ਨਵੀਂ ਦਿੱਲੀ 16 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਪ੍ਰਸ਼ਾਂਤ ਮਹਾਸਾਗਰ ’ਚ ਵਿਕਸਤ ਹੋਣ ਵਾਲੀ ਪੌਣ ਪਾਣੀ ਸਬੰਧੀ ਘਟਨਾ ਅਲ ਨੀਨੋ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੀ ਸੰਸਥਾ ਖੁਰਾਕ ਤੇ ਖੇਤੀ ਸੰਗਠਨ (ਐੱਫਏਓ ) ਨੇ ਚਿਤਾਵਨੀ ਦਿੱਤੀ ਹੈ ਕਿ ਇਸ ਦਾ ਭਾਰਤ ਸਮੇਤ ਏਸ਼ੀਆ ਦੇ ਕਈ ਮੁਲਕਾਂ ਦੀ ਖੇਤੀ ਤੇ ਖੁਰਾਕ ਸੁਰੱਖਿਆ ’ਤੇ ਵਿਆਪਕ ਅਸਰ ਪੈ ਸਕਦਾ ਹੈ। ਖ਼ਾਸ ਤੌਰ ’ਤੇ ਭਾਰਤ ’ਚ ਮੌਨਸੂਨ ਕਮਜ਼ੋਰ ਪੈਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਜਿਸ ਨਾਲ ਝੋਨੇ ਤੇ ਮੱਕੀ ਵਰਗੀਆਂ ਬਾਰਿਸ਼ ਆਧਾਰਤ ਸਾਉਣੀ ਫ਼ਸਲਾਂ ਦੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ।

ਐੱਫਏਓ ਮੁਤਾਬਕ, ਅਲ ਨੀਨੋ ਦੇ ਪ੍ਰਭਾਵ ਨਾਲ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਸਾਧਾਰਨ ਤੋਂ ਘੱਟ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਖੇਤੀ ਲਈ ਜ਼ਰੂਰੀ ਨਮੀ ’ਚ ਕਮੀ ਆਏਗੀ ਤੇ ਫ਼ਸਲਾਂ ਦੇ ਵਾਧੇ ਦੇ ਮਹੱਤਵਪੂਰਨ ਪੜਾਵਾਂ ’ਚ ਪੈਦਾਵਾਰ ’ਤੇ ਦਬਾਅ ਵਧੇਗਾ। ਝੋਨੇ ਤੇ ਮੱਕੀ ਵਰਗੀਆਂ ਫ਼ਸਲਾਂ ਮੁੱਖ ਰੂਪ ਨਾਲ ਮੌਨਸੂਨੀ ਬਾਰਿਸ਼ ’ਤੇ ਨਿਰਭਰ ਹੁੰਦੀਆਂ ਹਨ, ਇਸ ਲਈ ਇਨ੍ਹਾਂ ਦੀ ਪੈਦਾਵਾਰ ’ਚ ਗਿਰਾਵਟ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਅਲ ਨੀਨੋ ਦਾ ਅਸਰ ਸਿਰਫ਼ ਖੇਤੀ ਖੇਤਰ ਤੱਕ ਸੀਮਤ ਨਹੀਂ ਰਹੇਗਾ, ਬਲਕਿ ਇਸ ਦਾ ਅਸਰ ਵਿਸ਼ਵ ਖੁਰਾਕੀ ਬਾਜ਼ਾਰਾਂ ਤੇ ਕੀਮਤਾਂ ’ਤੇ ਵੀ ਪੈ ਸਕਦਾ ਹੈ। ਪੈਦਾਵਾਰ ’ਚ ਕਮੀ ਆਉਣ ਨਾਲ ਖੁਰਾਕ ਸਪਲਾਈ ਪ੍ਰਭਾਵਿਤ ਹੋਵੇਗੀ ਤੇ ਕਈ ਦੇਸ਼ਾਂ ਨੂੰ ਦਰਾਮਦ ’ਤੇ ਜ਼ਿਆਦਾ ਨਿਰਭਰ ਹੋਣਾ ਪੈ ਸਕਦਾ ਹੈ।

ਭਾਰਤ ਸਮੇਤ ਇਨ੍ਹਾਂ ਦੇਸ਼ਾਂ ’ਚ ਸੋਕੇ ਦਾ ਖ਼ਤਰਾ

ਐੱਫਏਓ ਦਾ ਵਿਸ਼ਲੇਸ਼ਣ ਪਿਛਲੇ 41 ਸਾਲਾਂ ਦੀਆਂ ਉਪਗ੍ਰਹਿ ਤਸਵੀਰਾਂ ਤੇ ਪੌਣ ਪਾਣੀ ਅੰਕੜਿਆਂ ’ਤੇ ਆਧਾਰਤ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ, ਪਾਕਿਸਤਾਨ, ਮਿਆਂਮਾਰ, ਥਾਈਲੈਂਡ, ਕੰਬੋਡੀਆ, ਵੀਅਤਨਾਮ, ਫਿਲਪੀਨ, ਇੰਡੋਨੇਸ਼ੀਆ ਤੇ ਤਿਮੋਰ-ਲੇਸਤੇ ਵਰਗੇ ਦੇਸ਼ਾਂ ’ਚ ਸੋਕੇ ਦਾ ਖ਼ਤਰਾ ਵਧ ਸਕਦਾ ਹੈ। ਇਨ੍ਹਾਂ ਖੇਤਰਾਂ ’ਚ ਖੇਤੀ ’ਤੇ ਨਿਰਭਰ ਲੋਕਾਂ ਦੀ ਰੋਜ਼ੀ-ਰੋਟੀ ਤੇ ਖੁਰਾਕੀ ਸੁਰੱਖਿਆ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਰਿਪੋਰਟ ’ਚ 2015-16 ਦੇ ਅਲ ਨੀਨੋ ਦੀ ਉਦਾਹਰਨ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਸ ਦੌਰਾਨ ਭਾਰਤ ’ਚ ਮੱਕੀ ਦੀ ਪੈਦਾਵਾਰ ’ਚ ਚਾਰ ਫ਼ੀਸਦੀ ਤੇ ਝੋਨੇ ਦੀ ਪੈਦਾਵਾਰ ’ਚ ਇਕ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।