ਚੰਡੀਗੜ੍ਹ, 20 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਕਾਂਗਰਸ ਵਿਚਾਲੇ ਜਾਰੀ ਵਿਵਾਦ ਦੌਰਾਨ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਕਾਂਗਰਸ ਪੰਜਾਬ ‘ਚ ਅਗਲੇ ਮਹੀਨੇ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਦੀ ਸ਼ੁਰੂਆਤ ਕਰਨ ਲਈ ਰਾਹੁਲ ਗਾਂਧੀ ਪੰਜਾਬ ਆਉਣਗੇ।
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕਰ ਸਕਦੇ ਹਨ। ਇਸ ਦੌਰਾਨ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ਅਤੇ ਕਾਂਗਰਸ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਅਤੇ ਉਨ੍ਹਾਂ ਦੁਆਰਾ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਦਿੱਲੀ ਵਿੱਚ ਪਾਰਟੀ ਸੂਤਰਾਂ ਅਨੁਸਾਰ, ਰਾਹੁਲ ਗਾਂਧੀ ਪੂਰੇ ਪੰਜਾਬ ਵਿੱਚ ਯਾਤਰਾ ਕਰਨਗੇ। ਇਸ ਲਈ ਉਹ ਮਾਲਵਾ, ਮਾਝਾ ਅਤੇ ਦੁਆਬਾ ਵਿੱਚ ਪਾਰਟੀ ਵਰਕਰਾਂ ਅਤੇ ਇੰਚਾਰਜਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਆਗੂਆਂ ਨੂੰ ਇੱਕਜੁੱਟ ਦਿਖਾਉਣ ਲਈ ਇੱਕ ‘ਏਕਤਾ ਬੱਸ ਯਾਤਰਾ’ ਆਯੋਜਿਤ ਕਰਨ ਦੀ ਵੀ ਯੋਜਨਾ ਹੈ।
