ਨਵੀਂ ਦਿੱਲੀ 06 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਮਾਰਸ਼ਲ ਆਰਟਸ ਤੇ ਯੋਗ ਦੇ ਮਾਮਲੇ ‘ਚ ਮਾਹਿਰ ਬਾਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ (Vidyut Jammwal) ਦਾ ਨਾਂ ਇਸ ਸਮੇਂ ਚਰਚਾ ‘ਚ ਬਣਿਆ ਹੋਇਆ ਹੈ। ਵਿਦਯੁਤ ਨੇ ਆਪਣੀ ਡੈਬਿਊ ਹਾਲੀਵੁੱਡ ਫ਼ਿਲਮ ਸਟ੍ਰੀਟ ਫਾਈਟਰ (Street Fighter) ਦੇ ਟ੍ਰੇਲਰ ਲਾਂਚ ਇਵੈਂਟ ਦੌਰਾਨ ਕੁਝ ਅਜਿਹਾ ਕਰਕੇ ਦਿਖਾਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਵਿਦਯੁਤ ਨੇ ਲੋਕਾਂ ਦੇ ਸਾਹਮਣੇ 15 ਮਿੰਟ ਤਕ ਸਾਹ ਰੋਕ ਕੇ ਧਿਆਨ ਕੀਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।
ਵਿਦਯੁਤ ਨੇ ਕੀਤਾ ਸਭ ਨੂੰ ਹੈਰਾਨ
ਸਟ੍ਰੀਟ ਫਾਈਟਰ ਦੇ ਟ੍ਰੇਲਰ ਲਾਂਚ ਇਵੈਂਟ ਦੌਰਾਨ ਵਿਦਯੁਤ ਜਾਮਵਾਲ ਨੇ ਮੀਡੀਆ ਅਤੇ ਮੌਜੂਦ ਲੋਕਾਂ ਦੇ ਸਾਹਮਣੇ ਗ਼ਜ਼ਬ ਦਾ ਸਟੰਟ ਕਰਕੇ ਦਿਖਾਇਆ। ਉਨ੍ਹਾਂ ਨੇ ਲਗਪਗ 15 ਮਿੰਟ ਤੱਕ ਆਪਣਾ ਸਾਹ ਰੋਕ ਕੇ ਹੈਰਾਨ ਕਰ ਦੇਣ ਵਾਲੇ ਤਰੀਕੇ ਨਾਲ ਧਿਆਨ ਕਰਕੇ ਦਿਖਾਇਆ। ਇੰਨਾ ਹੀ ਨਹੀਂ, ਵਿਦਯੁਤ 20 ਮਿੰਟ ਤਕ ਬਿਨਾਂ ਪਲਕ ਝਪਕਾਏ ਮੈਡੀਟੇਸ਼ਨ ਕਰਦੇ ਵੀ ਦਿਖਾਈ ਦਿੱਤੇ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਰਹੀਆਂ ਅਤੇ ਉਨ੍ਹਾਂ ਦੀਆਂ ਅੱਖਾਂ ‘ਚੋਂ ਲਗਾਤਾਰ ਪਾਣੀ ਵਗਦਾ ਰਿਹਾ। ਅਦਾਕਾਰ ਦੇ ਪੈਰ ਵੀ ਕੁਝ ਸਮੇਂ ਬਾਅਦ ਕੰਬਣ ਲੱਗੇ, ਪਰ ਉਹ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ ਅਤੇ ਇਹ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਕਰਕੇ ਦਿਖਾਇਆ।
ਸਟ੍ਰੀਟ ਫਾਈਟਰ ਨੂੰ ਲੈ ਕੇ ਬੋਲੇ ਵਿਦਯੁਤ
ਕਮਾਂਡੋ, ਖੁਦਾ ਹਾਫਿਜ਼ ਅਤੇ ਕਰੈਕ ਵਰਗੀਆਂ ਫ਼ਿਲਮਾਂ ‘ਚ ਜ਼ਬਰਦਸਤ ਐਕਸ਼ਨ ਦਿਖਾ ਚੁੱਕੇ ਵਿਦਯੁਤ ਜਾਮਵਾਲ ਹੁਣ ਹਾਲੀਵੁੱਡ ਫ਼ਿਲਮ ਸਟ੍ਰੀਟ ਫਾਈਟਰ (Street Fighter) ‘ਚ ਐਕਸ਼ਨ ਕਰਦੇ ਨਜ਼ਰ ਆਉਣਗੇ। ਹਾਲੀਵੁੱਡ ‘ਚ ਕੰਮ ਕਰਨ ਬਾਰੇ ਵਿਦਯੁਤ ਨੇ ਕਿਹਾ ਕਿ ਇਹ ਸੁਪਨਾ ਉਨ੍ਹਾਂ ਨੇ ਬਿਲਕੁਲ ਵੀ ਨਹੀਂ ਦੇਖਿਆ ਸੀ। ਜਦੋਂ ਉਹ ਅਮਰੀਕਾ ‘ਚ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉੱਥੇ ਉਨ੍ਹਾਂ ਨੂੰ ਅਜਿਹਾ ਕੋਈ ਵਿਅਕਤੀ ਨਹੀਂ ਮਿਲਿਆ, ਜਿਸ ਨੇ ਇਹ ਗੇਮ ਨਾ ਖੇਡੀ ਹੋਵੇ।
ਉਨ੍ਹਾਂ ਕਿਹਾ ਕਿ ਇਸ ਖੇਡ ਅਤੇ ਇਸ ਦੀ ਦੁਨੀਆ ਬਾਰੇ ਜਾਣਨਾ ਉਨ੍ਹਾਂ ਲਈ ਇੱਕ ਸ਼ਾਨਦਾਰ ਤਜਰਬਾ ਰਿਹਾ। ਉਹ ਐਥਲੀਟ ਸਨ, ਇਸ ਲਈ ਵੀਡੀਓ ਗੇਮ ਨਹੀਂ ਖੇਡਦੇ ਸਨ ਅਤੇ ਖੇਡਾਂ ‘ਚ ਜ਼ਿਆਦਾ ਰੁੱਝੇ ਰਹਿੰਦੇ ਸਨ। ਉਨ੍ਹਾਂ ਮੁਤਾਬਕ ਖੇਡਾਂ ਕਾਰਨ ਹੀ ਉਨ੍ਹਾਂ ਨੂੰ ਇਹ ਰੋਲ ਮਿਲਿਆ। ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਇਹ ਫ਼ਿਲਮ ਹਾਸਲ ਕਰਨ ਲਈ ਕੰਮ ਕੀਤਾ ਹੈ।
ਵਿਦਯੁਤ ਨੇ ਕਿਹਾ ਕਿ ਸਹੀ ਹੀ ਕਹਿੰਦੇ ਹਨ, ਤੁਸੀਂ ਮਿਹਨਤ ਕਰਦੇ ਰਹੋ, ਜੋ ਮਿਲਣਾ ਹੋਵੇਗਾ ਉਹ ਤੁਹਾਡੇ ਤੱਕ ਪਹੁੰਚ ਹੀ ਜਾਵੇਗਾ। ਦੱਸ ਦੇਈਏ ਕਿ ਫ਼ਿਲਮ ਸਟ੍ਰੀਟ ਫਾਈਟਰ ਨੂੰ 16 ਅਕਤੂਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਕੀਤਾ ਜਾਵੇਗਾ। ਇਸ ਫ਼ਿਲਮ ‘ਚ ਵਿਦਯੁਤ ਧਲਸਿਮ (Dhalsim) ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਹਾਲੀਵੁੱਡ ਤੇ ਬਾਲੀਵੁੱਡ ਦੇ ਕੰਮ ਕਰਨ ਦੇ ਸਟਾਈਲ ‘ਚ ਅੰਤਰ
ਅੱਗੇ ਹਾਲੀਵੁੱਡ ਅਤੇ ਬਾਲੀਵੁੱਡ ਦੀ ਕੰਮ ਕਰਨ ਦੀ ਸ਼ੈਲੀ ‘ਚ ਅੰਤਰ ਬਾਰੇ ਵਿਦਯੁਤ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਫ਼ਿਲਮ ਦੇ ਸੈੱਟ ‘ਤੇ ਪਹਿਲੀ ਵਾਰ ਇੰਨਾ ਜ਼ਿਆਦਾ ਅਨੁਸ਼ਾਸਨ ਦੇਖਿਆ। ਸੈੱਟ ‘ਤੇ ਸਾਰੇ 300 ਲੋਕ ਇੱਕੋ ਜਿਹਾ ਅਨੁਸ਼ਾਸਨ ਕਾਇਮ ਰੱਖ ਰਹੇ ਸਨ। ਉਨ੍ਹਾਂ ਦੱਸਿਆ ਕਿ ਉੱਥੇ ਕੋਈ ਵੀ ਕਲਾਕਾਰ, ਭਾਵੇਂ ਉਹ ਕਿੰਨਾ ਵੀ ਵੱਡਾ ਸੁਪਰਸਟਾਰ ਕਿਉਂ ਨਾ ਹੋਵੇ, ਦੇਰ ਨਾਲ ਆਉਣ ਬਾਰੇ ਸੋਚ ਹੀ ਨਹੀਂ ਸਕਦਾ। ਜੇਕਰ ਕੋਈ ਇੱਕ ਮਿੰਟ ਵੀ ਦੇਰ ਨਾਲ ਪਹੁੰਚ ਜਾਵੇ ਤਾਂ ਉਸ ਨੂੰ ਫੋਨ ਕਰਕੇ ਪੁੱਛਿਆ ਜਾਂਦਾ ਹੈ ਕਿ ਕਿਤੇ ਉਹ ਹਸਪਤਾਲ ‘ਚ ਤਾਂ ਨਹੀਂ ਹੈ। ਵਿਦਯੁਤ ਮੁਤਾਬਕ ਇਹ ਦੋਵਾਂ ਇੰਡਸਟਰੀਜ਼ ਵਿਚਕਾਰ ਇੱਕ ਵੱਡਾ ਅੰਤਰ ਹੈ।
