ਚੰਡੀਗੜ੍ਹ, 17 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) :

ਅਸੀਂ ਅਕਸਰ ਤਣਾਅ ਨੂੰ ਵਿਅਕਤੀ ਦੇ ਸੁਭਾਅ ਦਾ ਹਿੱਸਾ ਮੰਨ ਲੈਂਦੇ ਹਾਂ। ਉਹ ਬਹੁਤ ਜ਼ਿਆਦਾ ਚਿੰਤਾ ਕਰਦੀ ਹੈ। ਉਹ ਹਰ ਗੱਲ ਨੂੰ ਲੋੜ ਤੋਂ ਵੱਧ ਸੋਚਦਾ ਹੈ। ਉਹ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ। ਪਰ ਤਣਾਅ ਇੱਕ ਸਿਹਤ ਸਮੱਸਿਆ ਦਾ ਰੂਪ ਵੀ ਲੈ ਸਕਦਾ ਹੈ। ਵੱਡੀ ਚੁਣੌਤੀ ਇਹ ਪਛਾਣਨ ਦੀ ਹੈ ਕਿ ਆਮ ਚਿੰਤਾ ਕਦੋਂ ਸਿਹਤ ਸਮੱਸਿਆ ਵਿੱਚ ਬਦਲ ਜਾਂਦੀ ਹੈ।

ਨਿਊਰੋਟਿਕ ਅਤੇ ਤਣਾਅ-ਸਬੰਧੀ ਸਮੱਸਿਆ ਸਿਰਫ਼ ਰੋਜ਼ਮਰਾ ਦੇ ਆਮ ਤਣਾਅ ਤੱਕ ਸੀਮਤ ਨਹੀਂ ਹੁੰਦੀ । ਇਨ੍ਹਾਂ ਵਿੱਚ ਚਿੰਤਾ, ਡਰ, ਬੇਚੈਨੀ ਜਾਂ ਸਰੀਰਕ ਲੱਛਣਾਂ ਦੇ ਅਜਿਹੇ ਗੰਭੀਰ ਰੂਪ ਸ਼ਾਮਲ ਹੁੰਦੇ ਹਨ, ਜੋ ਵਿਅਕਤੀ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ ਵਿੱਚ ਐਂਜ਼ਾਇਟੀ ਡਿਸਆਰਡਰ, ਫੋਬਿਕ ਡਿਸਆਰਡਰ, ਆਬਸੈਸਿਵ-ਕੰਪਲਸਿਵ ਡਿਸਆਰਡਰ , ਗੰਭੀਰ ਤਣਾਅ ਪ੍ਰਤੀ ਪ੍ਰਤੀਕਿਰਿਆ ਅਤੇ ਐਡਜਸਟਮੈਂਟ ਡਿਸਆਰਡਰ ਸ਼ਾਮਲ ਹਨ।

ਜਨਰਲਾਈਜ਼ਡ ਐਂਜ਼ਾਇਟੀ ਡਿਸਆਰਡਰ  ਨੂੰ ਦੁਨੀਆ ਭਰ ਵਿੱਚ ਪਾਏ ਜਾਣ ਵਾਲੇ ਆਮ ਮਾਨਸਿਕ ਵਿਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਿਦਾਨ ਦੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਲਗਭਗ 5 ਫ਼ੀਸਦੀ ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਹਨ। ਹਾਲਾਂਕਿ, ਇਹ ਸਥਿਤੀ ਦੀ ਸਿਰਫ਼ ਇੱਕ ਤਸਵੀਰ ਹੋ ਸਕਦੀ ਹੈ, ਕਿਉਂਕਿ ਸਮਾਜਿਕ ਬੰਦਿਸ਼ਾਂ ਅਤੇ ਇਲਾਜ ਕਰਵਾਉਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਕਾਰਨ ਕਈ ਲੋਕ ਇਲਾਜ ਹੀ ਨਹੀਂ ਕਰਵਾ ਪਾਉਂਦੇ ।

ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ  ਵਿੱਚ ਮਾਨਸਿਕ ਸਿਹਤ ਨੂੰ ‘ਮੈਂਟਲ ਡਿਸਆਰਡਰਜ਼’ ਸ਼੍ਰੇਣੀ ਅਧੀਨ ਸ਼ਾਮਲ ਕੀਤਾ ਗਿਆ ਹੈ। ਨਿਊਰੋਟਿਕ, ਤਣਾਅ-ਸਬੰਧੀ ਅਤੇ ਸੋਮੈਟੋਫਾਰਮ ਸਮੱਸਿਆਵਾਂ ਲਈ ਇਲਾਜ ਪੈਕੇਜ ਨੂੰ ‘ਰੈਗੂਲਰ ਪ੍ਰੋਸੀਜਰ’ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮਾਨਸਿਕ ਸਿਹਤ ਦੇ ਇਲਾਜ ਨੂੰ ਕਿਸੇ ਪਰਿਵਾਰਕ ja ਆਰਥਿਕ ਰੁਕਾਵਟ ਕਰਕੇ ਟਾਲਿਆ ਨਹੀਂ ਜਾਣਾ ਚਾਹੀਦਾ ।”

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਦੇ ਬਰਾਬਰ ਤਰਜੀਹ ਮਿਲਣੀ ਚਾਹੀਦੀ ਹੈ ਅਤੇ ਆਰਥਿਕ ਰੁਕਾਵਟਾਂ ਕਾਰਨ ਲੋਕ ਇਲਾਜ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ। ਉਨ੍ਹਾਂ ਕਿਹਾ,”ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਮਾਨਸਿਕ ਸਿਹਤ ਦੇ ਇਲਾਜ ਨੂੰ ਸ਼ਾਮਲ ਕਰਨ ਦਾ ਉਦੇਸ਼ ਇਲਾਜ ਨੂੰ ਲੋਕਾਂ ਲਈ ਵਧੇਰੇ ਪਹੁੰਚਯੋਗ ਬਣਾਉਣਾ ਅਤੇ ਉਨ੍ਹਾਂ ਨੂੰ ਸਮੇਂ ਸਿਰ ਮਦਦ ਲੈਣ ਲਈ ਉਤਸ਼ਾਹਿਤ ਕਰਨਾ ਹੈ।”

ਡਾ. ਗਗਨਦੀਪ ਸੇਖੋਂ, ਐਮ.ਡੀ. (ਮਨੋਚਿਕਿਤਸਾ), ਕਨਸਲਟੈਂਟ ਮਨੋਚਿਕਿਤਸਕ, ਸਿਵਲ ਹਸਪਤਾਲ ਬਰਨਾਲਾ ਨੇ ਕਿਹਾ, “ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਅਕਸਰ ਉਦੋਂ ਤੱਕ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਜਦੋਂ ਤੱਕ ਇਹ ਰੋਜ਼ਾਨਾ ਜੀਵਨ ਅਤੇ ਆਮ ਕੰਮਕਾਜ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਨਹੀਂ ਕਰ ਦਿੰਦੀਆਂ। ਉਸ ਸਮੇਂ ਤੱਕ ਇਨ੍ਹਾਂ ਨਾਲ ਨਜਿੱਠਣਾ ਵਧੇਰੇ ਮੁਸ਼ਕਲ ਹੋ ਜਾਂਦਾ ਹੈ।” ਉਨ੍ਹਾਂ ਕਿਹਾ ਕਿ 18 ਤੋਂ 45 ਸਾਲ ਦੀ ਉਮਰ ਦਾ ਵਰਗ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ, ਕਿਉਂਕਿ ਇਸ ਉਮਰ ਵਿੱਚ ਲੋਕ ਕਰੀਅਰ ਬਣਾਉਣ, ਰਿਸ਼ਤੇ ਸੰਭਾਲਣ ਅਤੇ ਆਰਥਿਕ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰੁੱਝੇ ਹੁੰਦੇ ਹਨ।

*ਜਦੋਂ ਦਿਮਾਗ ਲਈ ਆਰਾਮ ਮੁਸ਼ਕਲ ਹੋ ਜਾਵੇ*

ਤਣਾਅ ਨੂੰ ਇੱਕ ਅਲਾਰਮ ਸਿਸਟਮ ਵਾਂਗ ਸਮਝਿਆ ਜਾ ਸਕਦਾ ਹੈ। ਖ਼ਤਰਾ ਹੋਣ ’ਤੇ ਇਹ ਅਲਾਰਮ ਵੱਜਣਾ ਚਾਹੀਦਾ ਹੈ ਅਤੇ ਖ਼ਤਰਾ ਟਲਣ ਤੋਂ ਬਾਅਦ ਸ਼ਾਂਤ ਹੋ ਜਾਣਾ ਚਾਹੀਦਾ ਹੈ। ਡਾ. ਗਗਨਦੀਪ ਸੇਖੋਂ ਨੇ ਕਿਹਾ, “ਤਣਾਅ-ਸਬੰਧੀ ਬਿਮਾਰੀਆਂ ਵਿੱਚ ਇਹੀ ਅਲਾਰਮ ਸਮੱਸਿਆ ਬਣ ਜਾਂਦਾ ਹੈ। ਵਿਅਕਤੀ ਨੂੰ ਲਗਾਤਾਰ ਚਿੰਤਾ, ਡਰ, ਚਿੜਚਿੜਾਪਣ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ, ਨੀਂਦ ਵਿੱਚ ਪਰੇਸ਼ਾਨੀ ਜਾਂ ਹਰ ਸਮੇਂ ਬੇਚੈਨੀ ਮਹਿਸੂਸ ਹੋ ਸਕਦੀ ਹੈ। ਚਿੰਤਾ ਸਰੀਰਕ ਲੱਛਣਾਂ ਦਾ ਰੂਪ ਵੀ ਲੈ ਸਕਦੀ ਹੈ, ਜਿਵੇਂ ਦਿਲ ਦੀ ਧੜਕਣ ਤੇਜ਼ ਹੋਣਾ, ਪਸੀਨਾ ਆਉਣਾ, ਕੰਬਣਾ, ਜੀਅ ਮਤਲਾਉਣਾ ਅਤੇ ਮਾਸਪੇਸ਼ੀਆਂ ਵਿੱਚ ਖਿਚਾਅ।” ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਵੀ ਐਂਜ਼ਾਇਟੀ ਡਿਸਆਰਡਰ ਪਰਿਵਾਰਕ ਜੀਵਨ, ਸਿੱਖਿਆ ਅਤੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਸ ਤੋਂ ਇਲਾਵਾ ਇੱਕ ਅਜਿਹੀ ਸਥਿਤੀ ਵੀ ਹੈ, ਜਿਸ ਨੂੰ ਅਕਸਰ ਸਹੀ ਢੰਗ ਨਾਲ ਸਮਝਿਆ ਨਹੀਂ ਜਾਂਦਾ: ਇਸ ਵਿੱਚ ਸਰੀਰ ਸਾਡੇ ਮਨ ਵਿੱਚ ਚੱਲ ਰਹੀ ਪਰੇਸ਼ਾਨੀ ਨੂੰ ਸਰੀਰਕ ਲੱਛਣਾਂ ਦੇ ਰੂਪ ਵਿੱਚ ਪ੍ਰਗਟ ਕਰਨ ਲੱਗਦਾ ਹੈ। ਡਾ. ਗਗਨਦੀਪ ਸੇਖੋਂ ਨੇ ਦੱਸਿਆ, “ਸੋਮੈਟੋਫਾਰਮ ਵਿਕਾਰਾਂ ਵਿੱਚ ਸਰੀਰਕ ਲੱਛਣ ਲਗਾਤਾਰ ਬਣੇ ਰਹਿ ਸਕਦੇ ਹਨ, ਭਾਵੇਂ ਜਾਂਚ ਵਿੱਚ ਉਨ੍ਹਾਂ ਦੀ ਗੰਭੀਰਤਾ ਦਾ ਪੂਰਾ ਕਾਰਨ ਸਪੱਸ਼ਟ ਨਾ ਵੀ ਹੋਵੇ। ਇਨ੍ਹਾਂ ਵਿੱਚ ਦਰਦ, ਸਰੀਰ ਵਿੱਚ ਭਾਰਾਪਣ ਜਾਂ ਪੇਟ ਫੁੱਲਣਾ ਵਰਗੇ ਲੱਛਣ  ਹੋ ਸਕਦੇ ਹਨ।”

ਇਸ ਲਈ ਕਿਸੇ ਵਿਅਕਤੀ ਨੂੰ ਇਹ ਕਹਿਣਾ ਕਿ “ਇਹ ਸਭ ਤੁਹਾਡੇ ਦਿਮਾਗ ਦੀ ਉਪਜ ਹੈ” ਸਮੱਸਿਆ ਨੂੰ ਸਮਝਣ ਦਾ ਸਹੀ ਤਰੀਕਾ ਨਹੀਂ ਹੈ। ਲੱਛਣ ਅਸਲ ਹੁੰਦੇ ਹਨ। ਮਨ ਅਤੇ ਸਰੀਰ ਵਿਚਕਾਰ ਸਬੰਧ ਵੀ ਅਸਲ ਹੁੰਦਾ ਹੈ।

ਕਈ ਵਾਰ ਇਸ ਦੀ ਸ਼ੁਰੂਆਤ ਕਿਸੇ ਇੱਕ ਵੱਡੀ ਘਟਨਾ ਨਾਲ ਹੋ ਸਕਦੀ ਹੈ—ਜਿਵੇਂ ਕਿਸੇ ਕਰੀਬੀ ਦੀ ਮੌਤ, ਵੱਖਰਾ ਹੋਣਾ, ਬੀਮਾਰੀ, ਆਰਥਿਕ ਸੰਕਟ ਜਾਂ ਜੀਵਨ ਵਿੱਚ ਆਇਆ ਕੋਈ ਵੱਡਾ ਬਦਲਾਅ। ਦੂਜੇ ਪਾਸੇ, ਕਈ ਵਾਰ ਇਹ ਲੰਬੇ ਸਮੇਂ ਤੋਂ  ਬਣ ਰਹੇ ਤਣਾਅ ਦਾ ਨਤੀਜਾ ਹੋ ਸਕਦਾ ਹੈ: ਕਈ ਮਹੀਨਿਆਂ ਦੇ ਕੰਮ ਦਾ ਦਬਾਅ, ਪਰਿਵਾਰਕ ਜ਼ਿੰਮੇਵਾਰੀਆਂ, ਅਨਿਸ਼ਚਿਤਤਾ ਅਤੇ ਨੀਂਦ ਦੀ ਕਮੀ ਹੌਲੀ-ਹੌਲੀ ਵਿਅਕਤੀ ਦੀ ਤਣਾਅ ਨਾਲ ਨਜਿੱਠਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਅਜਿਹੀਆਂ ਸਥਿਤੀਆਂ ਵਿੱਚ ਸਮੇਂ ਸਿਰ ਸਿਹਤ ਸੇਵਾਵਾਂ ਤੱਕ ਪਹੁੰਚ ਮਹੱਤਵਪੂਰਨ ਹੋ ਸਕਦੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਯੋਗ ਪਰਿਵਾਰਾਂ ਨੂੰ ਯੋਜਨਾ ਅਧੀਨ ਸ਼ਾਮਲ ਇਲਾਜ ਦਾ ਲਾਭ ਲੈਣ ਵਿੱਚ ਮਦਦ ਕਰ ਸਕਦੀ ਹੈ ਤਾਂ ਜੋ ਇਲਾਜ ਦਾ ਖ਼ਰਚਾ ਉਨ੍ਹਾਂ ਦੀਆਂ ਚਿੰਤਾਵਾਂ ਦਾ ਇੱਕ ਹੋਰ ਕਾਰਨ ਨਾ ਬਣੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।