ਬਰਨਾਲਾ 13 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) – ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪਾਣੀਆਂ ਦੇ ਮੁੱਦੇ ਅਤੇ ਆਰਥਿੱਕ ਮੁੱਦਿਆਂ ਤੇ ਸੂਬਾ ਪੱਧਰੀ ਸੈਮੀਨਾਰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਜਿਸ ਵਿੱਚ ਉੱਘੇ ਵਿਦਵਾਨ ਡਾ. ਸੁੱਚਾ ਸਿੰਘ ਗਿੱਲ ਨੇ ਪੰਜਾਬ ਭਰ ‘ਚੋ ਆਏ ਜ਼ਿਲ੍ਹਾ ਤੇ ਬਲਾਕ ਆਗੂਆਂ ਨੂੰ ਉਪਰੋਕਤ ਮੁੱਦਿਆਂ ਦੀ ਤਹਿ ਤੱਕ ਜਾਣੂ ਕਰਵਾਇਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਇਸ ਸੈਮੀਨਾਰ ਨੂੰ ਕਰਵਾਉਣ ਦਾ ਜੱਥੇਬੰਦੀ ਦਾ ਇੱਕੋ ਇੱਕ ਉਦੇਸ਼ ਹੈ, ਕਿ ਇਹਨਾਂ ਆਗੂਆਂ ਰਾਹੀਂ ਹਰ ਪਿੰਡ ਹਰ ਗਲੀ ਮੁਹੱਲੇ ਪੰਜਾਬ ਦੀ ਕਿਸਾਨੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੀ ਵਿਸਥਾਰਪੂਰਵਕ ਗੱਲ ਜਾਵੇ।
ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕੀ ਸੰਯੁਕਤ ਮੋਰਚਾ ਪੰਜਾਬ ਵੱਲੋਂ ਇਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਮੰਗਾਂ ਤੇ ਮੋਰਚਾ ਉਲੀਕਿਆ ਗਿਆ ਹੈ ਜਿਸ ਵਿੱਚ ਮੁੱਖ ਤੌਰ ਤੇ ਪੰਜਾਬ ਦੀਆਂ ਮੰਗਾਂ ਦੇ ਸਬੰਧ ਵਿੱਚ ਆਵਾਜ਼ ਉਠਾਈ ਜਾਵੇਗੀ। ਇਸ ਵਿੱਚ ਪੰਜਾਬ ਦੀਆਂ ਹੋਰ ਮੰਗਾਂ ਤੋਂ ਇਲਾਵਾ ਪੰਜ ਫ਼ਸਲਾਂ ਮੂੰਗੀ, ਮੱਕੀ, ਆਲੂ, ਬਾਸਮਤੀ, ਗੋਭੀ ਤੇ ਐਮ.ਐਸ.ਪੀ., ਰਿਪੇਰੀਅਨ ਸਿਧਾਂਤ ਰਾਹੀਂ ਪੰਜਾਬ ਦਾ ਦਰਿਆਈ ਪਾਣੀਆਂ ਤੇ ਹੱਕ ਬਹਾਲ ਕਰਵਾਉਣਾ, ਧਾਰਾ 78,79,80 ਰੱਦ ਕਰਵਾਉਣਾ, ਪੰਜਾਬ ਯੂਨਵਰਸਿਟੀ ਤੇ ਪੰਜਾਬ ਦਾ ਹੱਕ ਬਹਾਲ ਕਰਵਾਉਣਾ, ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ, ਪੂਰਣ ਕਰਜ਼ਾ ਮੁੱਕਤ ਕਿਸਾਨੀ, ਕਿਸਾਨਾਂ ਲਈ ਬੁਢਾਪਾ ਪੈਨਸ਼ਨ, ਸਮਾਰਟ ਮੀਟਰ ਤੇ ਪੂਰਣ ਰੋਕ ਅਤੇ ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣਾ ਸ਼ਾਮਲ ਹਨ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਮੋਰਚੇ ‘ਚ ਜੱਥੇਬੰਦੀ ਦੀ ਭਰਵੀਂ ਸ਼ਮੂਲੀਅਤ ਲਈ ਅੱਜ ਦਾ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ ਹੈ ਤਾਂ ਜੋ ਹਰ ਪਿੰਡ ਚੋ ਟਰਾਲੀ ਚੰਡੀਗੜ੍ਹ ਨੂੰ ਕੂਚ ਕਰੇ।
