24 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਨੀਟ (NEET) ਪੇਪਰ ਲੀਕ ਦੇ ਖ਼ਿਲਾਫ਼ ਚੱਲ ਰਹੇ ਅੰਦੋਲਨ ਦੀ ਅਗਵਾਈ ਕਰਨ ਵਾਲੀ ਕੋਕਰੋਚ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਹੋਈ ਹੈ। ਸਿਹਤ ਮੰਤਰੀ ਜੇ.ਪੀ. ਨੱਡਾ ਅਤੇ ਪੀਐਮਓ ਰਾਜ ਮੰਤਰੀ ਜਿਤਿੰਦਰ ਸਿੰਘ ਨੇ ਸੀ.ਜੇ.ਪੀ. ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇਸ ਬੈਠਕ ਵਿੱਚ ਸੀ.ਜੇ.ਪੀ. ਵੱਲੋਂ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਮੁੜ ਆਪਣੀਆਂ ਤਿੰਨ ਮੰਗਾਂ ਰੱਖੀਆਂ, ਜਿਨ੍ਹਾਂ ਨੂੰ ਉਹ ਪਹਿਲਾਂ ਵੀ ਕਈ ਵਾਰ ਦੁਹਰਾ ਚੁੱਕੇ ਹਨ।
ਇਸ ਬੈਠਕ ਵਿੱਚ ਉਨ੍ਹਾਂ ਨੇ ਫ਼ਿਰ ਤੋਂ ਮੰਗ ਰੱਖੀ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੋਂ ਅਸਤੀਫ਼ਾ ਲਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ 20 ਤੋਂ ਵੱਧ ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਜਿਨ੍ਹਾਂ ਨੇ ਨੀਟ ਪੇਪਰ ਲੀਕ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕੀਤੀ ਸੀ। ਤੀਜੀ ਮੰਗ ਇਹ ਹੈ ਕਿ ਅੰਦੋਲਨ ਕਰਨ ਵਾਲੇ ਲੋਕਾਂ ‘ਤੇ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਅਤੇ ਜਿਨ੍ਹਾਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆ ਜਾਵੇ।
ਬੈਠਕ ਤੋਂ ਬਾਅਦ CJP ਦੇ ਬੁਲਾਰਿਆਂ ਨੇ ਕਿਹਾ, ‘ਅਸੀਂ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ‘ਤੇ ਕੋਈ ਸਮਝੌਤਾ ਨਹੀਂ ਕਰਾਂਗੇ। ਸਰਕਾਰ ਨੇ ਮੁਆਵਜ਼ਾ ਦੇਣ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੇਸ ਵਾਪਸ ਲੈਣ ‘ਤੇ ਸਹਿਮਤੀ ਜਤਾਈ ਹੈ।’
ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਦੱਸਿਆ ਕਿ ਦੋ ਘੰਟੇ ਦੀ ਗੱਲਬਾਤ ਵਿੱਚ CJP ਨੇ ਸਰਕਾਰ ਦੇ ਸਾਹਮਣੇ 3 ਮੁੱਖ ਮੰਗਾਂ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਦੇ 5 ਸੁਝਾਅ ਰੱਖੇ ਹਨ। ਸਰਕਾਰ ਨੇ ਇਸ ‘ਤੇ ਵਿਚਾਰ ਕਰਨ ਲਈ ਕੱਲ੍ਹ ਤੱਕ ਦਾ ਸਮਾਂ ਮੰਗਿਆ ਹੈ।
ਸੀ.ਜੇ.ਪੀ. (CJP) ਦੇ ਬੁਲਾਰੇ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਦੱਸਿਆ ਕਿ ਮੰਤਰੀਆਂ ਨਾਲ ਬੈਠਕ ਹੋਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਤਿੰਨ ਮੰਗਾਂ ਵਿੱਚੋਂ ਦੋ ‘ਤੇ ਹਾਂ-ਪੱਖੀ ਨਜ਼ਰ ਆਈ। ਸੌਰਭ ਦਾਸ ਮੁਤਾਬਕ, ਸਰਕਾਰ ਪੀੜਤ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਪ੍ਰਸਤਾਵ ‘ਤੇ ਸਕਾਰਾਤਮਕ ਹੈ। ਇਸ ਤੋਂ ਇਲਾਵਾ, ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੀਤੀਆਂ ਗਈਆਂ ਐੱਫ.ਆਈ.ਆਰ. (FIR) ਦੇ ਮੁੱਦੇ ‘ਤੇ ਵੀ ਸਰਕਾਰ ਦਾ ਰੁੱਖ ਸਕਾਰਾਤਮਕ ਦਿਖਾਈ ਦਿੱਤਾ। ਕੱਲ੍ਹ ਸਰਕਾਰ ਨਾਲ ਫ਼ਿਰ ਮੁਲਾਕਾਤ ਹੋਵੇਗੀ। ਸਰਕਾਰ ਨੇ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਸਾਡੀ ਮੰਗ ‘ਤੇ ਕੱਲ੍ਹ ਦੁਪਹਿਰ ਤੱਕ ਦਾ ਸਮਾਂ ਮੰਗਿਆ ਹੈ।
