ਨਵੀਂ ਦਿੱਲੀ 28 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) ਫੇਫੜਿਆਂ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਫੇਫੜਿਆਂ ਦੀਆਂ ਕੁਝ ਕੋਸ਼ਿਕਾਵਾਂ ਅਸਧਾਰਨ ਤੌਰ ’ਤੇ ਤੇਜ਼ੀ ਨਾਲ ਵਧਣ ਲੱਗਦੀਆਂ ਹਨ। ਹੌਲੀ-ਹੌਲੀ ਇਹ ਕੋਸ਼ਿਕਾਵਾਂ ਇਕ ਗੰਢ (ਟਿਊਮਰ) ਬਣਾ ਦਿੰਦੀਆਂ ਹਨ, ਜਿਸ ਕਾਰਨ ਫੇਫੜਿਆਂ ਦਾ ਆਮ ਕੰਮ ਪ੍ਰਭਾਵਿਤ ਹੋਣ ਲੱਗਦਾ ਹੈ।ਡਾ. ਸੂਰਿਆਕਾਂਤ (ਪ੍ਰੋਫੈਸਰ ਅਤੇ ਵਿਭਾਗ ਮੁਖੀ, ਰੈਸਪੀਰੇਟਰੀ ਮੈਡੀਸਨ ਵਿਭਾਗ, ਕੇਜੀਐਮਯੂ, ਲਖਨਊ) ਦੱਸਦੇ ਹਨ ਕਿ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਕੈਂਸਰ ਸਰੀਰ ਦੇ ਹੋਰ ਅੰਗਾਂ ਜਿਵੇਂ ਦਿਮਾਗ, ਹੱਡੀਆਂ, ਲਿਵਰ ਤੇ ਐਡਰੀਨਲ ਗ੍ਰੰਥੀ ਤਕ ਫੈਲ ਸਕਦਾ ਹੈ।

ਇਹ ਦੋ ਤਰ੍ਹਾਂ ਦਾ ਹੁੰਦਾ ਹੈ—ਨਾਨ-ਸਮਾਲ ਸੈੱਲ ਲੰਗ ਕੈਂਸਰ (NSCLC), ਜੋ ਕਰੀਬ 85 ਫ਼ੀਸਦੀ ਮਰੀਜ਼ਾਂ ਅੰਦਰ ਪਾਇਆ ਜਾਂਦਾ ਹੈ। ਦੂਜਾ ਹੈ ਸਮਾਲ ਸੈੱਲ ਲੰਗ ਕੈਂਸਰ (SCLC)। ਇਹ ਬਹੁਤ ਘੱਟ ਮਾਮਲਿਆਂ ‘ਚ ਹੁੰਦਾ ਹੈ, ਪਰ ਇਹ ਤੇਜ਼ੀ ਨਾਲ ਫੈਲਦਾ ਹੈ।

ਕਿਨ੍ਹਾਂ ਲੋਕਾਂ ‘ਚ ਖ਼ਤਰਾ ਜ਼ਿਆਦਾ ਹੁੰਦਾ ਹੈ
ਫੇਫੜਿਆਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਦਾ ਸੇਵਨ ਹੈ। ਚਾਹੇ ਉਹ ਸਿਗਰਟ, ਬੀੜੀ, ਸਿਗਾਰ, ਹੁੱਕਾ ਜਾਂ ਕਿਸੇ ਵੀ ਰੂਪ ‘ਚ ਤੰਬਾਕੂਨੋਸ਼ੀ ਹੋਵੇ, ਇਹ ਸਾਰੇ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਕਈ ਗੁਣਾ ਵਧਾ ਦਿੰਦੇ ਹਨ। ਦੁਨੀਆ ‘ਚ ਫੇਫੜਿਆਂ ਦੇ ਕੈਂਸਰ ਕਾਰਨ ਹੋਣ ਵਾਲੀਆਂ ਕਰੀਬ 80 ਤੋਂ 90 ਫ਼ੀਸਦੀ ਮੌਤਾਂ ਦਾ ਕਾਰਨ ਤੰਬਾਕੂ ਹੀ ਹੈ।

ਹੋਰ ਮੁੱਖ ਕਾਰਨ

  • ਦੂਜਿਆਂ ਵੱਲੋਂ ਕੀਤੇ ਜਾਣ ਵਾਲੇ ਧੂੰਏਂ ਦਾ ਸਾਹ ਰਾਹੀਂ ਅੰਦਰ ਜਾਣਾ (ਪੈਸਿਵ ਸਮੋਕਿੰਗ)
  • ਹਵਾ ਪ੍ਰਦੂਸ਼ਣ
  • ਲੱਕੜੀ, ਕੋਲੇ ਜਾਂ ਗੋਹੇ ਦੇ ਉਪਲਿਆਂ ਨਾਲ ਬਣਨ ਵਾਲਾ ਰਸੋਈ ਦਾ ਧੂੰਆਂ
  • ਐਸਬੈਸਟਸ, ਸਿਲਿਕਾ, ਡੀਜ਼ਲ ਦਾ ਧੂੰਆਂ, ਆਰਸੈਨਿਕ, ਕ੍ਰੋਮੀਅਮ ਅਤੇ ਨਿਕਲ ਵਰਗੇ ਰਸਾਇਣਾਂ ਦੇ ਸੰਪਰਕ ‘ਚ ਕੰਮ ਆਉਣ
  • ਰੇਡਾਨ ਗੈਸ ਦੇ ਸੰਪਰਕ ‘ਚ ਆਉਣਾ
  • ਛਾਤੀ ’ਤੇ ਰੇਡੀਏਸ਼ਨ ਇਲਾਜ ਹੋਣਾ
  • ਪਰਿਵਾਰ ‘ਚ ਕਿਸੇ ਨੂੰ ਫੇਫੜਿਆਂ ਦਾ ਕੈਂਸਰ ਹੋਣਾ
  • ਫੇਫੜਿਆਂ ਦੀਆਂ ਪੁਰਾਣੀਆਂ ਬਿਮਾਰੀਆਂ, ਜਿਵੇਂ ਪਲਮੋਨਰੀ ਫਾਈਬਰੋਸਿਸ ਜਾਂ ਪਹਿਲਾਂ ਹੋਇਆ ਟੀਬੀ (ਤਪਦਿਕ)

ਫੇਫੜਿਆਂ ਦੇ ਕੈਂਸਰ ਦੇ ਲੱਛਣ

ਸ਼ੁਰੂਆਤੀ ਪੜਾਅ ‘ਚ ਅਕਸਰ ਕੋਈ ਖਾਸ ਲੱਛਣ ਦਿਖਾਈ ਨਹੀਂ ਦਿੰਦੇ। ਬਿਮਾਰੀ ਵਧਣ ’ਤੇ ਇਹ ਸੰਕੇਤ ਮਿਲ ਸਕਦੇ ਹਨ—

  • ਲਗਾਤਾਰ ਕਈ ਹਫ਼ਤਿਆਂ ਤਕ ਰਹਿਣ ਵਾਲੀ ਖੰਘ
  • ਖੰਘ ਦੇ ਨਾਲ ਖੂਨ ਆਉਣਾ
  • ਛਾਤੀ ‘ਚ ਦਰਦ
  • ਸਾਹ ਚੜ੍ਹਨਾ ਜਾਂ ਸਾਹ ਲੈਣ ‘ਚ ਤਕਲੀਫ਼
  • ਆਵਾਜ਼ ਭਾਰੀ ਜਾਂ ਬੈਠ ਜਾਣਾ
  • ਬਿਨਾਂ ਕਿਸੇ ਕਾਰਨ ਭਾਰ ਘਟਣਾ, ਕਈ ਵਾਰ ਬੁਖ਼ਾਰ ਦੇ ਨਾਲ
  • ਲਗਾਤਾਰ ਕਮਜ਼ੋਰੀ ਜਾਂ ਭੁੱਖ ਘੱਟ ਲੱਗਣਾ

ਇਹ ਲੱਛਣ ਟੀਬੀ ਵਰਗੀਆਂ ਫੇਫੜਿਆਂ ਦੀਆਂ ਹੋਰ ਬਿਮਾਰੀਆਂ ‘ਚ ਵੀ ਹੋ ਸਕਦੇ ਹਨ। ਪਰ ਜੇਕਰ ਇਹ ਲੰਬੇ ਸਮੇਂ ਤਕ ਬਣੇ ਰਹਿਣ, ਖ਼ਾਸ ਕਰਕੇ ਮੱਧ ਉਮਰ ਜਾਂ ਬਜ਼ੁਰਗ ਵਿਅਕਤੀਆਂ, ਤੰਬਾਕੂਨੋਸ਼ੀ ਕਰਨ ਵਾਲਿਆਂ ਜਾਂ ਪਹਿਲਾਂ ਟੀਬੀ ਹੋ ਚੁੱਕੇ ਲੋਕਾਂ ‘ਚ ਤਾਂ ਇਨ੍ਹਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਟੀਬੀ ਤੇ ਫੇਫੜਿਆਂ ਦਾ ਕੈਂਸਰ

ਭਾਰਤ ‘ਚ ਦੁਨੀਆ ਦੇ ਸਭ ਤੋਂ ਵੱਧ ਟੀਬੀ ਮਰੀਜ਼ ਪਾਏ ਜਾਂਦੇ ਹਨ। ਟੀਬੀ ਠੀਕ ਹੋਣ ਤੋਂ ਬਾਅਦ ਕਈ ਵਾਰ ਫੇਫੜਿਆਂ ‘ਚ ਨਿਸ਼ਾਨ ਰਹਿ ਜਾਂਦੇ ਹਨ। ਕਈ ਵਾਰ ਕਈ ਸਾਲਾਂ ਬਾਅਦ ਇਨ੍ਹਾਂ ਨਿਸ਼ਾਨਾਂ ਵਾਲੀ ਥਾਂ ’ਤੇ ਕੈਂਸਰ ਵਿਕਸਿਤ ਹੋ ਸਕਦਾ ਹੈ ਜਿਸ ਨੂੰ ਸਕਾਰ ਕੈਂਸਰ (Scar Cancer) ਕਿਹਾ ਜਾਂਦਾ ਹੈ।

ਅਧਿਐਨਾਂ ਅਨੁਸਾਰ, ਜਿਨ੍ਹਾਂ ਲੋਕਾਂ ਨੂੰ ਪਹਿਲਾਂ ਫੇਫੜਿਆਂ ਦੀ ਟੀਬੀ ਹੋ ਚੁੱਕੀ ਹੈ, ਉਨ੍ਹਾਂ ਵਿਚ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਕਰੀਬ ਦੋ ਗੁਣਾ ਤਕ ਵਧ ਸਕਦਾ ਹੈ। ਹਾਲਾਂਕਿ, ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜ਼ਿਆਦਾਤਰ ਟੀਬੀ ਮਰੀਜ਼ਾਂ ਨੂੰ ਕਦੇ ਕੈਂਸਰ ਨਹੀਂ ਹੁੰਦਾ। ਜੇਕਰ ਟੀਬੀ ਹੋ ਚੁੱਕੀ ਹੋਵੇ ਤੇ ਬਾਅਦ ‘ਚ ਲਗਾਤਾਰ ਖੰਘ, ਖੂਨ ਵਾਲੀ ਖੰਘ, ਭਾਰ ਘਟਣਾ ਜਾਂ ਐਕਸ-ਰੇ ‘ਚ ਕੋਈ ਨਵਾਂ ਬਦਲਾਅ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।

ਕਿਵੇਂ ਹੁੰਦੀ ਹੈ ਜਾਂਚ

ਜੇਕਰ ਡਾਕਟਰ ਨੂੰ ਫੇਫੜਿਆਂ ਦੇ ਕੈਂਸਰ ਦਾ ਸ਼ੱਕ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮਰੀਜ਼ ਦੀ ਪੂਰੀ ਜਾਣਕਾਰੀ ਲਈ ਜਾਂਦੀ ਹੈ ਤੇ ਸਰੀਰਕ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਲੋੜ ਅਨੁਸਾਰ ਛਾਤੀ ਦਾ ਐਕਸ-ਰੇ ਅਤੇ ਕੰਟਰਾਸਟ ਸੀਟੀ ਸਕੈਨ ਕੀਤਾ ਜਾਂਦਾ ਹੈ। ਕੈਂਸਰ ਦੀ ਪੁਸ਼ਟੀ ਲਈ ਬਾਇਓਪਸੀ ਕੀਤੀ ਜਾਂਦੀ ਹੈ, ਜਿਸ ਵਿਚ ਗੰਢ ‘ਚੋਂ ਥੋੜ੍ਹਾ ਜਿਹਾ ਟਿਸ਼ੂ ਲੈ ਕੇ ਜਾਂਚ ਕੀਤੀ ਜਾਂਦੀ ਹੈ।

ਲੋੜ ਅਨੁਸਾਰ ਡਾਕਟਰ ਬ੍ਰੋਂਕੋਸਕੋਪੀ, ਸੀਟੀ-ਗਾਈਡਡ ਬਾਇਓਪਸੀ, ਮੈਡੀਕਲ ਥੋਰਾਕੋਸਕੋਪੀ ਅਤੇ ਪੀਈਟੀ-ਸੀਟੀ ਵਰਗੀਆਂ ਆਧੁਨਿਕ ਜਾਂਚਾਂ ਵੀ ਕਰਵਾ ਸਕਦੇ ਹਨ। ਅੱਜਕੱਲ੍ਹ ਵਿਸ਼ੇਸ਼ ਮੌਲੀਕਿਊਲਰ ਟੈਸਟ ਵੀ ਉਪਲਬਧ ਹਨ, ਜਿਨ੍ਹਾਂ ਦੀ ਮਦਦ ਨਾਲ ਮਰੀਜ਼ ਲਈ ਸਭ ਤੋਂ ਢੁੱਕਵੀਂ ਅਤੇ ਪ੍ਰਭਾਵਸ਼ਾਲੀ ਦਵਾਈ ਦੀ ਚੋਣ ਕੀਤੀ ਜਾ ਸਕਦੀ ਹੈ।

ਕੀ ਕੈਂਸਰ ਠੀਕ ਹੋ ਸਕਦਾ ਹੈ

ਜੇਕਰ ਬਿਮਾਰੀ ਦਾ ਪਤਾ ਸ਼ੁਰੂਆਤੀ ਪੜਾਅ ‘ਚ ਲੱਗ ਜਾਵੇ ਤਾਂ ਇਸ ਦਾ ਸਫਲ ਇਲਾਜ ਸੰਭਵ ਹੈ।

ਸ਼ੁਰੂਆਤੀ ਪੜਾਅ ‘ਚ ਆਪ੍ਰੇਸ਼ਨ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਹੁੰਦਾ ਹੈ ਅਤੇ ਕਈ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ।

ਲੋੜ ਪੈਣ ’ਤੇ ਕੀਮੋਥੈਰੇਪੀ, ਰੇਡੀਓਥੈਰੇਪੀ, ਟਾਰਗੇਟਿਡ ਥੈਰੇਪੀ ਅਤੇ ਇਮਿਊਨੋਥੈਰੇਪੀ ਵੀ ਦਿੱਤੀ ਜਾਂਦੀ ਹੈ।

ਜੇਕਰ ਕੈਂਸਰ ਕਾਫ਼ੀ ਅੱਗੇ ਵਧ ਚੁੱਕਾ ਹੋਵੇ ਤਾਂ ਵੀ ਪੈਲੀਏਟਿਵ ਕੇਅਰ ਰਾਹੀਂ ਸਾਹ ਦੀ ਤਕਲੀਫ਼, ਦਰਦ, ਖੰਘ ਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਮਰੀਜ਼ ਦਾ ਜੀਵਨ ਵੱਧ ਆਰਾਮਦਾਇਕ ਬਣਾਇਆ ਜਾ ਸਕਦਾ ਹੈ।

ਇਸ ਦੇ ਨਾਲ ਪਲਮੋਨਰੀ ਰੀਹੈਬਿਲੀਟੇਸ਼ਨ (ਕਸਰਤ, ਸਾਹ ਲੈਣ ਦੀਆਂ ਤਕਨੀਕਾਂ, ਸਹੀ ਪੋਸ਼ਣ ਤੇ ਮਾਨਸਿਕ ਸਹਿਯੋਗ) ਵੀ ਮਰੀਜ਼ ਦੀ ਜੀਵਨ ਗੁਣਵੱਤਾ ਨੂੰ ਬਿਹਤਰ ਬਣਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਕਿਵੇਂ ਕਰੀਏ ਬਚਾਅ

  • ਤੰਬਾਕੂ ਤੇ ਤੰਬਾਕੂਨੋਸ਼ੀ ਤੋਂ ਪੂਰੀ ਤਰ੍ਹਾਂ ਦੂਰ ਰਹੋ।
  • ਦੂਜਿਆਂ ਦੇ ਧੂੰਏਂ ਤੋਂ ਵੀ ਬਚੋ।
  • ਰਸੋਈ ‘ਚ ਸਾਫ਼ ਈਂਧਨ ਦੀ ਵਰਤੋਂ ਕਰੋ ਅਤੇ ਲੋੜੀਂਦਾ ਹਵਾਦਾਰੀ ਪ੍ਰਬੰਧ ਰੱਖੋ।
  • ਪ੍ਰਦੂਸ਼ਣ ਤੇ ਨੁਕਸਾਨਦੇਹ ਰਸਾਇਣਾਂ ਤੋਂ ਬਚਾਅ ਲਈ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰੋ।
  • ਟੀਬੀ ਦਾ ਪੂਰਾ ਇਲਾਜ ਕਰਵਾਓ।
  • ਲੰਬੇ ਸਮੇਂ ਤੋਂ ਤੰਬਾਕੂਨੋਸ਼ੀ ਕਰਨ ਵਾਲੇ ਜਾਂ ਜਿਨ੍ਹਾਂ ਦੇ ਪਰਿਵਾਰ ਵਿਚ ਫੇਫੜਿਆਂ ਦੇ ਕੈਂਸਰ ਦਾ ਇਤਿਹਾਸ ਹੋਵੇ, ਉਹ ਡਾਕਟਰ ਦੀ ਸਲਾਹ ਨਾਲ ਲੋ-ਡੋਜ਼ ਸੀਟੀ ਸਕ੍ਰੀਨਿੰਗ ਕਰਵਾ ਸਕਦੇ ਹਨ।

ਮਹੱਤਵਪੂਰਨ ਜਾਣਕਾਰੀ

ਤੰਬਾਕੂ ਦਾ ਸੇਵਨ ਨਾ ਕਰੋ, ਪ੍ਰਦੂਸ਼ਣ ਤੋਂ ਬਚੋ, ਟੀਬੀ ਦਾ ਪੂਰਾ ਇਲਾਜ ਕਰਵਾਓ ਤੇ ਜੇਕਰ ਲਗਾਤਾਰ ਖੰਘ, ਖੂਨ ਵਾਲੀ ਖੰਘ, ਬਿਨਾਂ ਕਾਰਨ ਭਾਰ ਘਟਣਾ ਜਾਂ ਸਾਹ ਚੜ੍ਹਨ ਵਰਗੀ ਸਮੱਸਿਆ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸੰਕਲਪ ਲਓ ਕਿ ਅਸੀਂ ਜਾਗਰੂਕ ਬਣਾਂਗੇ, ਦੂਜਿਆਂ ਨੂੰ ਵੀ ਜਾਗਰੂਕ ਕਰਾਂਗੇ ਅਤੇ ਸਮੇਂ ਸਿਰ ਜਾਂਚ ਕਰਵਾ ਕੇ ਜੀਵਨ ਬਚਾਉਣ ਵਿੱਚ ਆਪਣਾ ਯੋਗਦਾਨ ਪਾਵਾਂਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।