ਸੰਗਰੂਰ, 3 ਮਾਰਚ (ਪੰਜਾਬੀ ਖਬਰਨਾਮਾ):ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੰਗਰੂਰ ਦੇ ਹਰ ਸ਼ਹਿਰੀ ਅਤੇ ਦਿਹਾਤੀ ਖੇਤਰ ਦਾ ਵਿਕਾਸ ਪੱਖੋਂ ਕਾਇਆ ਕਲਪ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਹਲਕਾ ਵਾਸੀਆਂ ਦੀ ਸੇਵਾ ਵਿੱਚ ਉਹ ਦਿਨ ਰਾਤ ਜੁਟੇ ਹੋਏ ਹਨ ਅਤੇ ਲੋਕਾਂ ਦੀ ਹਰ ਜਰੂਰਤ ਨੂੰ ਤਰਜੀਹ ਦੇ ਆਧਾਰ ਤੇ ਪੂਰਾ ਕਰਨ ਲਈ ਕਾਰਜਸ਼ੀਲ ਹਨ। ਅੱਜ ਸੰਗਰੂਰ ਸ਼ਹਿਰ ਵਿੱਚ ਲਗਭਗ ਪੌਣੇ ਛੇ ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹਨਾਂ ਨੇ ਆਪਣੇ ਹਲਕੇ ਨੂੰ ਰਾਜ ਦੇ ਸਰਵੋਤਮ ਸਹੂਲਤਾਂ ਵਾਲੇ ਹਲਕਿਆਂ ਦੀ ਮੂਹਰਲੀ ਕਤਾਰ ਵਿੱਚ ਲਿਆਉਣ ਲਈ ਯੋਜਨਾਬੱਧ ਢੰਗ ਨਾਲ ਵਿਕਾਸ ਦਾ ਖਾਕਾ ਤਿਆਰ ਕੀਤਾ ਹੋਇਆ ਹੈ ਜਿਸ ਨੂੰ ਲੜੀਵਾਰ ਢੰਗ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਆਉਣ ਵਾਲੇ ਕੁਝ ਹੀ ਸਮੇਂ ਅੰਦਰ ਸੰਗਰੂਰ ਹਲਕੇ ਵਿੱਚ ਸਰਵਪੱਖੀ ਵਿਕਾਸ ਦੀ ਤਸਵੀਰ ਲੋਕਾਂ ਸਾਹਮਣੇ ਹੋਵੇਗੀ । ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵੱਡੀ ਗਿਣਤੀ ਵਿੱਚ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਬਹੁਤੇ ਲੋਕਾਂ ਨੂੰ ਇਹਨਾਂ ਸਕੀਮਾਂ ਬਾਰੇ ਮੁਢਲੀ ਜਾਣਕਾਰੀ ਨਾ ਹੋਣ ਕਾਰਨ ਹਕੀਕਤ ਵਿੱਚ ਲਾਭ ਹਾਸਲ ਨਹੀਂ ਹੁੰਦਾ ਪਰ ਹੁਣ ਉਹ ਖੁਦ ਵੱਖ ਵੱਖ ਸਕੀਮਾਂ ਨੂੰ ਜਮੀਨੀ ਪੱਧਰ ਤੇ ਲਾਗੂ ਕਰਾਉਣ ਲਈ ਚੱਲ ਰਹੇ ਕਾਰਜਾਂ ਦੀ ਨਿਗਰਾਨੀ ਕਰਦੇ ਰਹਿੰਦੇ ਹਨ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਸੰਗਰੂਰ ਸ਼ਹਿਰ ਦੀ ਸ਼ਿਵਮ ਕਲੋਨੀ ਵਿਖੇ ਇੰਟਰਲੋਕਿੰਗ ਟਾਈਲਾਂ ਦਾ 252.71 ਲੱਖ ਰੁਪਏ ਦੀ ਕੀਮਤ ਦਾ ਕੰਮ ਆਰੰਭ ਕਰਵਾਇਆ। ਉਨ੍ਹਾਂ ਅਫਸਰ ਕਲੋਨੀ ਵਿਖੇ 2.29 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਲਾੱਕ ਟਾਈਲਾਂ ਲਗਾਏ ਜਾਣ ਦੇ ਕੰਮ ਦੀ ਸ਼ੁਰੂਆਤ ਕੀਤੀ ਅਤੇ ਸੰਗਰੂਰ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਦੀ ਮੁਰੰਮਤ ਲਈ 24.50 ਲੱਖ ਰੁਪਏ ਦੀ ਲਾਗਤ ਨਾਲ ਰੈਡੀਮਿਕਸ ਮਟੀਰੀਅਲ ਰਾਹੀਂ ਮੁਰੰਮਤ ਦੇ ਕੰਮ ਦਾ ਆਗਾਜ਼ ਫੁਆਰਾ ਚੌਂਕ ਸੰਗਰੂਰ ਤੋਂ ਕੀਤਾ। ਵਿਧਾਇਕ ਵੱਲੋਂ ਸੰਗਰੂਰ ਸ਼ਹਿਰ ਵਿੱਚ ਵੱਖ-ਵੱਖ ਸੜਕਾਂ ਉਤੇ ਬੀਐਮਪੀਸੀ ਦਾ 24.23 ਲੱਖ ਰੁਪਏ ਦਾ ਕੰਮ ਸਪਾਰਟਨ ਜਿੰਮ ਸਾਹਮਣੇ ਯਾਦਵਿੰਦਰ ਹੋਟਲ ਤੋਂ ਨਨਕਿਆਣਾ ਚੌਂਕ ਜਾਂਦੀ ਰੋਡ ਤੇ ਸ਼ੁਰੂ ਕੀਤਾ ਗਿਆ। ਨਰਿੰਦਰ ਕੌਰ ਭਰਾਜ਼ ਵੱਲੋ ਕ੍ਰਿਸ਼ਨਾ ਬੁੱਕ ਡਿਪੂ ਤੋਂ ਛੋਟਾ ਚੌਂਕ ਬਜਾਰ ਤੱਕ ਸੜਕ ਤੇ ਬੀਐਮਪੀਸੀ ਦਾ 43.69 ਲੱਖ ਰੁਪਏ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਉਪਲੀ ਰੋਡ ਸੰਗਰੂਰ ਵਿਖੇ ਫਾਇਰ ਦਫਤਰ ਦੇ ਨਵੇਂ ਕਮਰੇ ਅਤੇ ਸ਼ੈਡ ਬਣਾਏ ਜਾਣ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ। ਇਸ ਮੌਕੇ ਅਧਿਕਾਰੀ ਅਤੇ ਪਾਰਟੀ ਆਗੂ ਵੀ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।