ਨਵੀਂ ਦਿੱਲੀ 29 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕਰੀਬ ਤਿੰਨ ਸਾਲ ਪਹਿਲਾਂ ਦੀ ਗੱਲ ਹੈ। ਅੱਧੀ ਰਾਤ ਨੂੰ ਇੱਕ ਐਮਰਜੈਂਸੀ ਕਾਲ ਆਈ, ਜਿਸ ਨੇ ਮੈਨੂੰ ਇੱਕ ਅਜਿਹੀ ਸੱਚਾਈ ਨਾਲ ਰੂਬਰੂ ਕਰਵਾਇਆ, ਜਿਸ ਨੇ ਮੈਨੂੰ ਅੰਦਰ ਤੱਕ ਝੰਜੋੜ ਦਿੱਤਾ। ਐਮਰਜੈਂਸੀ ਵਾਰਡ ’ਚ ਇੱਕ 18 ਸਾਲ ਦਾ ਲੜਕਾ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਸੀ। ਉਹ ਸਾਹ ਨਹੀਂ ਲੈ ਪਾ ਰਿਹਾ ਸੀ, ਛਾਤੀ ’ਚ ਬਹੁਤ ਤੇਜ਼ ਦਰਦ ਸੀ ਤੇ ਉਸਦਾ ਬਲੱਡ ਪ੍ਰੈਸ਼ਰ ਇੰਨਾ ਘੱਟ ਹੋ ਗਿਆ ਸੀ ਕਿ ਰਿਕਾਰਡ ਵੀ ਨਹੀਂ ਹੋ ਰਿਹਾ ਸੀ। ਈਸੀਜੀ ਰਿਪੋਰਟ ਨੇ ਸਾਡੇ ਸਭ ਤੋਂ ਵੱਡੇ ਡਰ ਨੂੰ ਸੱਚ ਸਾਬਤ ਕਰ ਦਿੱਤਾ। ਉਸਨੂੰ ਬਹੁਤ ਗੰਭੀਰ ਹਾਰਟ ਅਟੈਕ ਆਇਆ ਸੀ। ਉਸਨੂੰ ਤੁਰੰਤ ਪ੍ਰਾਇਮਰੀ ਐਂਜੀਓਪਲਾਸਟੀ ਲਈ ਲਿਜਾਇਆ ਗਿਆ। ਜਾਂਚ ’ਚ ਪਤਾ ਲੱਗਾ ਕਿ ਉਸਦੀ ਲੈਫਟ ਮੇਨ ਆਰਟਰੀ ’ਚ ਬਲੱਡ ਕਲੌਟ ਫਸਿਆ ਹੋਇਆ ਸੀ। ਇਸ ਖੂਨ ਦੀ ਨਾੜੀ ਰਾਹੀਂ ਦਿਲ ਦੇ ਲਗਭਗ 70% ਹਿੱਸੇ ਤੱਕ ਖੂਨ ਪਹੁੰਚਦਾ ਹੈ।
ਤਿੰਨ ਘੰਟੇ ਤੱਕ ਇਹ ਆਪਰੇਸ਼ਨ ਚੱਲਿਆ। ਇਸ ਦੌਰਾਨ ਤਿੰਨ ਵਾਰ ਉਸਦਾ ਦਿਲ ਧੜਕਣਾ ਬੰਦ ਹੋ ਗਿਆ। ਹਰ ਵਾਰ ਮੈਡੀਕਲ ਟੀਮ ਨੇ ਉਸਨੂੰ ਮੁੜ ਰਿਵਾਈਵ ਕੀਤਾ। ਆਈਸੀਯੂ ’ਚ ਕਈ ਦਿਨਾਂ ਤੱਕ ਵੈਂਟੀਲੇਟਰ ਤੇ ਬਲੱਡ ਪ੍ਰੈਸ਼ਰ ਸਪੋਰਟ ’ਤੇ ਰਹਿਣ ਤੋਂ ਬਾਅਦ, 12ਵੇਂ ਦਿਨ ਉਹ ਆਖਿਰਕਾਰ ਆਪਣੇ ਪੈਰਾਂ ’ਤੇ ਤੁਰ ਕੇ ਹਸਪਤਾਲ ਤੋਂ ਡਿਸਚਾਰਜ ਹੋਇਆ।
ਲੜਕੇ ਦੀ ਜਾਨ ਤਾਂ ਬਚ ਗਈ, ਪਰ ਹਰ ਕੋਈ ਇੰਨਾ ਖੁਸ਼ਕਿਸਮਤ ਨਹੀਂ ਹੁੰਦਾ। ਜਦੋਂ ਅਸੀਂ ਉਸਦੀ ਲਾਈਫਸਟਾਈਲ ਤੇ ਬੈਕਗ੍ਰਾਊਂਡ ਦੀ ਜਾਂਚ ਕੀਤੀ ਤਾਂ ਹਾਰਟ ਅਟੈਕ ਦੇ ਪਿੱਛੇ ਦੀਆਂ ਵਜ੍ਹਾਂ ਸਾਫ਼ ਨਜ਼ਰ ਆਈਆਂ—ਬਹੁਤ ਜ਼ਿਆਦਾ ਮੋਟਾਪਾ, ਸਮੋਕਿੰਗ, ਵਰਕਆਊਟ ਦੀ ਕਮੀ, ਸ਼ਰਾਬ ਪੀਣਾ ਤੇ ਬਹੁਤ ਜ਼ਿਆਦਾ ਜੰਕ ਫੂਡ ਖਾਣਾ।
60 ਸਾਲ ਵਾਲੀ ਬਿਮਾਰੀ ਹੁਣ 20 ਦੀ ਉਮਰ ’ਚ
ਕੋਰੋਨਰੀ ਆਰਟਰੀ ਡਿਜ਼ੀਜ਼ ਨੂੰ ਬਜ਼ੁਰਗਾਂ ਦੀ ਬਿਮਾਰੀ ਮੰਨਿਆ ਜਾਂਦਾ ਸੀ, ਕਿਉਂਕਿ ਇਹ ਆਮ ਤੌਰ ’ਤੇ 60 ਸਾਲ ਦੀ ਉਮਰ ਤੋਂ ਬਾਅਦ ਹੁੰਦੀ ਸੀ। ਹਾਲਾਂਕਿ, ਅੱਜ ਇੱਕ ਕਾਰਡੀਓਲੋਜਿਸਟ ਵਜੋਂ ਮੈਂ ਦੇਖ ਰਿਹਾ ਹਾਂ ਕਿ ਇਹ ਬਿਮਾਰੀ 20-30 ਸਾਲ ਦੀ ਉਮਰ ਵਾਲੀ ਪੀੜ੍ਹੀ ਨੂੰ ਵੀ ਆਪਣੀ ਲਪੇਟ ’ਚ ਲੈ ਰਹੀ ਹੈ। ਹਾਲਾਂਕਿ ਜੈਨੇਟਿਕਸ ਤੇ ਫੈਮਿਲੀ ਹਿਸਟਰੀ ਦੀ ਵੀ ਇਸ ’ਚ ਆਪਣੀ ਭੂਮਿਕਾ ਹੁੰਦੀ ਹੈ, ਪਰ ਲਗਾਤਾਰ ਰਹਿਣ ਵਾਲਾ ਤਣਾਅ, ਨੀਂਦ ਦੀ ਕਮੀ, ਸਮੋਕਿੰਗ, ਸ਼ਰਾਬ ਤੇ ਕਸਰਤ ਦੀ ਕਮੀ ਇਸ ਘਾਤਕ ਬਿਮਾਰੀ ਨੂੰ ਨੌਜਵਾਨਾਂ ਦੇ ਨੇੜੇ ਲਿਆ ਰਹੀ ਹੈ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰੁਕ ਜਾਂਦੀਆਂ ਹਨ ਸਾਹਾਂ
ਇਸ ਸਥਿਤੀ ’ਚ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਹ ਅਚਾਨਕ ਤੇ ਬਹੁਤ ਤੇਜ਼ੀ ਨਾਲ ਹਮਲਾ ਕਰਦੀ ਹੈ। ਹਾਰਟ ਅਟੈਕ ਦੇ ਸ਼ਿਕਾਰ ਹੋਏ ਲਗਭਗ 30% ਮਰੀਜ਼ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ। ਅਚਾਨਕ ਹੋਣ ਵਾਲੇ ਇਸ ਕੋਲੈਪਸ ਦਾ ਕਾਰਨ ਦਿਲ ਦੀ ਧੜਕਨ ਦਾ ਅਚਾਨਕ ਵਿਗੜ ਜਾਣਾ ਹੈ, ਜਿਸ ਕਾਰਨ ਦਿਲ ਅਚਾਨਕ ਖੂਨ ਪੰਪ ਕਰਨਾ ਬੰਦ ਕਰ ਦਿੰਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਹਰ ਹਫ਼ਤੇ ਘੱਟੋ-ਘੱਟ 150 ਮਿੰਟ ਦੀ ਮੱਧਮ ਪੱਧਰ ਦੀ ਐਰੋਬਿਕ ਐਕਸਰਸਾਈਜ਼ ਕਰੋ। ਇਸਦੇ ਨਾਲ ਹਲਕੀ ਸਟ੍ਰੈਂਥ ਟ੍ਰੇਨਿੰਗ ਤੇ ਯੋਗਾ ਨੂੰ ਆਪਣੀ ਲਾਈਫਸਟਾਈਲ ’ਚ ਸ਼ਾਮਲ ਕਰੋ।
- ਬਿਨਾਂ ਡਾਕਟਰ ਜਾਂ ਮਾਹਿਰ ਦੀ ਨਿਗਰਾਨੀ ਤੋਂ ਬਹੁਤ ਜ਼ਿਆਦਾ ਬਾਡੀ ਬਿਲਡਿੰਗ ਕਰਨ ਤੋਂ ਬਚੋ।
- ਸਮੋਕਿੰਗ ਤੇ ਸ਼ਰਾਬ ਪੀਣ ਵਰਗੀਆਂ ਆਦਤਾਂ ਨੂੰ ਪੂਰੀ ਤਰ੍ਹਾਂ ਛੱਡੋ।
- ਹਰ ਰੋਜ਼ ਘੱਟੋ-ਘੱਟ 7-9 ਘੰਟਿਆਂ ਦੀ ਚੰਗੀ ਤੇ ਪੂਰੀ ਨੀਂਦ ਲਓ।
- ਜੰਕ ਤੇ ਅਲਟਰਾ-ਪ੍ਰੋਸੈਸਡ ਫੂਡ ਤੋਂ ਪਰਹੇਜ਼ ਕਰੋ ਤੇ ਸਿਹਤਮੰਦ ਤੇ ਸੰਤੁਲਿਤ ਖੁਰਾਕ ਲਓ।
CPR ਦੇ ਸਕਦਾ ਹੈ ਜ਼ਿੰਦਗੀ ਨੂੰ ਦੂਜਾ ਮੌਕਾ
ਐਮਰਜੈਂਸੀ ਦੀ ਸਥਿਤੀ ’ਚ ਆਮ ਲੋਕਾਂ ਦਾ ਜਾਗਰੂਕ ਤੇ ਤਿਆਰ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਕੋਈ ਵਿਅਕਤੀ ਅਚਾਨਕ ਡਿੱਗ ਪਵੇ, ਤਾਂ ਐਂਬੂਲੈਂਸ ਦੇ ਆਉਣ ਤੱਕ CPR ਦੇਣਾ ਜ਼ਿੰਦਗੀ ਬਚਾਉਣ ’ਚ ਮਦਦਗਾਰ ਸਾਬਤ ਹੋ ਸਕਦਾ ਹੈ।
CPR ਦੇਣ ਦਾ ਸਹੀ ਤਰੀਕਾ
ਆਪਣੀ ਹਥੇਲੀ ਦੇ ਹੇਠਲੇ ਹਿੱਸੇ ਨੂੰ ਵਿਅਕਤੀ ਦੀ ਛਾਤੀ ਦੇ ਵਿਚਕਾਰ ਰੱਖੋ। ਦੂਜੇ ਹੱਥ ਦੀਆਂ ਉਂਗਲਾਂ ਨੂੰ ਆਪਸ ’ਚ ਇੰਟਰਲਾਕ ਕਰੋ ਤੇ ਤੇਜ਼ੀ ਨਾਲ ਛਾਤੀ ਨੂੰ ਦਬਾਓ। ਛਾਤੀ ਨੂੰ ਘੱਟੋ-ਘੱਟ 2 ਇੰਚ ਡੂੰਘਾਈ ਤੱਕ ਦਬਾਉਣਾ ਚਾਹੀਦਾ ਹੈ ਤੇ ਇਸਦੀ ਗਤੀ 100 ਤੋਂ 120 ਕੰਪ੍ਰੈਸ਼ਨ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ। ਹਰ ਦਬਾਅ ਤੋਂ ਬਾਅਦ ਛਾਤੀ ਨੂੰ ਪੂਰੀ ਤਰ੍ਹਾਂ ਆਪਣੀ ਸਥਿਤੀ ’ਚ ਵਾਪਸ ਆਉਣ ਦਿਓ।
