੱਸਿਆ ਹੈ, ਜਿਸ ਨੂੰ ਕਾਬੂ ‘ਚ ਰੱਖਣ ਲਈ ਸਹੀ ਦੇਖਭਾਲ ਜ਼ਰੂਰੀ ਹੈ। ਜੇਕਰ ਬਚਪਨ ‘ਚ ਹੀ ਮੋਟਾਪਾ ਸ਼ੁਰੂ ਹੋ ਜਾਵੇ, ਤਾਂ ਅੱਗੇ ਚੱਲ ਕੇ ਟਾਈਪ-2 ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਗੈਰ-ਸੰਚਾਰੀ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ।
ਮਾਨਸਿਕ ਸਿਹਤ ‘ਤੇ ਵੀ ਪੈਂਦਾ ਹੈ ਅਸਰ
ਮੋਟਾਪੇ ਨਾਲ ਜੂਝ ਰਹੇ ਬੱਚਿਆਂ ਅਤੇ ਕਿਸ਼ੋਰਾਂ ਨੂੰ ਅਕਸਰ ਵਿਤਕਰੇ ਅਤੇ ਬੁਲਿੰਗ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਉਨ੍ਹਾਂ ਦੀ ਮਾਨਸਿਕ ਸਿਹਤ ‘ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਬੱਚਿਆਂ ਦੇ ਸਿਹਤਮੰਦ ਵਿਕਾਸ, ਪੜ੍ਹਾਈ, ਸਮਾਜਿਕ ਭਲਾਈ ਅਤੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਮੋਟਾਪੇ ਨੂੰ ਰੋਕਣਾ ਅਤੇ ਇਸ ਨੂੰ ਕਾਬੂ ‘ਚ ਰੱਖਣਾ ਬੇਹੱਦ ਜ਼ਰੂਰੀ ਹੈ।
ਬੱਚਿਆਂ ਦੇ ਮੋਟਾਪੇ ਬਾਰੇ WHO ਦੀ ਸਲਾਹ
ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ਅਤੇ ਕਿਸ਼ੋਰਾਂ ‘ਚ ਮੋਟਾਪੇ ਦੀ ਰੋਕਥਾਮ ਅਤੇ ਇਲਾਜ ਲਈ ਕਈ ਅਹਿਮ ਸੁਝਾਅ ਦਿੱਤੇ ਹਨ।
– ਖਾਣ-ਪੀਣ ਤੇ ਜੀਵਨਸ਼ੈਲੀ ‘ਚ ਸੁਧਾਰ: ਬੱਚਿਆਂ ਦੀ ਖੁਰਾਕ ਸੰਤੁਲਿਤ ਹੋਵੇ। ਉਨ੍ਹਾਂ ਨੂੰ ਸਰੀਰਕ ਗਤੀਵਿਧੀਆਂ ਕਰਨ ਤੇ ਰੋਜ਼ਾਨਾ ਰੁਟੀਨ ਸੁਧਾਰਨ ਲਈ ਉਤਸ਼ਾਹਿਤ ਕੀਤਾ ਜਾਵੇ।
– ਮਾਪਿਆਂ ਦੀ ਭੂਮਿਕਾ ਅਹਿਮ: ਮਾਪਿਆਂ ਤੇ ਬੱਚਿਆਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਬੱਚਿਆਂ ਦੇ ਭਾਰ, ਖਾਣ-ਪੀਣ ਤੇ ਸਰੀਰਕ ਸਰਗਰਮੀਆਂ ਪ੍ਰਤੀ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ।
– 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦਵਾਈਆਂ ਤੇ ਸਰਜਰੀ ਦੀ ਸਲਾਹ ਨਹੀਂ: WHO ਇਸ ਉਮਰ ਵਰਗ ਦੇ ਬੱਚਿਆਂ ‘ਚ ਮੋਟਾਪੇ ਦੇ ਇਲਾਜ ਲਈ ਭਾਰ ਘਟਾਉਣ ਵਾਲੀਆਂ ਦਵਾਈਆਂ, ਬੈਰੀਐਟ੍ਰਿਕ ਸਰਜਰੀ (ਭਾਰ ਘਟਾਉਣ ਲਈ ਪੇਟ ਜਾਂ ਪਾਚਨ ਪ੍ਰਣਾਲੀ ‘ਚ ਬਦਲਾਅ ਕਰਨ ਵਾਲੀ ਸਰਜਰੀ) ਜਾਂ ਭਾਰ ਘਟਾਉਣ ਵਾਲੇ ਯੰਤਰਾਂ ਦੀ ਵਰਤੋਂ ਦੀ ਸਿਫ਼ਾਰਸ਼ ਨਹੀਂ ਕਰਦਾ।
– 10 ਤੋਂ 19 ਸਾਲ ਦੇ ਅੱਲ੍ਹੜਾਂ ਲਈ ਖ਼ਾਸ ਸ਼ਰਤਾਂ: ਇਸ ਉਮਰ ਦੇ ਅੱਲ੍ਹੜਾਂ ਨੂੰ ਮਨਜ਼ੂਰਸ਼ੁਦਾ ਦਵਾਈਆਂ ਰਾਹੀਂ ਇਲਾਜ ਉਦੋਂ ਹੀ ਦਿੱਤਾ ਜਾ ਸਕਦਾ ਹੈ, ਜਦੋਂ ਜੀਵਨਸ਼ੈਲੀ ‘ਚ ਸੁਧਾਰ ਵਰਗੇ ਉਪਾਵਾਂ ਨਾਲ ਉਮੀਦ ਮੁਤਾਬਕ ਨਤੀਜੇ ਨਾ ਮਿਲਣ। ਗੰਭੀਰ ਮੋਟਾਪੇ ਵਾਲੇ ਕਿਸ਼ੋਰਾਂ ਲਈ ਕੁਝ ਖ਼ਾਸ ਸ਼ਰਤਾਂ ਤਹਿਤ ਬੈਰੀਐਟ੍ਰਿਕ ਸਰਜਰੀ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।
– ਸਿਹਤਮੰਦ ਆਦਤਾਂ ‘ਤੇ ਜ਼ੋਰ: WHO ਦੇ ਪੋਸ਼ਣ ਅਤੇ ਖੁਰਾਕ ਸੁਰੱਖਿਆ ਵਿਭਾਗ ਮੁਤਾਬਕ, ਬੱਚਿਆਂ ਅਤੇ ਕਿਸ਼ੋਰਾਂ ‘ਚ ਮੋਟਾਪੇ ਦੇ ਇਲਾਜ ਦਾ ਆਧਾਰ ਅਜਿਹੇ ਉਪਾਅ ਹੋਣੇ ਚਾਹੀਦੇ ਹਨ, ਜੋ ਉਨ੍ਹਾਂ ਨੂੰ ਸਿਹਤਮੰਦ ਖਾਣ-ਪੀਣ, ਸਰੀਰਕ ਗਤੀਵਿਧੀਆਂ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਚੰਗੀਆਂ ਆਦਤਾਂ ਅਪਣਾਉਣ ‘ਚ ਮਦਦ ਕਰਨ।
– ਛੋਟੀ ਉਮਰ ਤੋਂ ਮਿਲੇ ਸਹੀ ਮਾਹੌਲ: ਹਰ ਬੱਚੇ ਅਤੇ ਕਿਸ਼ੋਰ ਨੂੰ ਛੋਟੀ ਉਮਰ ਤੋਂ ਹੀ ਢੁੱਕਵੀਂ ਦੇਖਭਾਲ ਅਤੇ ਸਹਿਯੋਗੀ ਮਾਹੌਲ ਮਿਲਣਾ ਚਾਹੀਦਾ ਹੈ, ਤਾਂ ਜੋ ਉਸ ਦਾ ਭਾਰ ਸਿਹਤਮੰਦ ਲਿਮਟ ‘ਚ ਰਹੇ।
– ਮਾਨਸਿਕ ਸਿਹਤ ਨੂੰ ਵੀ ਨਾ ਕਰੋ ਨਜ਼ਰਅੰਦਾਜ਼: ਚਿੰਤਾ, ਡਿਪ੍ਰੈਸ਼ਨ, ਘੱਟ ਆਤਮ-ਵਿਸ਼ਵਾਸ ਅਤੇ ਭਾਵਨਾਵਾਂ ‘ਤੇ ਕਾਬੂ ਨਾ ਰੱਖ ਸਕਣ ਵਰਗੀਆਂ ਸਮੱਸਿਆਵਾਂ ਗ਼ਲਤ ਖਾਣ-ਪੀਣ ਦੀਆਂ ਆਦਤਾਂ, ਸਰੀਰਕ ਤੌਰ ‘ਤੇ ਘੱਟ ਸਰਗਰਮ ਰਹਿਣ ਅਤੇ ਸਮਾਜਿਕ ਮੇਲ-ਜੋਲ ਤੋਂ ਦੂਰ ਰਹਿਣ ਨਾਲ ਜੁੜ ਸਕਦੀਆਂ ਹਨ। ਸਮੇਂ ਸਿਰ ਸਹਾਇਤਾ ਨਾ ਮਿਲਣ ‘ਤੇ ਇਹ ਸਮੱਸਿਆਵਾਂ ਗੰਭੀਰ ਰੂਪ ਧਾਰ ਸਕਦੀਆਂ ਹਨ।
–ਹਰ ਬੱਚੇ ਦੀ ਲੋੜ ਮੁਤਾਬਕ ਦੇਖਭਾਲ: ਇਲਾਜ ਬੱਚੇ ਦੀ ਉਮਰ, ਸਿਹਤ ਅਤੇ ਪਰਿਵਾਰ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਲੰਬੇ ਸਮੇਂ ਤੱਕ ਫਾਲੋ-ਅੱਪ ਅਤੇ ਲਗਾਤਾਰ ਸਹਿਯੋਗ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
– ਜ਼ਿੰਦਗੀ ਭਰ ਦੀ ਸਿਹਤਮੰਦ ਜੀਵਨਸ਼ੈਲੀ: ਨਵੀਆਂ ਗਾਈਡਲਾਈਨਜ਼ ਮੋਟਾਪੇ ਦੀ ਦੇਖਭਾਲ ਲਈ ‘ਲਾਈਫ-ਕੋਰਸ ਅਪ੍ਰੋਚ’ ‘ਤੇ ਜ਼ੋਰ ਦਿੰਦੀਆਂ ਹਨ। ਇਸ ਦਾ ਮਤਲਬ ਹੈ ਕਿ ਬਚਪਨ ਤੋਂ ਲੈ ਕੇ ਜ਼ਿੰਦਗੀ ਦੇ ਹਰ ਪੜਾਅ ਤੱਕ ਸਿਹਤਮੰਦ ਆਦਤਾਂ ਅਤੇ ਲਗਾਤਾਰ ਦੇਖਭਾਲ ਨੂੰ ਮਹੱਤਵ ਦਿੱਤਾ ਜਾਵੇ।
