ਨਵੀਂ ਦਿੱਲੀ 09 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਜੇਕਰ ਤੁਸੀਂ ਦੀਵਾਲੀ ਜਾਂ ਦੁਰਗਾ ਪੂਜਾ ਦੀਆਂ ਛੁੱਟੀਆਂ ਦੌਰਾਨ ਫਲਾਈਟ ਰਾਹੀਂ ਘਰ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਆਪਣਾ ਬਜਟ ਜ਼ਰੂਰ ਚੈੱਕ ਕਰ ਲਓ। ਤਿਉਹਾਰੀ ਸੀਜ਼ਨ ਸ਼ੁਰੂ ਹੁੰਦੇ ਹੀ ਹਵਾਈ ਟਿਕਟਾਂ ਦੀਆਂ ਕੀਮਤਾਂ ’ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਤ ਇਹ ਹਨ ਕਿ ਜੋ ਟਿਕਟ ਆਮ ਦਿਨਾਂ ’ਚ ਸਿਰਫ਼ 2,800 ’ਚ ਮਿਲ ਜਾਂਦੀ ਸੀ, ਉਸ ਦੀ ਕੀਮਤ ਹੁਣ ਪੀਕ ਤਰੀਕਾਂ ’ਤੇ 12,500 ਤੱਕ ਪਹੁੰਚ ਗਈ ਹੈ। ਕਈ ਰੂਟਾਂ ‘ਤੇ ਤਾਂ ਕਿਰਾਏ ’ਚ 340% ਤੱਕ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਰਿਪੋਰਟਾਂ ਮੁਤਾਬਕ ਸਭ ਤੋਂ ਜ਼ਿਆਦਾ ਮਹਿੰਗਾਈ ਉਨ੍ਹਾਂ ਰੂਟਾਂ ’ਤੇ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਮੁਕਾਬਲਾ ਘੱਟ ਹੈ ਜਾਂ ਸਿਰਫ਼ ਇੱਕ ਹੀ ਏਅਰਲਾਈਨ ਸਿੱਧੀ ਉਡਾਣ (Direct Flight) ਮੁਹੱਈਆ ਕਰਵਾਉਂਦੀ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਤਿਉਹਾਰੀ ਸੀਜ਼ਨ ਦੌਰਾਨ ਕਿਹੜੇ ਰੂਟਾਂ ‘ਤੇ ਕਿੰਨਾ ਕਿਰਾਇਆ ਵਧਿਆ ਹੈ।
ਮਹਿੰਗੇ ਹੋਏ ਪ੍ਰਮੁੱਖ ਫਲਾਈਟ ਰੂਟ ਤੇ ਉਨ੍ਹਾਂ ਦੇ ਕਿਰਾਏ
1.ਕੋਲਕਾਤਾ ਤੋਂ ਦੇਵਘਰ :
ਇਹ ਰੂਟ ਮਹਿੰਗਾਈ ਦਾ ਸਭ ਤੋਂ ਵੱਡਾ ਸ਼ਿਕਾਰ ਹੋਇਆ ਹੈ। ਦੁਰਗਾ ਪੂਜਾ ਦੌਰਾਨ ਇਸ ਰੂਟ ਦਾ ਆਮ ਕਿਰਾਇਆ ਲਗਭਗ 2,800 ਹੁੰਦਾ ਹੈ, ਪਰ ਪੀਕ ਤਰੀਕਾਂ ‘ਤੇ ਇਹ ਵਧ ਕੇ 12,500 ਤੋਂ ਪਾਰ ਪਹੁੰਚ ਗਿਆ ਹੈ।
2. ਦਿੱਲੀ ਤੋਂ ਪਟਨਾ :ਆਮ ਦਿਨਾਂ ’ਚ ਨਾਨ-ਸਟਾਪ ਇਕਾਨਮੀ ਟਿਕਟ 3,500 ਤੋਂ 4,500 ’ਚ ਮਿਲ ਜਾਂਦੀ ਹੈ, ਪਰ ਹੁਣ ਇਸ ਦਾ ਕਿਰਾਇਆ 12,500 ਤੋਂ ਉੱਪਰ ਪਹੁੰਚ ਚੁੱਕਾ ਹੈ। ਆਖਰੀ ਸਮੇਂ ਦੀ ਬੁਕਿੰਗ ’ਤੇ ਇਹ 13,500 ਤੋਂ ਵੀ ਜ਼ਿਆਦਾ ਹੋ ਸਕਦਾ ਹੈ।
3. ਦਿੱਲੀ ਤੋਂ ਅਗੱਤੀ :
ਇਸ ਰੂਟ ‘ਤੇ ਆਮ ਦਿਨਾਂ ’ਚ ਟਿਕਟ ਦੀ ਕੀਮਤ ਲਗਭਗ 8,500 ਹੁੰਦੀ ਹੈ, ਜੋ ਹੁਣ ਵਧ ਕੇ ਕਰੀਬ 25,000 ਤੱਕ ਪਹੁੰਚ ਗਈ ਹੈ।
4. ਬੈਂਗਲੁਰੂ ਤੋਂ ਝਾਰਸੁਗੁੜਾ :
ਦੀਵਾਲੀ ਦੇ ਆਸ-ਪਾਸ ਇਸ ਰੂਟ ਦਾ ਕਿਰਾਇਆ ਆਮ ਤੌਰ ’ਤੇ 4,200 ਰਹਿੰਦਾ ਹੈ, ਪਰ ਹੁਣ ਇਸ ਲਈ 16,200 ਤੋਂ ਵੱਧ ਭੁਗਤਾਨ ਕਰਨਾ ਪਵੇਗਾ।
5. ਮੁੰਬਈ ਤੋਂ ਬਰੇਲੀ :
ਇਸ ਰੂਟ ‘ਤੇ ਆਮ ਦਿਨਾਂ ’ਚ ਕਿਰਾਇਆ ਲਗਭਗ 4,500 ਹੁੰਦਾ ਹੈ, ਪਰ ਹੁਣ ਇਹ ਵਧ ਕੇ 15,000 ਹੋ ਗਿਆ ਹੈ।
6. ਮੁੰਬਈ ਤੋਂ ਕੋਲਕਾਤਾ :
ਦੁਰਗਾ ਪੂਜਾ ਦੇ ਪੀਕ ਦਿਨਾਂ ’ਚ ਇਸ ਰੂਟ ਦਾ ਕਿਰਾਇਆ 11,500 ਤੋਂ 14,500 ਤੱਕ ਪਹੁੰਚ ਗਿਆ ਹੈ, ਜਦਕਿ ਆਮ ਦਿਨਾਂ ’ਚ ਇਹ ਲਗਭਗ 5,000 ਰਹਿੰਦਾ ਹੈ।
ਆਖਿਰ ਕਿਉਂ ਇੰਨੀ ਵੱਧ ਰਹੀਆਂ ਹਨ ਕੀਮਤਾਂ?
ਏਅਰਲਾਈਨਾਂ ਦਾ ਸਿਸਟਮ ਇਸ ਤਰ੍ਹਾਂ ਕੰਮ ਕਰਦਾ ਹੈ ਕਿ ਜਿਵੇਂ-ਜਿਵੇਂ ਫਲਾਈਟ ਦੀਆਂ ਸੀਟਾਂ ਭਰਦੀਆਂ ਜਾਂਦੀਆਂ ਹਨ, ਬਚੀਆਂ ਹੋਈਆਂ ਟਿਕਟਾਂ ਦੀਆਂ ਕੀਮਤਾਂ ਆਪਣੇ ਆਪ ਵਧਦੀਆਂ ਜਾਂਦੀਆਂ ਹਨ। 1 ਸਤੰਬਰ ਤੋਂ ਏਅਰਲਾਈਨਾਂ ’ਚ ਵਰਤੇ ਜਾਣ ਵਾਲੇ ਐਵੀਏਸ਼ਨ ਟਰਬਾਈਨ ਫਿਊਲ (ATF) ਦੀ ਕੀਮਤ ’ਚ 5.46% ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 121.28 ਪ੍ਰਤੀ ਲੀਟਰ ਹੋ ਗਈ ਹੈ। ਏਅਰਲਾਈਨ ਦੀ ਕੁੱਲ ਲਾਗਤ ਦਾ ਲਗਭਗ 35-40% ਹਿੱਸਾ ਸਿਰਫ਼ ਫਿਊਲ ’ਤੇ ਖਰਚ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਵੀ ਤਿਉਹਾਰਾਂ ਦੌਰਾਨ ਹਵਾਈ ਸਫਰ ਕਰਨ ਵਾਲੇ ਹੋ, ਤਾਂ ਆਪਣੀ ਟਿਕਟ ਜਲਦ ਤੋਂ ਜਲਦ ਬੁੱਕ ਕਰ ਲਓ, ਤਾਂ ਜੋ ਵਧਦੇ ਕਿਰਾਏ ਤੋਂ ਬਚਿਆ ਜਾ ਸਕੇ।
