ਅੰਮ੍ਰਿਤਸਰ 08 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ’ਚ ਪੰਜਾਬ ਕੋਟੇ ਦੀਆਂ ਕਰੀਬ 2500 ਅਸਾਮੀਆਂ ਖਾਲੀ ਰਹਿਣ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ।
ਉਨ੍ਹਾਂ ਸਵਾਲ ਕੀਤਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਪਾਣੀ ਦੇ ਹਿੱਤਾਂ ਦੀ ਰਾਖੀ ਲਈ ਗੰਭੀਰ ਹੈ ਤਾਂ ਪੰਜਾਬ ਕੋਟੇ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਚਾਰ ਸਾਲਾਂ ਤੋਂ ਖਾਲੀ ਕਿਉਂ ਪਈਆਂ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਮਲਿਕ ਨੇ ਦੋਸ਼ ਲਾਇਆ ਕਿ ਬੀਬੀਐੱਮਬੀ ਵਿੱਚ ਪੰਜਾਬ ਦੀ ਸੰਸਥਾਗਤ ਸਥਿਤੀ ਕਮਜ਼ੋਰ ਹੋਣਾ ਮਾਨ ਸਰਕਾਰ ਦੀ ਪ੍ਰਸ਼ਾਸਕੀ ਨਾਕਾਮੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪਾਣੀ ਨਾਲ ਸਬੰਧਤ ਵਿਵਾਦ ਹੋਣ ’ਤੇ ਪੰਜਾਬ ਵਿੱਚ ਪੁਲਿਸ ਤਾਇਨਾਤ ਕੀਤੀ ਜਾਂਦੀ ਹੈ, ਪਰ ਬੋਰਡ ਵਿੱਚ ਪੰਜਾਬ ਦੇ ਜਾਇਜ਼ ਕੋਟੇ ਦੀਆਂ ਅਸਾਮੀਆਂ ਨਹੀਂ ਭਰੀਆਂ ਜਾ ਰਹੀਆਂ।
ਮਲਿਕ ਨੇ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਨੇ ਕਰੀਬ 2021 ਵਿੱਚ ਵੱਖਰਾ ਬੀਬੀਐੱਮਬੀ ਕੇਡਰ ਬਣਾਕੇ ਆਪਣੇ ਕੋਟੇ ਦੇ ਅਹੁਦੇ ਭਰਨ ਲਈ ਕਦਮ ਚੁੱਕੇ, ਜਦਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਪਿੱਛੇ ਰਹੀ। ਉਨ੍ਹਾਂ ਕਿਹਾ ਕਿ ਅਕਤੂਬਰ 2024 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਾਮੀਆਂ ਭਰਨ ਦੀ ਪ੍ਰਕਿਰਿਆ ਚੱਲਣ ਦੀ ਗੱਲ ਕਹੀ ਸੀ, ਪਰ ਹੁਣ ਵੀ ਹਜ਼ਾਰਾਂ ਅਸਾਮੀਆਂ ਖਾਲੀ ਹਨ। ਉਨ੍ਹਾਂ ਮੁਤਾਬਕ 2025 ਦੇ ਅੰਤ ਵਿੱਚ ਵਿਸ਼ੇਸ਼ ਬੀਬੀਐੱਮਬੀ ਕੇਡਰ ਨੂੰ ਕੈਬਨਿਟ ਮਨਜ਼ੂਰੀ ਮਿਲਣ ਦੇ ਬਾਵਜੂਦ ਭਰਤੀ ਅੱਗੇ ਨਹੀਂ ਵਧੀ।
ਮਲਿਕ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਾਰੀਆਂ ਖਾਲੀ ਅਸਾਮੀਆਂ ਤੁਰੰਤ ਭਰੇ, ਸਮਾਂਬੱਧ ਭਰਤੀ ਸ਼ਡਿਊਲ ਜਾਰੀ ਕਰੇ ਅਤੇ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਏ।
