23 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਤੇ ਸ੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ. ਖ਼ਤਮ ਹੋਣ ਉਪਰੰਤ ਅੰਮ੍ਰਿਤਸਰ ਦਿਹਾਤੀ ਪੁਲੀਸ ਵਲੋਂ ਅੱਜ ਵੀਡੀਓ ਕਾਨਫ਼ਰਸਿੰਗ ਰਾਹੀਂ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਐਨ.ਐਸ.ਏ. ਖ਼ਤਮ ਹੋਣ ਤੋਂ ਬਾਅਦ ਅੰਮ੍ਰਿਤਪਾਲ ਨੂੰ ਇਕ ਵਾਰ ਡਿਬਰੂਗੜ੍ਹ ਜੇਲ੍ਹ ਵਿਚੋਂ ਰਿਹਾਅ ਕੀਤਾ ਜਾਵੇਗਾ ਤੇ ਤੁਰੰਤ ਪੁਲੀਸ ਵਲੋਂ ਉਸ ਦੀ ਗ੍ਰਿਫ਼ਤਾਰੀ ਪਾ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਵੀ ਮੰਗਿਆ ਜਾਵੇਗਾ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ (ਦਿਹਾਤੀ) ਪੁਲੀਸ ਫਰਵਰੀ 2023 ਦੇ ਅਜਨਾਲਾ ਥਾਣਾ ਹਮਲੇ ਦੇ ਸਬੰਧ ਵਿੱਚ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰਨ ਲਈ ਅਸਾਮ ਦੇ ਡਿਬਰੂਗੜ੍ਹ ਪਹੁੰਚ ਗਈ ਹੈ। ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਤਹਿਤ ਅੰਮ੍ਰਿਤਪਾਲ ਦੀ ਨਜ਼ਰਬੰਦੀ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ 23 ਅਪਰੈਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ।

ਪੰਜਾਬ ਸਰਕਾਰ ਨੇ ਹਾਈ ਕੋਰਟ ਤੱਕ ਪਹੁੰਚ ਕਰਕੇ ਅੰਮ੍ਰਿਤਪਾਲ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਅਤੇ ਅਸਾਮ ਦੀ ਜੇਲ੍ਹ ਵਿੱਚ ਹੀ ਰੱਖਣ ਦੀ ਮੰਗ ਕੀਤੀ ਸੀ। ਸਰਕਾਰ ਨੇ ਦਲੀਲ ਦਿੱਤੀ ਸੀ ਕਿ ਜੇਕਰ ਉਸ ਨੂੰ ਸੁਣਵਾਈ ਲਈ ਅੰਮ੍ਰਿਤਸਰ ਲਿਆਂਦਾ ਗਿਆ ਤਾਂ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਅਦਾਲਤ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਕੇਸ ਦੀ ਸੁਣਵਾਈ ਵੀਡੀਓ-ਕਾਨਫਰੰਸਿੰਗ ਰਾਹੀਂ ਹੀ ਕੀਤੀ ਜਾਵੇ।

ਹਾਈ ਕੋਰਟ ਨੇ ਐਤਵਾਰ ਨੂੰ ਜਾਰੀ ਕੀਤੇ ਆਪਣੇ ਹੁਕਮ ਵਿੱਚ ਅੰਮ੍ਰਿਤਸਰ ਦੀ ਅਦਾਲਤ ਨੂੰ ਇਜਾਜ਼ਤ ਦੇ ਦਿੱਤੀ ਸੀ ਕਿ ਅੰਮ੍ਰਿਤਪਾਲ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇਣ ਲਈ ਪੁਲੀਸ ਰਿਮਾਂਡ ਅਤੇ ਜੇਲ੍ਹ ਭੇਜਣ ਸਮੇਤ ਸਾਰੀ ਕਾਰਵਾਈ ਵੀਡੀਓ-ਕਾਨਫਰੰਸਿੰਗ ਰਾਹੀਂ ਕੀਤੀ ਜਾਵੇ। ਅਜਨਾਲਾ ਹਿੰਸਾ ਮਾਮਲੇ ਵਿੱਚ ਐੱਫ ਆਈ ਆਰ 24 ਫਰਵਰੀ, 2023 ਨੂੰ ਦਰਜ ਕੀਤੀ ਗਈ ਸੀ।

ਅੰਮ੍ਰਿਤਪਾਲ ਦੇ ਵਕੀਲ, ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਅਦਾਲਤ ਨੇ ਸੂਬਾ ਸਰਕਾਰ ਨੂੰ ਐੱਨ ਐੱਸ ਏ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕਰਨ ਅਤੇ ਵੀਡੀਓ-ਕਾਨਫਰੰਸਿੰਗ ਰਾਹੀਂ ਅਗਲੀ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਹੈ।

ਉਨ੍ਹਾਂ ਕਿਹਾ, “ਅਦਾਲਤ ਨੇ ਅੰਮ੍ਰਿਤਸਰ ਵਿੱਚ ਵੀਡੀਓ-ਕਾਨਫਰੰਸਿੰਗ ਰਾਹੀਂ ਸੁਣਵਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਵੀਡੀਓ-ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।”ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ 23 ਅਪਰੈਲ, 2023 ਤੋਂ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਹੈ। ਉਸ ਦੇ ਸਾਥੀ ਪਪਲਪ੍ਰੀਤ ਸਿੰਘ, ਦਲਜੀਤ ਸਿੰਘ ਕਲਸੀ, ਕੁਲਵੰਤ ਸਿੰਘ, ਵਰਿੰਦਰ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਉਸ ਦੇ ਚਾਚਾ ਹਰਜੀਤ ਸਿੰਘ, ਬਸੰਤ ਸਿੰਘ, ਗੁਰਿੰਦਰ ਸਿੰਘ ਔਜਲਾ ਅਤੇ ਭਗਵੰਤ ਸਿੰਘ ਨੂੰ ਵੀ ਐੱਨ ਐੱਸ ਏ ਅਤੇ ਹੋਰ ਦੋਸ਼ਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਪਿਛਲੇ ਸਾਲ ਪੰਜਾਬ ਲਿਆਂਦਾ ਗਿਆ ਸੀ ਅਤੇ ਹੁਣ ਉਹ ਅਜਨਾਲਾ ਦੀ ਅਦਾਲਤ ਵਿੱਚ ਕੇਸ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਇਹ ਇਜਾਜ਼ਤ ਦੇ ਦਿੱਤੀ ਸੀ ਕਿ ਅਜਨਾਲਾ ਕੇਸ ਵਿੱਚ ਗ੍ਰਿਫ਼ਤਾਰੀ ਪਾਉਣ ਤੋਂ ਬਾਅਦ (ਭਾਵੇਂ ਅੰਮ੍ਰਿਤਪਾਲ ‘ਤੇ ਲੱਗੇ ਐੱਨ ਐੱਸ ਏ ਦੀ ਮਿਆਦ ਖ਼ਤਮ ਹੋ ਜਾਵੇ) ਵੀ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰੱਖਿਆ ਜਾ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।