04 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਸਿਹਤ ਕੇਂਦਰ ਦੀ ਮੰਦੀ ਹਾਲਤ ਨੇ ‘ਸਿਹਤ ਕ੍ਰਾਂਤੀ’ ਦੇ ਦਾਅਵਿਆਂ ਦੀ ਖੋਲ੍ਹੀ ਪੋਲ : ਅਮਰਜੀਤ ਸਿੰਘ ਢਾਡੇਕਟਵਾਲ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਇਲਾਕੇ ਦੇ ਲੋਕਾਂ ਨੂੰ ਮੁੱਢਲੀਆਂ ਸਰਕਾਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਹਾਜੀਪੁਰ ਦੀ ਖਸਤਾ ਹਾਲਤ ਅਤੇ ਸਿਹਤ ਪ੍ਰਬੰਧਾਂ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਕਿਸਾਨ ਸੈੱਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ ਸਿਹਤ ਕੇਂਦਰ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਕਥਿਤ ਤੌਰ ’ਤੇ ਪਾਰਕਿੰਗ ਦੇ ਨਾਂ ’ਤੇ ਵਸੂਲੀ ਕੀਤੇ ਜਾਣ ਦਾ ਮੁੱਦਾ ਚੁੱਕਿਆ ਹੈ। ਢਾਡੇਕਟਵਾਲ ਨੇ ਕਿਹਾ ਕਿ ਸੀਐੱਚਸੀ ਹਾਜੀਪੁਰ ਆਲੇ-ਦੁਆਲੇ ਦੇ ਕਈ ਪਿੰਡਾਂ ਲਈ ਮੁੱਖ ਸਰਕਾਰੀ ਸਿਹਤ ਸੰਸਥਾ ਹੈ, ਜਿੱਥੇ ਆਮ ਲੋਕ ਘੱਟ ਖਰਚੇ ’ਤੇ ਇਲਾਜ ਦੀ ਉਮੀਦ ਨਾਲ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਸਿਹਤ ਕੇਂਦਰ ਅੰਦਰ ਵਾਹਨ ਖੜ੍ਹੇ ਕਰਨ ਲਈ ਪਾਰਕਿੰਗ ਪਰਚੀ ਲਗਾਈ ਜਾ ਰਹੀ ਹੈ, ਜਦਕਿ ਇੱਥੇ ਕੋਈ ਢੁੱਕਵਾਂ ਪਾਰਕਿੰਗ ਸਥਾਨ ਵੀ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਲਾਜ ਲਈ ਆਉਣ ਵਾਲੇ ਲੋਕਾਂ ’ਤੇ ਇਸ ਤਰ੍ਹਾਂ ਦੀ ਵਸੂਲੀ ਵਾਧੂ ਆਰਥਿਕ ਬੋਝ ਪਾ ਰਹੀ ਹੈ, ਜਦਕਿ ਸਰਕਾਰ ਦਾ ਕੰਮ ਸਹੂਲਤਾਂ ਮੁਹੱਈਆ ਕਰਵਾਉਣਾ ਹੁੰਦਾ ਹੈ। ਢਾਡੇਕਟਵਾਲ ਨੇ ਸਿਹਤ ਕੇਂਦਰ ਦੀ ਇਮਾਰਤ ਦੀ ਮਾੜੀ ਹਾਲਤ ਦਾ ਵੀ ਮੁੱਦਾ ਉਠਾਇਆ। ਉਨ੍ਹਾਂ ਦੱਸਿਆ ਕਿ ਇਮਾਰਤ ਖਸਤਾਹਾਲ ਹੋ ਰਹੀ ਹੈ, ਪਖਾਨਿਆਂ ਦੀ ਹਾਲਤ ਵੀ ਤਸੱਲੀਬਖਸ਼ ਨਹੀਂ ਹੈ ਅਤੇ ਪਿਛਲੇ ਬਰਸਾਤੀ ਮੌਸਮ ਦੌਰਾਨ ਨੁਕਸਾਨੀ ਗਈ ਸਿਹਤ ਕੇਂਦਰ ਦੀ ਚਾਰਦੀਵਾਰੀ ਦੀ ਮੁਰੰਮਤ ਵੀ ਹਾਲੇ ਤੱਕ ਨਹੀਂ ਹੋ ਸਕੀ। ਉਨ੍ਹਾਂ ਡਾਕਟਰਾਂ ਦੀ ਘਾਟ ਵੱਲ ਵੀ ਸਰਕਾਰ ਦਾ ਧਿਆਨ ਦਿਵਾਇਆ। ਢਾਡੇਕਟਵਾਲ ਨੇ ਦੱਸਿਆ ਕਿ ਸਿਹਤ ਕੇਂਦਰ ਲਈ ਜ਼ਮੀਨ ਦਾ ਕੁੱਝ ਹਿੱਸਾ ਉਨ੍ਹਾਂ ਦੇ ਪੁਰਖਿਆਂ ਵੱਲੋਂ ਦੀਨ-ਦੁਖੀਆਂ ਦੇ ਇਲਾਜ ਲਈ ਸਹਿਯੋਗ ਦੇ ਉਦੇਸ਼ ਨਾਲ ਦਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੀ ਬਜਾਏ ਜੇ ਉਨ੍ਹਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਪਰਚੀਆਂ ਰਾਹੀਂ ਵਸੂਲੀ ਕੀਤੀ ਜਾਵੇ ਤਾਂ ਇਹ ਹਲਕੇ ਦੀ ਜਨਤਾ ਨਾਲ ਧੋਖਾ ਤੇ ਵੱਡਾ ਚਿੰਤਾ ਦਾ ਵਿਸ਼ਾ ਹੈ। ਅਮਰਜੀਤ ਸਿੰਘ ਢਾਡੇਕਟਵਾਲ ਨੇ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਾਰਕਿੰਗ ਪਰਚੀ ਦੇ ਨਾਂ ’ਤੇ ਹੋ ਰਹੀ ਕਥਿਤ ਵਸੂਲੀ ਨੂੰ ਤੁਰੰਤ ਰੋਕਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਸੀਐੱਚਸੀ ਦੀ ਇਮਾਰਤ ਦੀ ਮੁਰੰਮਤ, ਪਖਾਨਿਆਂ ਦਾ ਸੁਚਾਰੂ ਪ੍ਰਬੰਧ ਅਤੇ ਡਾਕਟਰਾਂ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੀਐੱਚਸੀ ਹਾਜੀਪੁਰ ਵਿੱਚ ਹੋ ਰਹੀ ਕਥਿਤ ਪਾਰਕਿੰਗ ਵਸੂਲੀ ਦੀ ਨਿਰਪੱਖ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਸ਼ਾਮ ਸਿੰਘ ਕੁੱਲੀਆਂ ਲੁਬਾਣਾ, ਪ੍ਰਿੰਸ ਸ਼ਰਮਾ ਹਾਜੀਪੁਰ, ਬਲਬੀਰ ਸਿੰਘ ਅਜਮੇਰ, ਬਲਵੀਰ ਸਿੰਘ ਭਵਨਾਲ, ਰਵੀ ਕੁਮਾਰ, ਮਹਿੰਦਰ ਸਿੰਘ ਖੁੰਡਾਂ, ਸਰਦਾਰੀ ਲਾਲ ਢਾਡੇਕਟਵਾਲ, ਗਗਨ ਸਿੰਘ ਹਾਜੀਪੁਰ, ਯਾਕੂਬ ਮਸੀਹ, ਲੱਖੀ ਸ਼ਰਮਾ ਹਾਜੀਪੁਰ, ਚਮਨ ਕੁਮਾਰ, ਮਿੱਠੂ ਸ਼ਿੱਬੋਚੱਕ, ਬਲਵਿੰਦਰ ਸਿੰਘ ਸਹਾਲੀਆਂ ਆਦਿ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।