ਨਵੀਂ ਦਿੱਲੀ, 23 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) – ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਪੰਜਾਬ ਦੀਆਂ ਕਈ ਸਿੱਖ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਬੁੱਧਵਾਰ ਦੇਰ ਰਾਤ ਸਿੱਖ ਸੰਗਠਨਾਂ ਦੇ ਮੈਂਬਰ ਦਿੱਲੀ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਮਿਲ ਕੇ ਧਰਨੇ ਵਿੱਚ ਹਿੱਸਾ ਲਿਆ। ਇਸ ਦੌਰਾਨ ਕੁਝ ਨਿਹੰਗ ਸਿੰਘ ਗੱਡੀਆਂ ਦੀਆਂ ਛੱਤਾਂ ਅਤੇ ਬੋਨਟਾਂ ‘ਤੇ ਬੈਠ ਕੇ ਜੰਤਰ-ਮੰਤਰ ਪਹੁੰਚੇ, ਜਿਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਇਸ ਦੌਰਾਨ ਜਦੋਂ ਸਿੱਖ ਸੰਗਠਨਾਂ ਨੇ ਦੇਰ ਰਾਤ ਦਿੱਲੀ ‘ਚ ਚੱਲ ਰਹੇ ਪ੍ਰਦਰਸ਼ਨ ‘ਚ ਸ਼ਮੂਲੀਅਤ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਨੇ ਕਿਹਾ, “ਪੰਜਾਬੀ ਆ ਗਏ ਓਏ…”
ਪ੍ਰਦਰਸ਼ਨ ਦੌਰਾਨ ਨੌਜਵਾਨਾਂ ਵੱਲੋਂ ਪੰਜਾਬੀ ਗੀਤ ਗਾਏ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ। ਸੰਗਤ ਨੇ “ਸਤਿਨਾਮ ਵਾਹਿਗੁਰੂ” ਦੇ ਜਾਪ ਵੀ ਕੀਤੇ। ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਨੂੰ ਚਾਦਰਾਂ ਅਤੇ ਕੰਬਲ ਵੀ ਵੰਡੇ ਗਏ। ਇਸ ਮੌਕੇ ਕੁਝ ਨਿਹੰਗ ਸਿੰਘਾਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮਾਵਾਂ ਅਤੇ ਭੈਣਾਂ ਨਾਲ ਬਦਸਲੂਕੀ ਜਾਂ ਕੋਈ ਨੁਕਸਾਨ ਕੀਤਾ ਗਿਆ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਸੀਜੇਪੀ ਦੇ ਸੰਸਦ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਸੀ। ਪ੍ਰਦਰਸ਼ਨਕਾਰੀ ਸੰਸਦ ਦੇ ਗੇਟਾਂ ਤੱਕ ਪਹੁੰਚ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਸੀ। ਪ੍ਰਦਰਸ਼ਨਕਾਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।
