18 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) :
“ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥”
ਅੱਜ ਪੰਚਮ ਪਾਤਸ਼ਾਹ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਅਤੇ ਸ਼ਹੀਦਾਂ ਦੇ ਸਰਤਾਜ ਧੰਨ-ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਪੁਰਬ ਮੌਕੇ ਦੇਸ਼-ਵਿਦੇਸ਼ ਦੀਆਂ ਗੁਰਦੁਆਰਾ ਸਾਹਿਬਾਨਾਂ ਵਿੱਚ ਸੰਗਤਾਂ ਵੱਲੋਂ ਬੇਅੰਤ ਸ਼ਰਧਾ, ਸਤਿਕਾਰ ਅਤੇ ਭਾਵਨਾ ਨਾਲ ਗੁਰੂ ਸਾਹਿਬ ਨੂੰ ਨਮਨ ਕੀਤਾ ਜਾ ਰਿਹਾ ਹੈ। ਇਸ ਪਵਿੱਤਰ ਦਿਹਾੜੇ ਮੌਕੇ ਸਵੇਰ ਤੋਂ ਹੀ ਗੁਰਦੁਆਰਾ ਸਾਹਿਬਾਨਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਚਰਨਾਂ ਵਿੱਚ ਆਪਣੀ ਸ਼ਰਧਾ ਭੇਟ ਕਰ ਰਹੀਆਂ ਹਨ।
ਭਿਆਨਕ ਗਰਮੀ ਅਤੇ ਲੂ ਦੇ ਇਸ ਦੌਰ ਵਿੱਚ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਥਾਂ-ਥਾਂ ‘ਤੇ ਠੰਢੇ ਅਤੇ ਮਿੱਠੇ ਜਲ ਦੀਆਂ ਅਤੁੱਟ ਛਬੀਲਾਂ ਲਗਾਈਆਂ ਗਈਆਂ ਹਨ। ਸੇਵਾਦਾਰ ਪੂਰੀ ਨਿਮਰਤਾ ਅਤੇ ਪ੍ਰੇਮ ਭਾਵ ਨਾਲ ਰਾਹਗੀਰਾਂ, ਯਾਤਰੀਆਂ ਅਤੇ ਗੁਰਦੁਆਰਾ ਸਾਹਿਬ ਪਹੁੰਚਣ ਵਾਲੀਆਂ ਸੰਗਤਾਂ ਨੂੰ ਛਬੀਲ ਦਾ ਪ੍ਰਸ਼ਾਦ ਵਰਤਾ ਰਹੇ ਹਨ। ਵੀਡੀਓ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸੰਗਤਾਂ ਸੇਵਾ ਭਾਵ ਨਾਲ ਇਸ ਮਹਾਨ ਪਰੰਪਰਾ ਨੂੰ ਨਿਭਾ ਰਹੀਆਂ ਹਨ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਅਮਲ ਵਿੱਚ ਲਿਆ ਰਹੀਆਂ ਹਨ।
ਇਸ ਪਾਵਨ ਮੌਕੇ ਗੁਰਦੁਆਰਾ ਸਾਹਿਬਾਨਾਂ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ ਹਨ, ਜਿੱਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਅਤੇ ਉਨ੍ਹਾਂ ਦੀ ਮਹਾਨ ਸ਼ਹਾਦਤ ਨਾਲ ਜੋੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ, ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪ੍ਰਸ਼ਾਦਾ ਛਕ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ।
ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ, ਸੱਚ ਅਤੇ ਮਨੁੱਖਤਾ ਦੀ ਰੱਖਿਆ ਲਈ ਅਸਹਿ ਤਸੀਹੇ ਸਹਾਰ ਕੇ ਵੀ ਪ੍ਰਭੂ ਦੀ ਰਜ਼ਾ ਨੂੰ ਮਿੱਠਾ ਮੰਨਿਆ ਅਤੇ ਪੂਰੀ ਦੁਨੀਆ ਨੂੰ ਸਬਰ, ਨਿਮਰਤਾ, ਸੇਵਾ ਅਤੇ ਸਮਰਪਣ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਹਰ ਯੁੱਗ ਵਿੱਚ ਮਨੁੱਖਤਾ ਨੂੰ ਹੌਸਲਾ, ਵਿਸ਼ਵਾਸ ਅਤੇ ਸੇਵਾ ਦਾ ਰਾਹ ਦਿਖਾਉਂਦੀ ਰਹੇਗੀ।
ਧੰਨ-ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਪੁਰਬ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਆਓ, ਅਸੀਂ ਸਾਰੇ ਗੁਰੂ ਸਾਹਿਬ ਦੇ ਦਰਸਾਏ ਸੱਚ, ਸੇਵਾ, ਸਿਮਰਨ ਅਤੇ ਸਰਬੱਤ ਦੇ ਭਲੇ ਦੇ ਮਾਰਗ ‘ਤੇ ਚੱਲਣ ਦਾ ਸੰਕਲਪ ਕਰੀਏ।
