ਨਵੀਂ ਦਿੱਲੀ 31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਆਨਲਾਈਨ ਆਰਡਰ ’ਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਕਰਨ ਵਾਲੇ ਪਲੇਟਫਾਰਮ Zomato ਨੇ ਸੋਮਵਾਰ ਨੂੰ ਆਪਣੇ ਪਲੇਟਫਾਰਮ ’ਤੇ ਸੂਚੀਬੱਧ ਰੈਸਟੋਰੈਂਟਾਂ ਵੱਲੋਂ ‘ਐਨਾਲਾਗ’ ਚੀਜ਼, ਪਨੀਰ ਜਾਂ ਹੋਰ ਦੁੱਧ ਤੋਂ ਬਣੇ ਉਤਪਾਦਾਂ ਨਾਲ ਤਿਆਰ ਕੀਤੇ ਪਕਵਾਨਾਂ ਦੀ ਵਿਕਰੀ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਰੈਸਟੋਰੈਂਟਾਂ ਨੂੰ ਉਹ ਆਪਣੇ ਪਲੇਟਫਾਰਮ ਤੋਂ ਹਟਾਉਣ ਦਾ ਅਧਿਕਾਰ ਰੱਖਦੀ ਹੈ।

ਕੀ ਹੁੰਦੇ ਹਨ ਐਨਾਲੌਗ ਪ੍ਰੋਡਕਟਸ?

‘ਐਨਾਲੌਗ’ ਪਕਵਾਨਾਂ ’ਚ ਰਵਾਇਤੀ ਸਮੱਗਰੀ ਦੀ ਥਾਂ ਸਸਤੇ ਜਾਂ ਬਦਲਵੇਂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਅਸਲੀ ਦੁੱਧ ਜਾਂ ਚੀਜ਼ ਦੀ ਥਾਂ ਬਨਸਪਤੀ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦਕਿ ਉਨ੍ਹਾਂ ਦੀ ਦਿੱਖ ਅਤੇ ਬਣਤਰ ਰਵਾਇਤੀ ਉਤਪਾਦਾਂ ਵਰਗੀ ਹੀ ਰੱਖੀ ਜਾਂਦੀ ਹੈ। ਇਹ ਕਦਮ ਮਹਾਰਾਸ਼ਟਰ ’ਚ ਖੁਰਾਕ ਤੇ ਦਵਾਈ ਪ੍ਰਸ਼ਾਸਨ ਵੱਲੋਂ ਸੂਬੇ ਭਰ ’ਚ ਕਾਰਵਾਈ ਕੀਤੇ ਜਾਣ ਅਤੇ ਦਿੱਲੀ ਦੇ ਪੰਜ-ਤਾਰਾ ਹੋਟਲਾਂ ’ਚ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਵੱਲੋਂ ਜਾਂਚ ਕੀਤੇ ਜਾਣ ਦੀਆਂ ਖ਼ਬਰਾਂ ਦਰਮਿਆਨ ਖੁਰਾਕ ਸੁਰੱਖਿਆ ’ਤੇ ਮੁੜ ਵਧੇ ਧਿਆਨ ਦੇ ਪਿਛੋਕੜ ’ਚ ਚੁੱਕਿਆ ਗਿਆ ਹੈ।

ਪਲੇਟਫਾਰਮ ਤੋਂ ਹਟਾਏ ਅਜਿਹੇ ਪ੍ਰੋਡਕਟਸ

ਜ਼ੋਮੈਟੋ ਨੇ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਉਹ ਪਕਵਾਨ ਉਸ ਦੇ ਪਲੇਟਫਾਰਮ ਤੋਂ ਹਟਾ ਦਿੱਤੇ ਗਏ ਹਨ, ਜਿਨ੍ਹਾਂ ਬਾਰੇ ਰੈਸਟੋਰੈਂਟ ਭਾਈਵਾਲਾਂ ਨੇ ਦੱਸਿਆ ਸੀ ਕਿ ਉਨ੍ਹਾਂ ’ਚ ‘ਐਨਾਲੌਗ ਡੇਅਰੀ’ ਉਤਪਾਦਾਂ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਰੈਸਟੋਰੈਂਟਾਂ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਜਾਵੇਗਾ।

ਜ਼ੋਮੈਟੋ ਨੇ ਸੋਮਵਾਰ ਨੂੰ ਆਪਣੇ ਪਲੇਟਫਾਰਮ ’ਤੇ ਸੂਚੀਬੱਧ ਕਾਰੋਬਾਰੀਆਂ ਨੂੰ ਭੇਜੇ ਸੰਦੇਸ਼ ’ਚ ਕਿਹਾ, ‘ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਗਾਹਕਾਂ ਨੂੰ ਅਜਿਹਾ ਭੋਜਨ ਮਿਲੇ, ਜਿਸ ਦਾ ਸਹੀ ਵੇਰਵਾ ਦਿੱਤਾ ਗਿਆ ਹੋਵੇ, ਜੋ ਸੁਰੱਖਿਅਤ ਹੋਵੇ ਅਤੇ ਉਮੀਦ ਕੀਤੇ ਗੁਣਵੱਤਾ ਮਾਪਦੰਡਾਂ ’ਤੇ ਖਰਾ ਉਤਰਦਾ ਹੋਵੇ। ਇਸ ਤਹਿਤ ਅਸੀਂ ਆਪਣੇ ਪਲੇਟਫਾਰਮ ’ਤੇ ‘ਐਨਾਲੌਗ’ ਚੀਜ਼, ਪਨੀਰ ਤੇ ਹੋਰ ਅਜਿਹੇ ਦੁੱਧ ਉਤਪਾਦਾਂ ਵਾਲੇ ਖੁਰਾਕੀ ਪਦਾਰਥਾਂ ਦੀ ਸੂਚੀਬੱਧਤਾ ਅਤੇ ਸਪਲਾਈ ਨੂੰ ਲੈ ਕੇ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਲਾਗੂ ਕਰ ਰਹੇ ਹਾਂ।’

ਲਿਸਟ ਕੀਤੇ ਆਈਟਮਾਂ ਦੀ ਸਹੀ ਜਾਣਕਾਰੀ ਯਕੀਨੀ ਬਣਾਈ ਜਾਵੇਗੀ

ਫੂਡ ਡਿਲਿਵਰੀ ਪਲੇਟਫਾਰਮ ਨੇ ਕਿਹਾ ਕਿ ਇਹ ਪਹਿਲ ਖੁਰਾਕ ਸੁਰੱਖਿਆ ਅਤੇ ਰੈਗੂਲੇਟਰੀ ਲੋੜਾਂ ਦੇ ਅਨੁਕੂਲ ਖਪਤਕਾਰਾਂ ਲਈ ਪਾਰਦਰਸ਼ਤਾ ਤੇ ਖੁਰਾਕ ਦੀ ਗੁਣਵੱਤਾ ਨੂੰ ਮਜ਼ਬੂਤ ਕਰਨ ਲਈ ਕੀਤੀ ਜਾ ਰਹੀ ਹੈ। ਜ਼ੋਮੈਟੋ ਨੇ ਕਿਹਾ, ‘ਜਿਨ੍ਹਾਂ ਰੈਸਟੋਰੈਂਟਾਂ ਨੇ ਪਹਿਲਾਂ ਹੀ ਆਪਣੇ ਮੀਨੂ ’ਚ ‘ਐਨਾਲੌਗ’ ਚੀਜ਼ ਅਤੇ ਪਨੀਰ ਜਾਂ ਹੋਰ ਅਜਿਹੇ ਦੁੱਧ ਉਤਪਾਦਾਂ ਦੀ ਵਰਤੋਂ ਦਾ ਐਲਾਨ ਕੀਤਾ ਹੈ, ਅਜਿਹੇ ਪਕਵਾਨਾਂ ਨੂੰ ਤੁਰੰਤ ਪ੍ਰਭਾਵ ਨਾਲ ਪਲੇਟਫਾਰਮ ਤੋਂ ਹਟਾ ਦਿੱਤਾ ਜਾਵੇਗਾ।’

 ਕੰਪਨੀ ਨੇ ਰੈਸਟੋਰੈਂਟ ਭਾਈਵਾਲਾਂ ਨੂੰ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ। ਇਨ੍ਹਾਂ ’ਚ ਕੁਦਰਤੀ ਦੁੱਧ ਉਤਪਾਦਾਂ ਦੀ ਵਰਤੋਂ ਸ਼ੁਰੂ ਕਰਨਾ, ਜਿੱਥੇ ਇਹ ਤੁਰੰਤ ਸੰਭਵ ਨਾ ਹੋਵੇ ਉੱਥੇ ‘ਐਨਾਲੌਗ’ ਦੁੱਧ ਉਤਪਾਦਾਂ ਵਾਲੇ ਪਕਵਾਨਾਂ ਨੂੰ ਮੀਨੂ ਤੋਂ ਹਟਾਉਣਾ ਤੇ ਰੈਸਟੋਰੈਂਟ ਦੇ ਸਪਲਾਇਰਾਂ ਵੱਲੋਂ ਮੁਹੱਈਆ ਕਰਵਾਏ ਉਤਪਾਦਾਂ ਦੇ ਲੇਬਲ ਅਤੇ ਸਮੱਗਰੀ ਨਾਲ ਸਬੰਧਤ ਐਲਾਨਾਂ ਦੀ ਸਮੀਖਿਆ ਕਰ ਕੇ ਵਰਤੀ ਜਾ ਰਹੀ ਸਮੱਗਰੀ ਦੀ ਪੁਸ਼ਟੀ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਜੋਮੈਟੋ ’ਤੇ ਸੂਚੀਬੱਧ ਉਤਪਾਦਾਂ ਦਾ ਸਹੀ ਵੇਰਵਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ।

ਹੋ ਸਕਦੀ ਹੈ ਕਾਰਵਾਈ

ਜ਼ੋਮੈਟੋ ਨੇ ਕਿਹਾ, ‘’ਜੇਕਰ ਕੋਈ ਰੈਸਟੋਰੈਂਟ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਪਾਇਆ ਜਾਂਦਾ ਹੈ ਤਾਂ ਕੰਪਨੀ ਨੂੰ ਅਜਿਹੇ ਰੈਸਟੋਰੈਂਟ ਨੂੰ ਪਲੇਟਫਾਰਮ ਤੋਂ ਹਟਾਉਣ ਦਾ ਅਧਿਕਾਰ ਹੋਵੇਗਾ। ਇਸ ਤੋਂ ਇਲਾਵਾ, ਸਾਡੀਆਂ ਨੀਤੀਆਂ ਅਤੇ ਲਾਗੂ ਕਾਨੂੰਨ ਤਹਿਤ ਉਪਲਬਧ ਹੋਰ ਕਾਰਵਾਈ ਵੀ ਕੀਤੀ ਜਾ ਸਕਦੀ ਹੈ।’’ ਜ਼ੋਮੈਟੋ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਉਤਪਾਦ ਗਾਹਕਾਂ ਤਕ ਪਹੁੰਚਣ ਕਾਰਨ ਕੰਪਨੀ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ, ਲਾਗਤ, ਹਰਜਾਨੇ ਜਾਂ ਖਰਚੇ ਦੀ ਭਰਪਾਈ ਵੀ ਉਹ ਸਬੰਧਤ ਧਿਰ ਤੋਂ ਮੰਗ ਸਕਦੀ ਹੈ।

ਜ਼ੋਮੈਟੋ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਆਦਿਤਿਆ ਮੰਗਲਾ ਨੇ ਕਿਹਾ, ‘ਜ਼ੋਮੈਟੋ ’ਚ ਸਾਡਾ ਮੁੱਖ ਉਦੇਸ਼ ਵੱਧ ਤੋਂ ਵੱਧ ਲੋਕਾਂ ਤਕ ਬਿਹਤਰ ਭੋਜਨ ਪਹੁੰਚਾਉਣਾ ਹੈ। ਇਸ ਦਾ ਮਤਲਬ ਗਾਹਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਸਾਡੇ ਰੈਸਟੋਰੈਂਟ ਭਾਈਵਾਲਾਂ ਵੱਲੋਂ ਸੂਚੀਬੱਧ ਤੇ ਪਰੋਸੇ ਜਾਣ ਵਾਲੇ ਖਾਣ-ਪੀਣ ਦੇ ਪਦਾਰਥਾਂ ਲਈ ਸਪੱਸ਼ਟ ਮਾਪਦੰਡ ਕਾਇਮ ਰੱਖਣਾ ਹੈ। ਇਹ ਨੀਤੀ ਇਸ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਅਸੀਂ ਇਸ ਨੂੰ ਉਨ੍ਹਾਂ ਭਾਈਵਾਲਾਂ ਨਾਲ ਮਿਲ ਕੇ ਲਾਗੂ ਕਰ ਰਹੇ ਹਾਂ ਜੋ ਇਸ ਵਚਨਬੱਧਤਾ ਨੂੰ ਸਾਂਝਾ ਕਰਦੇ ਹਨ।’

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।