ਨਵੀਂ ਦਿੱਲੀ 02 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪਾਕਿਸਤਾਨ ਖ਼ਿਲਾਫ਼ ਟੈਸਟ ਸੀਰੀਜ਼ ‘ਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ICC ਮੈਂਸ ਟੈਸਟ ਬਾਲਿੰਗ ਰੈਂਕਿੰਗ ਵਿਚ ਉਨ੍ਹਾਂ ਨੂੰ ਕਾਫ਼ੀ ਫਾਇਦਾ ਹੋਇਆ ਹੈ। ਪਾਕਿਸਤਾਨ ਖ਼ਿਲਾਫ਼ ਹੈਡਿੰਗਲੇ, ਲੀਡਜ਼ ‘ਚ ਖੇਡੇ ਗਏ ਪਹਿਲੇ ਟੈਸਟ ‘ਚ ਓਲੀ ਨੇ 8 ਵਿਕਟਾਂ ਝਟਕੀਆਂ ਸਨ। ਉਥੇ ਹੀ ਲਾਰਡਜ਼ ‘ਚ ਹੋਏ ਦੂਜੇ ਮੁਕਾਬਲੇ ‘ਚ ਵੀ ਉਨ੍ਹਾਂ ਨੇ 8 ਵਿਕਟਾਂ ਹਾਸਲ ਕੀਤੀਆਂ। ਰੌਬਿਨਸਨ ਦੋਵੇਂ ਹੀ ਟੈਸਟ ਮੈਚਾਂ ‘ਚ ਪਲੇਅਰ ਆਫ਼ ਦ ਮੈਚ ਰਹੇ। ਓਲੀ ਦੇ ਇਸ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ 3 ਮੈਚਾਂ ਦੀ ਟੈਸਟ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ।

5ਵੇਂ ਸਥਾਨ ’ਤੇ ਪਹੁੰਚੇ

ਟੈਸਟ ਗੇਂਦਬਾਜ਼ਾਂ ਦੀ ਅਪਡੇਟਿਡ ਰੈਂਕਿੰਗ ‘ਚ ਰੌਬਿਨਸਨ ਛੇ ਸਥਾਨ ਉੱਪਰ ਚੜ੍ਹ ਕੇ ਕੁੱਲ ਮਿਲਾ ਕੇ ਪੰਜਵੇਂ ਸਥਾਨ ’ਤੇ ਪਹੁੰਚ ਗਏ ਹਨ। ਜੁਲਾਈ 2023 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਹ ਟਾਪ-5 ‘ਚ ਵਾਪਸ ਆਏ ਹਨ। ਆਸਟ੍ਰੇਲੀਆ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੰਬਰ 1 ਟੈਸਟ ਗੇਂਦਬਾਜ਼ ਬਣੇ ਹੋਏ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਜਸਪ੍ਰੀਤ ਬੁਮਰਾਹ ਨੂੰ ਪਿੱਛੇ ਛੱਡਿਆ ਸੀ। ਹਾਲਾਂਕਿ, ਦੁਨੀਆ ਭਰ ਦੇ ਤਿੰਨ ਤੇਜ਼ ਗੇਂਦਬਾਜ਼ਾਂ ਦੇ ਹਾਲੀਆ ਸ਼ਾਨਦਾਰ ਪ੍ਰਦਰਸ਼ਨ ਕਾਰਨ ਟਾਪ 10 ਤੋਂ ਠੀਕ ਬਾਹਰ ਵੀ ਕਾਫ਼ੀ ਬਦਲਾਅ ਦੇਖਣ ਨੂੰ ਮਿਲੇ ਹਨ।

ਇਨ੍ਹਾਂ ਨੂੰ ਵੀ ਹੋਇਆ ਫਾਇਦਾ

ਕੋਲੰਬੋ ਵਿਚ ਭਾਰਤ ਖ਼ਿਲਾਫ਼ ਦੂਜੇ ਟੈਸਟ ਮੈਚ ਵਿਚ ਚਾਰ ਵਿਕਟਾਂ ਲੈਣ ਤੋਂ ਬਾਅਦ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਅਸਿਥਾ ਫਰਨਾਂਡੋ ਚਾਰ ਸਥਾਨ ਉੱਪਰ ਚੜ੍ਹ ਕੇ 11ਵੇਂ ਸਥਾਨ ’ਤੇ ਪਹੁੰਚ ਗਏ ਹਨ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਸ਼ ਟੰਗ ਵੀ ਚਾਰ ਸਥਾਨ ਉੱਪਰ ਚੜ੍ਹ ਕੇ ਸਾਂਝੇ ਤੌਰ ’ਤੇ 13ਵੇਂ ਸਥਾਨ ’ਤੇ ਆ ਗਏ ਹਨ, ਜਦਕਿ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ 10 ਸਥਾਨਾਂ ਦੀ ਛਾਲ ਲਗਾ ਕੇ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ ਪਹੁੰਚ ਗਏ ਹਨ।

ਹੈਰੀ ਬਰੂਕ ਟਾਪ ’ਤੇ

ਲਾਰਡਜ਼ ‘ਚ ਪਾਕਿਸਤਾਨ ਖ਼ਿਲਾਫ਼ ਦੂਜੇ ਟੈਸਟ ਮੈਚ ਵਿਚ 15 ਅਤੇ 34 ਦੌੜਾਂ ਬਣਾਉਣ ਦੇ ਬਾਵਜੂਦ ਇੰਗਲੈਂਡ ਦੇ ਸੱਜੇ ਹੱਥ ਦੇ ਬੱਲੇਬਾਜ਼ ਹੈਰੀ ਬਰੂਕ ਨੰਬਰ 1 ਟੈਸਟ ਬੱਲੇਬਾਜ਼ ਬਣੇ ਹੋਏ ਹਨ। ਸਟੀਵ ਸਮਿਥ ਹੁਣ ਦੂਜੇ ਸਥਾਨ ’ਤੇ ਹਨ, ਜਦਕਿ ਜੋਅ ਰੂਟ ਖਿਸਕ ਕੇ ਤੀਜੇ ਸਥਾਨ ’ਤੇ ਆ ਗਏ ਹਨ। ਸਭ ਤੋਂ ਜ਼ਿਆਦਾ ਫਾਇਦਾ ਕਾਮਿੰਦੂ ਮੈਂਡਿਸ ਨੂੰ ਹੋਇਆ ਹੈ। ਕੋਲੰਬੋ ‘ਚ ਭਾਰਤ ਖ਼ਿਲਾਫ਼ ਦੂਜੀ ਪਾਰੀ ਵਿਚ ਸ਼ਾਨਦਾਰ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਸ਼੍ਰੀਲੰਕਾ ਦੇ ਇਸ ਸੱਜੇ ਹੱਥ ਦੇ ਬੱਲੇਬਾਜ਼ ਨੇ ਦੋ ਸਥਾਨਾਂ ਦੀ ਛਾਲ ਲਗਾਈ ਹੈ ਅਤੇ ਹੁਣ ਉਹ 10ਵੇਂ ਨੰਬਰ ’ਤੇ ਆ ਗਏ ਹਨ।

ਡੇਵਾਲਡ ਨੂੰ ਹੋਇਆ ਫਾਇਦਾ
ਇਸ ਹਫ਼ਤੇ T20I ਰੈਂਕਿੰਗ ‘ਚ ਵੀ ਬਦਲਾਅ ਹੋਏ ਹਨ। ਦੱਖਣੀ ਅਫਰੀਕਾ ਦੇ ਨੌਜਵਾਨ ਖਿਡਾਰੀ ਡੇਵਾਲਡ ਬ੍ਰੇਵਿਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ ਤੇ ਉਹ T20I ਬੱਲੇਬਾਜ਼ਾਂ ਦੀ ਸੂਚੀ ‘ਚ ਛੇ ਸਥਾਨ ਉੱਪਰ ਚੜ੍ਹ ਕੇ ਚੌਥੇ ਨੰਬਰ ’ਤੇ ਪਹੁੰਚ ਗਏ ਹਨ। ਨਾਮੀਬੀਆ ਵਿਚ ਚੱਲ ਰਹੀ ਟ੍ਰਾਈ-ਸੀਰੀਜ਼ ਵਿਚ ਬ੍ਰੇਵਿਸ ਨੇ ਤਿੰਨ ਮੈਚਾਂ ਵਿਚ 75, 75* ਅਤੇ 41 ਦੌੜਾਂ ਬਣਾਈਆਂ ਹਨ। ਬ੍ਰੇਵਿਸ ਤੋਂ ਅੱਗੇ T20I ਰੈਂਕਿੰਗ ਵਿਚ ਸਿਰਫ਼ ਭਾਰਤ ਦੇ ਈਸ਼ਾਨ ਕਿਸ਼ਨ (ਪਹਿਲੇ) ਅਤੇ ਅਭਿਸ਼ੇਕ ਸ਼ਰਮਾ (ਤੀਜੇ) ਅਤੇ ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ (ਦੂਜੇ) ਹੀ ਹਨ। T20I ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖ਼ਾਨ ਟਾਪ ’ਤੇ ਬਣੇ ਹੋਏ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।