ਜ਼ਿਊਕਵਾਨ 25 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਚੀਨ ਇਕ ਪੁਲਾੜ ਯਾਤਰੀ ਨੂੰ ਇਕ ਸਾਲ ਲਈ ਆਪਣੇ ਪੁਲਾੜ ਸਟੇਸ਼ਨ ’ਤੇ ਭੇਜੇਗਾ। ਇਹ ਦੇਸ਼ ਦੇ ਪੁਲਾੜ ਯਾਤਰੀ ਲਈ ਇਕ ਰਿਕਾਰਡ ਮਿਆਦ ਹੋਵੇਗੀ। ਬੀਜਿੰਗ 2030 ਤੱਕ ਚੰਦਰਮਾ ’ਤੇ ਮਨੁੱਖੀ ਮਿਸ਼ਨ ਭੇਜਣ ਦੀ ਆਪਣੀ ਖ਼ਾਹਿਸ਼ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ।
ਸ਼ੇਨਝੋਊ-23 ਪੁਲਾੜ ਵਾਹਨ ਨੂੰ ਉੱਤਰ-ਪੱਛਮ ਚੀਨ ਦੇ ਜ਼ਿਊਕੁਆਨ ਸੈਟੇਲਾਈਟ ਲਾਂਚਿੰਗ ਕੇਂਦਰ ਤੋਂ ਲਾਂਗ ਮਾਰਚ-2ਐੱਫ ਵਾਈ23 ਰਾਕੇਟ ਦੀ ਮਦਦ ਨਾਲ ਲਾਂਚ ਕੀਤੇ ਜਾਣ ਦੀ ਯੋਜਨਾ ਹੈ। ਇਸ ਵਿਚ ਚੀਨੀ ਪੁਲਾੜ ਯਾਤਰੀ ਸਵਾਰ ਹੋਣਗੇ। ਪੇਲੋਡ ਮਾਹਿਰ ਲੀ ਜ਼ਿਆਇੰਗ, ਜੋ ਹਾਂਗਕਾਂਗ ਦੀ ਸਾਬਕਾ ਪੁਲਿਸ ਸੁਪਰਟੈਂਡ ਹਨ, ਚੀਨੀ ਪੁਲਾੜ ਮਿਸ਼ਨ ’ਚ ਹਿੱਸਾ ਲੈਣ ਵਾਲੀ ਹਾਂਗਕਾਂਗ ਦੀ ਪਹਿਲੀ ਪੁਲਾੜ ਯਾਤਰੀ ਹੋਣਗੇ। ਹੋਰ ਕਰੂ ਦੇ ਮੈਂਬਰ ਕਮਾਂਡਰ ਝੂ ਯਾਂਗਝੂ ਤੇ ਪਾਇਲਟ ਝਾਂਗ ਯੁਆਨਝੀ ਹਨ, ਦੋਵੇਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਪੁਲਾੜ ਯਾਤਰੀ ਵਿਭਾਗ ਤੋਂ ਹਨ।
ਇਨ੍ਹਾਂ ਤਿੰਨ ਪੁਲਾੜ ਯਾਤਰੀਆਂ ’ਚੋਂ ਇਕ ਨੂੰ ਤਿਆਂਗੋਂਗ ਪੁਲਾੜ ਸਟੇਸ਼ਨ ’ਤੇ ਇਕ ਸਾਲ ਤੱਕ ਰਹਿਣਾ ਹੈ, ਜੋ ਹੁਣ ਤੱਕ ਦੀਆਂ ਸਭ ਤੋਂ ਲੰਬੀਆਂ ਪੁਲਾੜ ਮੁਹਿੰਮਾਂ ’ਚੋਂ ਇਕ ਹੈ। ਹਾਲਾਂਕਿ, ਇਹ 1995 ’ਚ ਇਕ ਰੂਸੀ ਪੁਲਾੜ ਯਾਤਰੀ ਵੱਲੋਂ ਬਣਾਏ ਗਏ 14-1/2 ਮਹੀਨੇ ਦੇ ਰਿਕਾਰਡ ਤੋਂ ਘੱਟ ਹੈ। ਚੀਨ ਮਨੁੱਖੀ ਪੁਲਾੜ ਏਜੰਸੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮਿਸ਼ਨ ਦੀ ਤਰੱਕੀ ਦੇ ਆਧਾਰ ’ਤੇ ਉਸ ਪੁਲਾੜ ਯਾਤਰੀ ਦੀ ਚੋਣ ਬਾਅਦ ’ਤ ਕੀਤੀ ਜਾਵੇਗੀ। ਚੀਨ ਕਈ ਵਾਰ ਆਪਣੇ ਪੁਲਾੜ ਸਟੇਸ਼ਨ ’ਤੇ ਯਾਤਰੀਆਂ ਨੂੰ ਭੇਜ ਚੁੱਕਾ ਹੈ ਪਰ ਇਹ ਲਾਂਚਿੰਗ ਅਮਰੀਕਾ ਨਾਲ ਚੰਦਰਮਾ ’ਤੇ ਪਹੁੰਚਣ ਦੀ ਵਧਦੀ ਦੌੜ ਵਿਚਾਲੇ ਹੋ ਰਿਹਾ ਹੈ।
