ਸੰਗਰੂਰ, 1 ਮਾਰਚ (ਪੰਜਾਬੀ ਖਬਰਨਾਮਾ):ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸੰਗਰੂਰ ਸ਼ਹਿਰ ਵਿੱਚ ਇੱਕ ਹੋਰ ਅਹਿਮ ਲੋਕ ਪੱਖੀ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਬਰਨਾਲਾ ਕੈਂਚੀਆਂ ਤੋਂ ਲੈ ਕੇ ਰੇਖੀ ਹਸਪਤਾਲ ਚੌਂਕ ਅਤੇ ਪੁਰਾਣੇ ਮੇਨ ਪੰਪਿੰਗ ਸਟੇਸ਼ਨ ਫੋਕਲ ਪੁਆਇੰਟ ਤੋਂ ਲੈ ਕੇ ਨਵੇਂ ਮੇਨ ਪੰਪਿੰਗ ਸਟੇਸ਼ਨ, ਸੰਗਰੂਰ-ਸੁਨਾਮ ਰੋਡ ਤੱਕ ਪਾਈ ਜਾਣ ਵਾਲੀ ਸੀਵਰ ਲਾਈਨ ਅਤੇ ਮੇਨ ਪੰਪਿੰਗ ਸਟੇਸ਼ਨ ਦੇ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਸਰਵਪੱਖੀ ਵਿਕਾਸ ਦਾ ਵਾਅਦਾ ਦੁਹਰਾਇਆ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਇਸ ਨਾਲ ਸੰਗਰੂਰ ਸ਼ਹਿਰ ਦੀ ਵੱਡੀ ਅਬਾਦੀ ਨੂੰ ਸੀਵਰੇਜ ਦੇ ਪਾਣੀ ਦੀ ਨਿਕਾਸੀ ਸਬੰਧੀ ਪੇਸ਼ ਆਉਂਦੀ ਵੱਡੀ ਸਮੱਸਿਆ ਤੋਂ ਸਦਾ ਲਈ ਛੁਟਕਾਰਾ ਮਿਲ ਜਾਵੇਗਾ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਪ੍ਰੋਜੈਕਟ ਨੂੰ ਅਗਲੇ 9 ਮਹੀਨਿਆਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਹੈ, ਜਿਸ ਨੂੰ ਹੁਣ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਤਰਜੀਹੀ ਆਧਾਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਸ਼ਹਿਰ ਦੇ ਇਸ ਪ੍ਰੋਜੈਕਟ ਦੀ ਅਹਿਮ ਕੜੀ ਵਜੋਂ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ 11- ਐਮਐਲਡੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਨਿਰਮਾਣ ਕਾਰਜ ਚੱਲ ਰਹੇ ਹਨ ਅਤੇ ਇਸ ਤੱਕ ਸੀਵਰੇਜ ਦਾ ਪਾਣੀ ਪਹੁੰਚਾਉਣ ਲਈ 5 ਕਰੋੜ ਰੁਪਏ ਦੀ ਲਾਗਤ ਵਾਲੇ ਮੇਨ ਪੰਪਿੰਗ ਸਟੇਸ਼ਨ ਅਤੇ ਮੇਨ ਸੀਵਰੇਜ ਪਾਈਪ ਲਾਈਨ ਪਾਉਣ ਦੇ ਕੰਮ ਮੁਕੰਮਲ ਹੋਣ ਤੋਂ ਬਾਅਦ ਸੰਗਰੂਰ ਸ਼ਹਿਰ ਦੇ ਸੀਵਰੇਜ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਇਸ ਮੌਕੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸਤਵਿੰਦਰ ਸਿੰਘ, ਐਸਡੀਓ ਲਲਿਤ ਮਿੱਤਲ, ਜੇਈ ਸਿਮਰਨ ਜੀਤ ਸਿੰਘ ਅਤੇ ਪਾਰਟੀ ਆਗੂ ਵੀ ਹਾਜ਼ਰ ਸਨ।