ਨਵੀਂ ਦਿੱਲੀ 28 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) – ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੰਗਲਵਾਰ ਨੂੰ ਸ੍ਰੀ ਲੰਕਾ ਖ਼ਿਲਾਫ਼ ਖੇਡੀ ਜਾਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ‘ਚ ਦੋ ਖਿਡਾਰੀਆਂ ਨੂੰ ਪਹਿਲੀ ਵਾਰ ਜਗ੍ਹਾ ਮਿਲੀ ਹੈ। ਵਾਸ਼ਿੰਗਟਨ ਸੁੰਦਰ ਦਾ ਨਾਮ ਟੀਮ ‘ਚ ਨਹੀਂ ਹੈ। ਸੁੰਦਰ ਨੂੰ ਇੰਗਲੈਂਡ ਦੌਰੇ ‘ਤੇ ਸੱਟ ਲੱਗ ਗਈ ਸੀ ਅਤੇ ਇਸੇ ਕਾਰਨ ਉਹ ਟੀਮ ਤੋਂ ਬਾਹਰ ਹਨ। ਇਸ ਸਮੇਂ ਉਹ ਆਪਣੀ ਸੱਟ ਤੋਂ ਉਭਰਨ ‘ਤੇ ਕੰਮ ਕਰ ਰਹੇ ਹਨ। ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਵੀ ਟੀਮ ‘ਚ ਹਨ। ਬੀ.ਸੀ.ਸੀ.ਆਈ. ਨੇ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਸੁੰਦਰ ਪਹਿਲੇ ਟੈਸਟ ਮੈਚ ਲਈ ਉਪਲਬਧ ਨਹੀਂ ਹਨ।
ਦੋਵੇਂ ਨਵੇਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਉੱਥੇ ਹੀ ਵਨਡੇ ਡੈਬਿਊ ਕਰਕੇ ਪ੍ਰਭਾਵਿਤ ਕਰਨ ਵਾਲੇ ਗੁਰਨੂਰ ਬਰਾੜ ਨੂੰ ਵੀ ਟੈਸਟ ਟੀਮ ‘ਚ ਜਗ੍ਹਾ ਮਿਲੀ ਹੈ। ਉਹ ਪਹਿਲੀ ਵਾਰ ਇਸ ਟੀਮ ‘ਚ ਆਏ ਹਨ। ਅਫ਼ਗਾਨਿਸਤਾਨ ਖ਼ਿਲਾਫ਼ ਉਨ੍ਹਾਂ ਨੇ ਵਨਡੇ ਡੈਬਿਊ ਕੀਤਾ ਸੀ ਅਤੇ ਫਿਰ ਇੰਗਲੈਂਡ ਵੀ ਗਏ ਸਨ। ਹੁਣ ਉਹ ਸ੍ਰੀ ਲੰਕਾ ਵੀ ਜਾਣਗੇ, ਪਰ ਜਰਸੀ ਦਾ ਰੰਗ ਵੱਖਰਾ ਹੋਵੇਗਾ। ਉੱਥੇ ਹੀ ਸਾਰਾਂਸ਼ ਜੈਨ ਨੂੰ ਵੀ ਪਹਿਲੀ ਵਾਰ ਟੈਸਟ ਟੀਮ ‘ਚ ਮੌਕਾ ਮਿਲਿਆ ਹੈ। ਮੱਧ ਪ੍ਰਦੇਸ਼ ਤੋਂ ਆਉਣ ਵਾਲੇ ਇਸ ਆਲਰਾਊਂਡਰ ਨੇ ਲਗਾਤਾਰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੂੰ ਸੁੰਦਰ ਦੀ ਜਗ੍ਹਾ ਟੀਮ ‘ਚ ਜਗ੍ਹਾ ਮਿਲੀ ਹੈ। ਸਾਰਾਂਸ਼ ਆਫ ਸਪਿਨਰ ਹਨ ਅਤੇ ਖੱਬੇ ਹੱਥ ਦੇ ਬੱਲੇਬਾਜ਼ ਹਨ।
ਬੁਮਰਾਹ ਅਤੇ ਸੁਦਰਸ਼ਨ ‘ਤੇ ਸਸਪੈਂਸ
ਉੱਥੇ ਹੀ ਜਸਪ੍ਰੀਤ ਬੁਮਰਾਹ ਅਤੇ ਸਾਈ ਸੁਦਰਸ਼ਨ ਦਾ ਨਾਮ ਟੀਮ ‘ਚ ਤਾਂ ਹੈ ਪਰ ਉਨ੍ਹਾਂ ਦਾ ਖੇਡਣਾ ਫਿਟਨੈੱਸ ‘ਤੇ ਨਿਰਭਰ ਹੈ। ਜੇਕਰ ਇਹ ਦੋਵੇਂ ਖਿਡਾਰੀ ਫਿਟਨੈੱਸ ਟੈਸਟ ਪਾਸ ਕਰ ਲੈਂਦੇ ਹਨ ਤਾਂ ਫਿਰ ਟੀਮ ‘ਚ ਰਹਿਣਗੇ।
ਸ੍ਰੀ ਲੰਕਾ ਦੌਰੇ ਲਈ ਭਾਰਤੀ ਟੈਸਟ ਟੀਮ ਇਸ ਪ੍ਰਕਾਰ ਹੈ :- ਸ਼ੁਭਮਨ ਗਿੱਲ (ਕਪਤਾਨ), ਕੇ.ਐੱਲ. ਰਾਹੁਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿਸ਼ਭ ਪੰਤ (ਵਿਕਟਕੀਪਰ), ਸਾਈ ਸੁਦਰਸ਼ਨ, ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਜਸਪ੍ਰੀਤ ਬੁਮਰਾਹ, ਮਹੁੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਗੁਰਨੂਰ ਬਰਾੜ, ਦੇਵਦੱਤ ਪਡਿੱਕਲ, ਸਾਰਾਂਸ਼ ਜੈਨ।
