ਜਲੰਧਰ 25 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਨਗਰ ਨਿਗਮ ਦੀ ਅੱਜ ਹੋਈ ਵਿਸ਼ੇਸ਼ ਮੀਟਿੰਗ ਹੰਗਾਮੇਦਾਰ ਮਾਹੌਲ ਵਿੱਚ ਸਮਾਪਤ ਹੋਈ। ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਅਤੇ ਵੱਖ-ਵੱਖ ਮੁੱਦਿਆਂ ‘ਤੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ ਦੇ ਕੌਂਸਲਰਾਂ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਭਾਰੀ ਸ਼ਬਦੀ ਜੰਗ ਹੋਈ, ਜਿਸ ਕਾਰਨ ਮੀਟਿੰਗ ਦਾ ਮਾਹੌਲ ਕਾਫੀ ਗਰਮਾ ਗਿਆ।
ਸੋਲਿਡ ਵੇਸਟ ਪ੍ਰੋਜੈਕਟ ‘ਤੇ ਰੁਕਾਵਟ
ਮੀਟਿੰਗ ਦਾ ਮੁੱਖ ਅਜੈਂਡਾ ਸ਼ਹਿਰ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ ਲਾਗੂ ਕਰਨਾ ਸੀ। ਹਾਲਾਂਕਿ, ਕੌਂਸਲਰਾਂ ਵੱਲੋਂ ਪ੍ਰੋਜੈਕਟ ਦੀਆਂ ਸ਼ਰਤਾਂ, ਸਥਾਨ ਅਤੇ ਵਾਤਾਵਰਨ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਪ੍ਰਗਟਾਏ ਗਏ ਵਿਰੋਧ ਕਾਰਨ ਇਸ ਫੈਸਲੇ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਨਿਗਮ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਸਰੋਕਾਰਾਂ ‘ਤੇ ਮੁੜ ਵਿਚਾਰ ਕਰਨ ਤੋਂ ਬਾਅਦ ਹੀ ਇਸ ਪ੍ਰੋਜੈਕਟ ‘ਤੇ ਅਗਲਾ ਕਦਮ ਚੁੱਕਿਆ ਜਾਵੇਗਾ।
ਵਿਕਾਸ ਕਾਰਜਾਂ ਨੂੰ ਮਨਜ਼ੂਰੀ
ਸੋਲਿਡ ਵੇਸਟ ਪ੍ਰੋਜੈਕਟ ਨੂੰ ਛੱਡ ਕੇ, ਮੀਟਿੰਗ ਵਿੱਚ ਪੇਸ਼ ਕੀਤੇ ਗਏ ਹੋਰ ਸਾਰੇ ਵਿਕਾਸ ਕਾਰਜਾਂ ਨਾਲ ਸਬੰਧਤ ਮਜੇਂਡਿਆਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਮੰਜੂਰ ਕੀਤੇ ਗਏ ਮੁੱਖ ਕੰਮਾਂ ਵਿੱਚ ਸ਼ਾਮਲ ਹਨ: ਸ਼ਹਿਰ ਦੀਆਂ ਮੁੱਖ ਅਤੇ ਆਂਤਰਿਕ ਸੜਕਾਂ ਨੂੰ ਦੁਬਾਰਾ ਬਣਾਉਣ ਅਤੇ ਪੈਚਵਰਕ ਲਈ ਵੱਡਾ ਬਜਟ ਪਾਸ ਕੀਤਾ ਗਿਆ। ਸ਼ਹਿਰ ਵਿੱਚ ਬੰਦ ਪਈਆਂ ਸਟ੍ਰੀਟ ਲਾਈਟਾਂ ਨੂੰ ਬਦਲਣ ਅਤੇ ਡਰੇਨੇਜ/ਸੀਵਰੇਜ ਪ੍ਰਣਾਲੀ ਨੂੰ ਸੁਧਾਰਨ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਮਿਲੀ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸਫਾਈ ਅਭਿਆਨ ਨੂੰ ਹੋਰ ਤੇਜ਼ ਕਰਨ ਲਈ ਲੋੜੀਂਦੇ ਫੰਡ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੇ ਅੰਤ ਵਿੱਚ ਮੇਅਰ ਅਤੇ ਨਿਗਮ ਕਮਿਸ਼ਨਰ ਨੇ ਆਖਿਆ ਕਿ ਹੰਗਾਮੇ ਦੇ ਬਾਵਜੂਦ ਸ਼ਹਿਰ ਦੇ ਜਨਤਕ ਹਿੱਤਾਂ ਨਾਲ ਸਬੰਧਤ ਅਹਿਮ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣਾ ਨਿਗਮ ਦੀ ਪਹਿਲ ਹੈ।
