ਨਵੀਂ ਦਿੱਲੀ 08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪ੍ਰਮੁੱਖ ਖਿਡਾਰੀਆਂ ਦੀ ਫਿਟਨੈੱਸ ਤੇ ਸੱਟ ਨਾਲ ਜੁੜੀ ਜਾਣਕਾਰੀ ਨੂੰ ਲੈ ਕੇ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੀ ਗ਼ਲਤਫਹਿਮੀ ਤੋਂ ਬਚਣ ਲਈ ਬੀਸੀਸੀਆਈ ਨੇ ਵੱਡਾ ਕਦਮ ਚੁੱਕਿਆ ਹੈ। ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੇ ਮੁਖੀ ਵੀਵੀਐੱਸ ਲਕਸ਼ਮਣ ਹੁਣ ਸੀਨੀਅਰ ਚੋਣ ਕਮੇਟੀ ਦੀ ਹਰ ਬੈਠਕ ’ਚ ਮੌਜੂਦ ਰਹਿਣਗੇ। ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕਿਆ ਨੇ ਕਿਹਾ ਕਿ ਇਸ ਫ਼ੈਸਲੇ ਦਾ ਮਕਸਦ ਚੋਣਕਰਤਾਵਾਂ ਅਤੇ ਸੀਓਈ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਗ਼ਲਤਫਹਿਮੀ ਨੂੰ ਖ਼ਤਮ ਕਰਨਾ ਅਤੇ ਚੋਣ ਲਈ ਖਿਡਾਰੀਆਂ ਦੀ ਫਿਟਨੈੱਸ ਦੀ ਸਹੀ ਜਾਣਕਾਰੀ ਸਿੱਧੇ ਤੌਰ ‘ਤੇ ਉਪਲਬਧ ਕਰਵਾਉਣਾ ਹੈ।

8 ਅਗਸਤ ਨੂੰ ਜਾਗਰਣ ਗਰੁੱਪ ਨੇ ਸੀਓਈ ’ਚ ਜ਼ਖ਼ਮੀ ਖਿਡਾਰੀਆਂ ਅਤੇ ਉਨ੍ਹਾਂ ਦੇ ਰਿਹੈਬ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਨਾਲ ਬੀਸੀਸੀਆਈ ਦੇ ਫਿਟਨੈੱਸ ਪ੍ਰੋਗਰਾਮ ਦੀਆਂ ਕਮੀਆਂ ਸਾਹਮਣੇ ਆਈਆਂ। ਇਸ ਤੋਂ ਬਾਅਦ ਬੀਸੀਸੀਆਈ ’ਚ ਲਗਾਤਾਰ ਹਲਚਲ ਰਹੀ। ਇਸ ਤੋਂ ਇਲਾਵਾ ਸਾਬਕਾ ਮੁੱਖ ਚੋਣਕਰਤਾ ਅਜੀਤ ਅਗਰਕਰ, ਬਾਕੀ ਚੋਣ ਕਮੇਟੀ ਤੇ ਮੁੱਖ ਕੋਚ ਗੌਤਮ ਗੰਭੀਰ ਬੀਸੀਸੀਆਈ ਨਾਲ ਲਗਾਤਾਰ ਵੀਵੀਐੱਸ ਲਕਸ਼ਮਣ ਦੀ ਅਗਵਾਈ ਵਾਲੀ ਸੀਓਈ ਦੀ ਕਾਰਜਪ੍ਰਣਾਲੀ ਬਾਰੇ ਸ਼ਿਕਾਇਤ ਕਰ ਰਹੇ ਸਨ। ਇਸੇ ਕਾਰਨ ਬੀਸੀਸੀਆਈ ਨੇ ਫੈਸਲਾ ਕੀਤਾ ਹੈ ਕਿ ਲਕਸ਼ਮਣ ਹੁਣ ਚੋਣ ਕਮੇਟੀ ਦੀ ਬੈਠਕ ਦੌਰਾਨ ਮੌਜੂਦ ਰਹਿਣਗੇ। ਪਹਿਲਾਂ ਸਿਰਫ ਚੋਣਕਰਤਾ ਅਤੇ ਬੀਸੀਸੀਆਈ ਦੇ ਸਕੱਤਰ ਮੌਜੂਦ ਰਹਿੰਦੇ ਸਨ। ਕਪਤਾਨ ਵੀ ਉਪਲਬਧਤਾ ਦੇ ਆਧਾਰ ‘ਤੇ ਚੋਣ ਬੈਠਕ ’ਚ ਬੈਠਦੇ ਹਨ।

ਵੀਵੀਐੱਸ ਲਕਸ਼ਮਣ ਮੰਗਲਵਾਰ ਨੂੰ ਗੁਹਾਟੀ ’ਚ ਹੋਈ ਟੀ-20 ਅੰਤਰਰਾਸ਼ਟਰੀ ਤੇ ਭਾਰਤ-ਏ ਟੀਮ ਦੀ ਚੋਣ ਬੈਠਕ ’ਚ ਵੀ ਮੌਜੂਦ ਸਨ। ਸੈਕਿਆ ਅਨੁਸਾਰ, ਮੁੰਬਈ ’ਚ ਹੋਈ ਸਮੀਖਿਆ ਬੈਠਕ ’ਚ ਇਹ ਤੈਅ ਕੀਤਾ ਗਿਆ ਕਿ ਕ੍ਰਿਕਟ ਤੇ ਸੀਓਈ ਦੇ ਮੁਖੀ ਵਜੋਂ ਲਕਸ਼ਮਣ ਅੱਗੇ ਤੋਂ ਸਾਰੇ ਸੀਨੀਅਰ ਚੋਣ ਬੈਠਕਾਂ ’ਚ ਸ਼ਾਮਲ ਹੋਣਗੇ। ਇਸ ਨਾਲ ਚੋਣਕਰਤਾਵਾਂ ਨੂੰ ਖਿਡਾਰੀਆਂ ਦੀ ਫਿਟਨੈੱਸ, ਰਿਹੈਬ ਤੇ ਵਾਪਸੀ ਦੀ ਸਥਿਤੀ ਬਾਰੇ ਸਿੱਧੀ ਤੇ ਸਹੀ ਜਾਣਕਾਰੀ ਮਿਲ ਸਕੇਗੀ।

ਅਗਰਕਰ ਦੇ ਦੌਰ ’ਚ ਉਠੇ ਸਨ ਸਵਾਲ

ਬੀਸੀਸੀਆਈ ਦਾ ਇਹ ਕਦਮ ਉਸ ਸਮੇਂ ਆਇਆ ਹੈ ਜਦੋਂ ਸਾਬਕਾ ਮੁੱਖ ਚੋਣਕਰਤਾ ਅਜੀਤ ਅਗਰਕਰ ਦੇ ਕਾਰਜਕਾਲ ’ਚ ਸੀਓਈ ਤੇ ਚੋਣ ਕਮੇਟੀ ਵਿਚਕਾਰ ਖਿਡਾਰੀਆਂ ਦੀ ਫਿਟਨੈੱਸ ਤੇ ਰਿਹੈਬਿਲਿਟੇਸ਼ਨ ਟਾਈਮਲਾਈਨ ਨੂੰ ਲੈ ਕੇ ਸਹਿਯੋਗ ‘ਤੇ ਸਵਾਲ ਉਠਦੇ ਰਹੇ। ਚੋਣਕਰਤਾਵਾਂ ਨੂੰ ਸੀਓਈ ਤੋਂ ਜ਼ਖ਼ਮੀ ਖਿਡਾਰੀਆਂ ਦੀ ਵਾਪਸੀ ਅਤੇ ਫਿਟਨੈੱਸ ਦੀ ਸਮੇਂ-ਸੀਮਾ ਬਾਰੇ ਸਪਸ਼ਟਤਾ ਨਹੀਂ ਮਿਲ ਰਹੀ ਸੀ। ਜਸਪ੍ਰੀਤ ਬੁਮਰਾਹ ਸਮੇਤ ਕਈ ਵੱਡੇ ਖਿਡਾਰੀ ਹਾਲ ਹੀ ’ਚ ਸੀਓਈ ਵਿਚ ਰਿਹੈਬਿਲਿਟੇਸ਼ਨ ਤੋਂ ਗੁਜ਼ਰੇ ਹਨ। ਬੁਮਰਾਹ ਦੀ ਫਿਟਨੈੱਸ ਬਾਰੇ ਪਹਿਲਾਂ ਸਕਾਰਾਤਮਕ ਸੰਕੇਤ ਮਿਲਣ ਦੇ ਬਾਅਦ ਉਨ੍ਹਾਂ ਦੀ ਉਪਲਬਧਤਾ ‘ਤੇ ਸਥਿਤੀ ਬਦਲਣ ਦਾ ਮਾਮਲਾ ਵੀ ਚਰਚਾ ’ਚ ਰਿਹਾ ਸੀ। ਅਜਿਹੇ ਮਾਮਲਿਆਂ ਨੇ ਚੋਣਕਰਤਾਵਾਂ ਸਾਹਮਣੇ ਫਿਟਨੈੱਸ ਅੱਪਡੇਟ ਤੇ ਆਖ਼ਰੀ ਉਪਲਬਧਤਾ ਦੇ ਵਿਚਕਾਰ ਬਿਹਤਰ ਸਹਿਯੋਗ ਦੀ ਲੋੜ ਨੂੰ ਰੇਖਾਂਕਿਤ ਕੀਤਾ। ਹੁਣ ਬੀਸੀਸੀਆਈ ਚਾਹੁੰਦਾ ਹੈ ਕਿ ਖਿਡਾਰੀ ਦੀ ਫਿਟਨੈੱਸ ਬਾਰੇ ਚੋਣਕਰਤਾਵਾਂ ਨੂੰ ਕਿਸੇ ਹੋਰ ਮਾਧਿਅਮ ਜਾਂ ਵੱਖ-ਵੱਖ ਰਿਪੋਰਟਾਂ ‘ਤੇ ਨਿਰਭਰ ਨਾ ਰਹਿਣਾ ਪਵੇ। ਲਕਸ਼ਮਣ ਦੀ ਬੈਠਕ ’ਚ ਮੌਜੂਦਗੀ ਨਾਲ ਸੀਓਈ ਵੱਲੋਂ ਖਿਡਾਰੀ ਦੀ ਸਥਿਤੀ ਸਿੱਧੀ ਤੌਰ ‘ਤੇ ਚੋਣ ਕਮੇਟੀ ਸਾਹਮਣੇ ਰੱਖੀ ਜਾ ਸਕੇਗੀ। ਬੀਸੀਸੀਆਈ ਵੀ ਚਾਹੁੰਦਾ ਹੈ ਕਿ ਟੀਮ ਮੈਨੇਜਮੈਂਟ ਤੇ ਚੋਣਕਰਤਾ ਸੀਓਈ ‘ਤੇ ਸ਼ਿਕਾਇਤ ਕਰਦੇ ਸਨ ਅਤੇ ਸੀਓਈ ਤੋਂ ਦੂਜਾ ਜਵਾਬ ਆਉਂਦਾ ਸੀ। ਹੁਣ ਜਦੋਂ ਇਹ ਆਹਮੋ-ਸਾਹਮਣੇ ਬੈਠਣਗੇ ਤਾਂ ਅਜਿਹਾ ਨਹੀਂ ਹੋਵੇਗਾ ਅਤੇ ਕੋਈ ਨਾ ਕੋਈ ਫੈਸਲਾ ਨਿਕਲ ਸਕੇਗਾ।

ਲਕਸ਼ਮਣ ਦੀ ਭੂਮਿਕਾ ਪਹਿਲਾਂ ਤੋਂ ਮਹੱਤਵਪੂਰਨ

ਲਕਸ਼ਮਣ ਨੇ 2021 ’ਚ ਰਾਹੁਲ ਦ੍ਰਾਵਿਡ਼ ਦੇ ਬਾਅਦ ਰਾਸ਼ਟਰੀ ਕ੍ਰਿਕਟ ਅਕਾਦਮੀ ਦੀ ਜ਼ਿੰਮੇਵਾਰੀ ਸੰਭਾਲੀ ਸੀ, ਜਿਸ ਨੂੰ ਬਾਅਦ ’ਚ ਸੈਂਟਰ ਆਫ਼ ਐਕਸੀਲੈਂਸ ਵਜੋਂ ਨਵਾਂ ਰੂਪ ਦਿੱਤਾ ਗਿਆ। 2024 ’ਚ ਬੀਸੀਸੀਆਈ ਨੇ ਉਨ੍ਹਾਂ ਨੂੰ ਭਾਰਤੀ ਮਰਦ ਟੀਮ ਦਾ ਮੁੱਖ ਕੋਚ ਬਣਾਉਣ ਲਈ ਸੰਪਰਕ ਕੀਤਾ ਸੀ, ਪਰ ਉਨ੍ਹਾਂ ਪਰਿਵਾਰਕ ਕਾਰਨਾਂ ਤੇ ਸੀਓਈ ਦੇ ਵਿਕਾਸ ‘ਤੇ ਧਿਆਨ ਦੇਣ ਦੀ ਇੱਛਾ ਕਾਰਨ ਪ੍ਰਸਤਾਵ ਸਵੀਕਾਰ ਨਹੀਂ ਕੀਤਾ। ਬਾਅਦ ’ਚ ਉਨ੍ਹਾਂ ਦਾ ਕਾਰਜਕਾਲ 2026 ਤੱਕ ਵਧਾਇਆ ਗਿਆ। ਸੀਓਈ ’ਚ ਹਾਲ ਦੇ ਸਮੇਂ ’ਚ ਜਸਪ੍ਰੀਤ ਬੁਮਰਾਹ ਦੇ ਇਲਾਵਾ ਹਰਸ਼ਿਤ ਰਾਣਾ, ਹਾਰਦਿਕ ਪੰਡਿਆ, ਵਾਸ਼ਿੰਗਟਨ ਸੁੰਦਰ ਤੇ ਬੀ ਸਾਈ ਸੁਦਰਸ਼ਨ ਵਰਗੇ ਖਿਡਾਰੀ ਵੀ ਸੱਟ ਤੋਂ ਉਭਰਣ ਲਈ ਰਿਹੈਬ ਕਰ ਚੁੱਕੇ ਹਨ। ਹਾਰਦਿਕ ਪਾਂਡਿਆ ਤਾਂ ਆਈਪੀਐੱਲ ਦੇ ਬਾਅਦ ਤੋਂ ਹੁਣ ਤੱਕ ਫਿਟ ਨਹੀਂ ਹੋ ਪਾਏ ਹਨ।

ਲਕਸ਼ਮਣ ਨੇ ਅਗਸਤ ’ਚ ਸੀਓਈ ‘ਤੇ ਉਠ ਰਹੀਆਂ ਆਲੋਚਨਾਵਾਂ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਇਸਨੂੰ ਸਿਰਫ਼ ਰਿਹੈਬ ਸੈਂਟਰ ਦੇ ਤੌਰ ‘ਤੇ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਚੋਣ ਕਮੇਟੀ ਨਾਲ ਸੰਵਾਦ ਦੀ ਕਮੀ ਦੇ ਦੋਸ਼ਾਂ ਨੂੰ ਵੀ ਖਾਰਜ ਕੀਤਾ ਸੀ ਅਤੇ ਕਿਹਾ ਸੀ ਕਿ ਸੀਓਈ, ਦੋਹਾਂ ਟੀਮਾਂ ਦੇ ਮੈਨੇਜਮੈਂਟ ਤੇ ਸਪੋਰਟ ਸਟਾਫ਼ ਵਿਚਕਾਰ ਸਹਿਯੋਗ ਸੁਚਾਰੂ ਤੌਰ ‘ਤੇ ਚੱਲ ਰਿਹਾ ਹੈ। ਇਸ ਦੌਰਾਨ ਬੀਸੀਸੀਆਈ ਅੰਦਰ ਲਕਸ਼ਮਣ ਨੂੰ ਮੁੱਖ ਚੋਣਕਰਤਾ ਦੀ ਭੂਮਿਕਾ ’ਚ ਦੇਖਣ ਦੀ ਚਰਚਾ ਵੀ ਰਹੀ ਹੈ। ਅਜੀਤ ਅਗਰਕਰ ਦੇ ਉੱਤਰਾਧਿਕਾਰੀ ਦੀ ਤਲਾਸ਼ ਲਈ ਬੋਰਡ ਨੇ ਮੰਗਲਵਾਰ ਨੂੰ ਅਰਜ਼ੀਆਂ ਮੰਗੀਆਂ ਹਨ। ਅਜਿਹੇ ’ਚ ਲਕਸ਼ਮਣ ਦੇ ਮੁੱਖ ਚੋਣਕਰਤਾ ਬਣਨ ਦੀ ਸੰਭਾਵਨਾ ਬਰਕਰਾਰ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।