ਨਵੀਂ ਦਿੱਲੀ 01 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ‘ਚ ਪਿਆਜ਼ ਦੀ ਮਹਿੰਗਾਈ ਕਿਸੇ ਤੋਂ ਲੁਕੀ ਨਹੀਂ ਹੈ। ਦੇਸ਼ ਦੇ ਕਈ ਇਲਾਕਿਆਂ ਦੇ ਸਥਾਨਕ ਬਾਜ਼ਾਰਾਂ ‘ਚ ਇਸ ਦੀ ਕੀਮਤ ₹70 ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈ ਹੈ। ਭਾਰਤ ਵਿਚ ਪਿਆਜ਼ ਦੀ ਵਧਦੀ ਕੀਮਤ ਦਾ ਅਸਰ ਨੇਪਾਲ ‘ਚ ਵੀ ਦੇਖਣ ਨੂੰ ਮਿਲਿਆ ਹੈ। ਨੇਪਾਲੀ ਮੀਡੀਆ ਮੁਤਾਬਕ ਖੁਦਰਾ ਬਾਜ਼ਾਰਾਂ ਵਿਚ ਪਿਆਜ਼ ਦੀਆਂ ਕੀਮਤਾਂ ‘ਚ 140 ਫ਼ੀਸਦੀ ਤੱਕ ਵਾਧਾ ਹੋਇਆ ਹੈ। ਪਿਆਜ਼ ਦੇ ਥੋਕ ਭਾਅ ਵੀ ਪਿਛਲੇ ਇਕ ਹਫ਼ਤੇ ਦੌਰਾਨ 20.77 ਫ਼ੀਸਦੀ ਤੱਕ ਵਧ ਗਏ ਹਨ।
ਕਿੰਨੀ ਪਹੁੰਚ ਗਈ ਕੀਮਤ?
ਨੇਪਾਲੀ ਮੀਡੀਆ ਕਾਠਮੰਡੂ ਪੋਸਟ ਮੁਤਾਬਕ ਉੱਥੇ ਪਿਆਜ਼ ਦੀ ਕੀਮਤ 140 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ ਜਦਕਿ ਮਹਿਜ਼ ਇਕ ਹਫ਼ਤਾ ਪਹਿਲਾਂ ਇਹ ਲਗਪਗ 100 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਸੀ। ਕਾਲੀਮਾਟੀ ਫਲ ਅਤੇ ਸਬਜ਼ੀ ਮੰਡੀ ਵਿਕਾਸ ਬੋਰਡ ਅਨੁਸਾਰ, ਪਿਆਜ਼ ਦੇ ਥੋਕ ਭਾਅ ‘ਚ ਪਿਛਲੇ ਇਕ ਹਫ਼ਤੇ ‘ਚ 20.77 ਫ਼ੀਸਦੀ, ਇਕ ਮਹੀਨੇ ‘ਚ 68.65 ਫ਼ੀਸਦੀ ਅਤੇ ਪਿਛਲੇ ਇਕ ਸਾਲ ‘ਚ 140 ਫ਼ੀਸਦੀ ਦਾ ਵਾਧਾ ਹੋਇਆ ਹੈ। ਐਤਵਾਰ ਨੂੰ ਕਾਲੀਮਾਟੀ ਥੋਕ ਮੰਡੀ ‘ਚ ਪਿਆਜ਼ 93.6 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ’ਤੇ ਵਿਕ ਰਿਹਾ ਸੀ।
ਭਾਰਤ ਦੀ ਮਹਿੰਗਾਈ ਦਾ ਅਸਰ
ਨੇਪਾਲ ਆਪਣੀ ਪਿਆਜ਼ ਦੀ ਮੰਗ ਪੂਰੀ ਕਰਨ ਲਈ ਲਗਪਗ ਪੂਰੀ ਤਰ੍ਹਾਂ ਭਾਰਤ ’ਤੇ ਨਿਰਭਰ ਹੈ ਅਤੇ ਦਰਾਮਦ ਰਾਹੀਂ ਆਪਣੀ ਮੰਗ ਪੂਰੀ ਕਰਦਾ ਹੈ। ਇਸ ਕਾਰਨ ਘਰੇਲੂ ਬਾਜ਼ਾਰ ’ਤੇ ਦੱਖਣੀ ਸਰਹੱਦ ’ਤੇ ਕੀਮਤਾਂ ਅਤੇ ਸਪਲਾਈ ‘ਚ ਹੋਣ ਵਾਲੇ ਉਤਰਾਅ-ਚੜ੍ਹਾਅ ਦਾ ਸਿੱਧਾ ਅਸਰ ਦੇਖਣ ਨੂੰ ਮਿਲਦਾ ਹੈ। ਮੌਜੂਦਾ ਸਮੇਂ ਭਾਰਤ ‘ਚ ਪਿਆਜ਼ ਦੀਆਂ ਕੀਮਤਾਂ ‘ਚ ਵੀ ਭਾਰੀ ਵਾਧਾ ਹੋਇਆ ਹੈ। ਰਾਜਧਾਨੀ ਨਵੀਂ ਦਿੱਲੀ ‘ਚ ਖੁਦਰਾ ਕੀਮਤ ਲਗਪਗ ₹65 ਪ੍ਰਤੀ ਕਿਲੋਗ੍ਰਾਮ ਜਾਂ ਕਰੀਬ 104 ਨੇਪਾਲੀ ਰੁਪਏ ਤੱਕ ਪਹੁੰਚ ਗਈ ਹੈ, ਜਦਕਿ ਇਕ ਸਾਲ ਪਹਿਲਾਂ ਇਹ ₹35 ਪ੍ਰਤੀ ਕਿਲੋਗ੍ਰਾਮ ਸੀ, ਜੋ ਨੇਪਾਲੀ ਮੁਦਰਾ ‘ਚ ਲਗਪਗ 56 ਰੁਪਏ ਸੀ।
ਭਾਰਤ ’ਤੇ ਨਿਰਭਰ ਹੈ ਨੇਪਾਲ ਦਾ ਮੰਡੀ ਭਾਅ
ਨੇਪਾਲ ਦੀ ਕਾਲੀਮਾਟੀ ਫਲ ਅਤੇ ਸਬਜ਼ੀ ਬਾਜ਼ਾਰ ਵਿਕਾਸ ਬੋਰਡ ਦੇ ਸੂਚਨਾ ਅਧਿਕਾਰੀ ਬਿਨਯ ਸ਼੍ਰੇਸ਼ਠ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਭਾਰਤੀ ਬਾਜ਼ਾਰ ਦੀਆਂ ਕੀਮਤਾਂ ’ਤੇ ਨਿਰਭਰ ਕਰਦਾ ਹੈ ਅਤੇ ਇਸ ਵਾਰ ਭਾਰਤ ‘ਚ ਕੀਮਤਾਂ ਵਧੀਆਂ ਹਨ। ਜ਼ਿਆਦਾਤਰ ਪਿਆਜ਼ ਭਾਰਤ ਦੇ ਨਾਸਿਕ ਤੋਂ ਭੈਰਹਵਾ ਵਪਾਰ ਕੇਂਦਰ ਰਾਹੀਂ ਦਰਾਮਦ ਕੀਤਾ ਜਾਂਦਾ ਹੈ ਅਤੇ ਫਿਰ ਪ੍ਰਿਥਵੀ ਨੈਸ਼ਨਲ ਹਾਈਵੇ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਪਿਛਲੇ ਪੰਜ ਦਿਨਾਂ ਤੋਂ ਹਾਈਵੇ ਪੂਰੀ ਤਰ੍ਹਾਂ ਚਾਲੂ ਨਹੀਂ ਹੈ, ਜਿਸ ਦਾ ਕੀਮਤਾਂ ’ਤੇ ਸਪੱਸ਼ਟ ਅਸਰ ਦੇਖਿਆ ਗਿਆ ਹੈ।
ਬੁੱਧਵਾਰ ਨੂੰ ਆਏ ਅਚਾਨਕ ਹੜ੍ਹ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਬਿਨਯ ਸ਼੍ਰੇਸ਼ਠ ਅਨੁਸਾਰ, ਆਮ ਹਾਲਾਤ ‘ਚ ਕਾਲੀਮਾਟੀ ਮੰਡੀ ‘ਚ ਹਰ ਰੋਜ਼ 70 ਤੋਂ 100 ਟਨ ਪਿਆਜ਼ ਦੀ ਸਪਲਾਈ ਹੁੰਦੀ ਹੈ। ਉੱਥੇ ਹੀ, ਦਰਾਮਦਕਾਰਾਂ ਦਾ ਕਹਿਣਾ ਹੈ ਕਿ ਮਹਿਜ਼ ਦੋ ਹਫ਼ਤਿਆਂ ਵਿਚ ਉਨ੍ਹਾਂ ਦੀ ਲਾਗਤ ਦੁੱਗਣੀ ਹੋ ਗਈ ਹੈ।
ਨੇਪਾਲ ਭਾਰਤ ਦਾ ਵੱਡਾ ਖਰੀਦਦਾਰ ਦੇਸ਼
ਭਾਰਤ ‘ਚ ਵੱਡੇ ਪੱਧਰ ’ਤੇ ਪਿਆਜ਼ ਦਾ ਉਤਪਾਦਨ ਹੁੰਦਾ ਹੈ, ਜਿਸ ਦੇ ਚਲਦੇ ਅਸੀਂ ਕਈ ਦੇਸ਼ਾਂ ਨੂੰ ਇਸ ਦੀ ਬਰਾਮਦ ਕਰਦੇ ਹਾਂ। ਨੇਪਾਲ ਸਾਡਾ ਪ੍ਰਮੁੱਖ ਖਰੀਦਦਾਰ ਦੇਸ਼ ਹੈ ਜਿਸ ਨੇ ਪਿਛਲੇ ਵਿੱਤੀ ਸਾਲ ਦੌਰਾਨ ਭਾਰਤ ਤੋਂ ₹7.98 ਅਰਬ ਮੁੱਲ ਦਾ 1,94,905 ਟਨ ਪਿਆਜ਼ ਦਰਾਮਦ ਕੀਤਾ। ਇਹ ਇਸ ਗੱਲ ਨੂੰ ਰੇਖਾਂਕਿਤ ਕਰਦਾ ਹੈ ਕਿ ਨੇਪਾਲ ਆਪਣੀ ਮੁੱਖ ਸਬਜ਼ੀ ਲਈ ਭਾਰਤ ’ਤੇ ਕਿੰਨਾ ਨਿਰਭਰ ਹੈ।
