ਪਟਿਆਲਾ 22 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) :  ਸੂਬੇ ਵਿਚ ਲਗਾਤਾਰ ਵੱਧ ਰਹੀ ਬਿਜਲੀ ਮੰਗ ਨੂੰ ਦੇਖਦਿਆਂ ਪੀਐਸਪੀਸੀਐੱਲ ਨੇ ਇਸਦੀ ਬਚਤ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੀਐਸਪੀਸੀਐੱਲ ਅਧਿਕਾਰੀ ਵਿਦਿਅਕ ਅਦਾਰਿਆਂ ਵਿਚ ਵਿਸ਼ੇਸ਼ ਕੈਂਪ ਲਗਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੋੜ ਅਨੁਸਾਰ ਹੀ ਬਿਜਲੀ ਦੀ ਵਰਤੋਂ ਕਰ ਲਈ ਪ੍ਰੇਰਿਤ ਕਰ ਰਹੇ ਹਨ। ਐਕਸੀਅਨ ਤੋਂ ਲੈ ਕੇ ਐਸਡੀਓ ਰੈਂਕ ਤੱਕ ਦੇ ਅਧਿਕਾਰੀ ਸਕੂਲਾਂ ਕਾਲਜਾਂ ਵਿਚ ਜਾ ਕੇ “ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ” ਬਾਰੇ ਜਾਣਕਾਰੀ ਦੇ ਰਹੇ ਹਨ।

ਪੀਐਸਪੀਸੀਐੱਲ ਵੱਲੋਂ ਪਿੰਡ ਕਲਿਆਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ “ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ” ਵਿਸ਼ੇ ਉੱਤੇ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ। ਪਾਵਰਕਾਮ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਵੱਖ-ਵੱਖ ਵਿਧੀਆਂ, ਊਰਜਾ ਬੱਚਤ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਕਿ ਵਿਦਿਆਰਥੀਆਂ ਵਿੱਚ ਊਰਜਾ ਬੱਚਤ ਬਾਰੇ ਰੁਚੀ ਪੈਦਾ ਹੋ ਸਕੇ। ਵਿਦਿਆਰਥੀਆਂ ਨੇ ਇਨ੍ਹਾਂ ਤਕਨੀਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕੀਤਾ। ਇਸ ਦੋਰਾਨ ਵਿਦਿਆਰਥੀਆਂ ਵੱਲੋਂ ਊਰਜਾ ਬਚਤ ਵਿਸ਼ੇ ਉੱਤੇ ਪੇਪਰ ਪੜ੍ਹੇ ਗਏ ਅਤੇ ਉਨਾਂ ਵੱਲੋਂ ਊਰਜਾ ਬੱਚਤ ਉੱਤੇ ਚਿੱਤਰ ਬਣਾਏ ਗਏ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੀ.ਐਸ.ਪੀ.ਸੀ.ਐਲ. ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਅਧਿਆਪਕਾ ਇੰਜ: ਅਰਪਨਜੋਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਬਿਜਲੀ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਜਾਣਕਾਰੀ ਮਿਲੀ ਹੈ ਅਤੇ ਪੀ.ਐਸ.ਪੀ.ਸੀ.ਐਲ. ਵੱਲੋਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਸਕੂਲਾਂ ਵਿੱਚ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ ਤਾਂ ਜੋ ਬਿਜਲੀ ਬੱਚਤ ਸਬੰਧੀ ਵਿਦਿਆਰਥੀਆਂ ਨੂੰ ਹੋਰ ਜਾਗਰਿਤ ਕੀਤਾ ਜਾ ਸਕੇ।

ਰੋਜ਼ਾਨਾ ਵੱਧ ਰਹੀ ਹੈ ਬਿਜਲੀ ਦੀ ਮੰਗ

ਦੱਸਣਾ ਬਣਦਾ ਹੈ ਕਿ ਮਈ ਦੇ ਪਹਿਲੇ ਪੰਦਰਵਾੜੇ ਵਿੱਚ ਚੰਗੇ ਮੌਸਮ ਕਾਰਨ ਬਿਜਲੀ ਦੀ ਮੰਗ ਘੱਟ ਰਹੀ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਬਿਜਲੀ ਦੀ ਮੰਗ ਰੋਜ਼ਾਨਾ ਔਸਤਨ 1,000 ਮੈਗਾਵਾਟ ਦੀ ਦਰ ਨਾਲ ਵਧ ਰਹੀ ਹੈ। ਬੁੱਧਵਾਰ ਨੂੰ ਇਹ ਮਈ ਮਹੀਨੇ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 14 ਹਜ਼ਾਰ ਮੈਗਾਵਾਟ ਟੱਪ ਗਈ ਸੀ, ਜਿਸ ਕਰਕੇ ਕੱਟ ਕਰੀਬ 23 ਲੱਖ ਯੂਨਿਟ ਬਿਜਲੀ ਸਪਲਾਈ ਪ੍ਰਭਾਵਿਤ ਵੀ ਰਹੀ। ਵੀਰਵਾਰ ਸਵੇਰੇ ਲਗਾਤਾਰ ਦੂਜੇ ਦਿਨ ਵੱਧ ਤੋਂ ਵੱਧ ਬਿਜਲੀ ਦੀ ਮੰਗ 13,871 ਮੈਗਾਵਾਟ ਤੱਕ ਪਹੁੰਚ ਗਈ। ਬਿਜਲੀ ਦੀ ਕੁੱਲ ਸਪਲਾਈ 2,770 ਲੱਖ ਯੂਨਿਟ ਸੀ, ਜਿਸ ਵਿੱਚ 965 ਲੱਖ ਯੂਨਿਟ ਥਰਮਲ, 118 ਲੱਖ ਯੂਨਿਟ ਹਾਈਡਲ ਅਤੇ 1,602 ਲੱਖ ਯੂਨਿਟ ਨਾਰਦਰਨ ਗ੍ਰਿਡ ਤੋਂ ਪ੍ਰਾਪਤ ਕੀਤੇ ਗਏ। ਦਿਨ ਦੇ ਤਾਪਮਾਨ ਵਿੱਚ ਹੋਏ ਵਾਧੇ ਦਰਮਿਆਨ, ਵੀਰਵਾਰ ਸਵੇਰੇ ਲਗਾਤਾਰ ਦੂਜੇ ਦਿਨ ਬਿਜਲੀ ਦੀ ਮੰਗ ਤੇਜ਼ੀ ਨਾਲ ਵਧੀ। ਦੁਪਹਿਰ ਤੋਂ ਪਹਿਲਾਂ ਕਰੀਬ 10 ਵਜੇ ਵੱਧ ਤੋਂ ਵੱਧ ਮੰਗ 13,828 ਮੈਗਾਵਾਟ ਸੀ। ਰੋਪੜ ਥਰਮਲ ਪਲਾਂਟ ਦੇ 2, ਲਹਿਰਾ ਮੁਹੱਬਤ ਦੇ 3 ਅਤੇ ਗੋਇੰਦਵਾਲ ਸਾਹਿਬ ਦੇ 2 ਯੂਨਿਟ ਅੱਧੀ ਸਮਰੱਥਾ (ਹਾਫ ਲੋਡ) ‘ਤੇ ਚੱਲ ਰਹੇ ਹਨ। ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਸਾਲਾਨਾ ਰੱਖ-ਰਖਾਅ ਕਾਰਨ ਬੰਦ ਹੈ, ਜਿਸ ਦੇ 26 ਮਈ ਤੱਕ ਚਾਲੂ ਹੋਣ ਦੀ ਉਮੀਦ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।