16 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਮੱਧ ਪੂਰਬ ਦੇ ਵਧਦੇ ਤਣਾਅ ਦਰਮਿਆਨ ਇਰਾਨ ਨੇ ਅਮਰੀਕਾ ਵੱਲੋਂ ਕੀਤੀ ਗਈ ਜਲ-ਸੈਨਾ ਦੀ ਘੇਰਾਬੰਦੀ ਦੇ ਜਵਾਬ ਵਿੱਚ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਰਾਨ ਦੀ ਸਾਂਝੀ ਫੌਜੀ ਕਮਾਨ ਦੇ ਮੁਖੀ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਖ਼ਤਮ ਨਾ ਕੀਤੀ, ਤਾਂ ਉਹ ਖਾੜੀ ਖੇਤਰ ਵਿੱਚ ਹੋਣ ਵਾਲੇ ਸਮੁੱਚੇ ਸਮੁੰਦਰੀ ਵਪਾਰ ਨੂੰ ਠੱਪ ਕਰ ਦੇਣਗੇ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਇੰਟਰਵਿਊ ਦੌਰਾਨ ਆਸ਼ਾਵਾਦੀ ਸੁਰ ਵਿੱਚ ਕਿਹਾ ਹੈ ਕਿ ਇਰਾਨਨਾਲ ਚੱਲ ਰਹੀ ਜੰਗ ‘ਖ਼ਤਮ ਹੋਣ ਦੇ ਬਿਲਕੁਲ ਕਰੀਬ’ ਹੈ।
ਅਮਰੀਕਾ ਦੇ ਖ਼ਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਇਰਾਨ’ਤੇ ਆਰਥਿਕ ਸ਼ਿਕੰਜਾ ਹੋਰ ਕੱਸਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਉਨ੍ਹਾਂ ਵਿੱਤੀ ਸੰਸਥਾਵਾਂ ’ਤੇ ਸੈਕੰਡਰੀ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਜੋ ਇਰਾਨ ਨਾਲ ਕਾਰੋਬਾਰ ਕਰ ਰਹੀਆਂ ਹਨ। ਬੇਸੈਂਟ ਨੇ ਇਸ ਕਦਮ ਨੂੰ ‘ਵਿੱਤੀ ਖੇਤਰ ਵਿੱਚ ਬੰਬਾਰੀ’ ਦੇ ਬਰਾਬਰ ਕਰਾਰ ਦਿੱਤਾ ਹੈ। ਇਸ ਦੌਰਾਨ, ਅਮਰੀਕੀ ਸੈਂਟਰਲ ਕਮਾਂਡ ਦੇ ਐਡਮਿਰਲ ਬ੍ਰੈਡ ਕੂਪਰ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਫੌਜ ਨੇ ਇਰਾਨ ਵੱਲ ਜਾਣ ਵਾਲੇ ਸਾਰੇ ਸਮੁੰਦਰੀ ਰਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ ਅਤੇ ਪਿਛਲੇ 48 ਘੰਟਿਆਂ ਵਿੱਚ ਕਿਸੇ ਵੀ ਜਹਾਜ਼ ਨੂੰ ਲੰਘਣ ਨਹੀਂ ਦਿੱਤਾ ਗਿਆ।
ਇਜ਼ਰਾਈਲ-ਹਿਜ਼ਬੁੱਲ੍ਹਾ ਜੰਗ ਜਾਰੀ
ਦੂਜੇ ਪਾਸੇ, ਇਜ਼ਰਾਈਲ ਨੇ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਖ਼ਿਲਾਫ਼ ਆਪਣੀ ਫੌਜੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਫੌਜਾਂ ਦੱਖਣੀ ਲੈਬਨਾਨ ਦੇ ਰਣਨੀਤਕ ਕਸਬੇ ਬਿੰਤ ਜਬੀਲ ਵਿੱਚ ਹਿਜ਼ਬੁੱਲ੍ਹਾ ਦੇ ਗੜ੍ਹ ਨੂੰ ਤਬਾਹ ਕਰਨ ਦੇ ਕਰੀਬ ਹਨ। ਨੇਤਨਯਾਹੂ ਨੇ ਸਪੱਸ਼ਟ ਕੀਤਾ ਕਿ ਉਹ ‘ਤਾਕਤ ਰਾਹੀਂ ਸ਼ਾਂਤੀ’ ਦੇ ਸਿਧਾਂਤ ’ਤੇ ਕੰਮ ਕਰ ਰਹੇ ਹਨ ਅਤੇ ਲੈਬਨਾਨ ਨਾਲ ਗੱਲਬਾਤ ਦੇ ਨਾਲ-ਨਾਲ ਫੌਜੀ ਕਾਰਵਾਈ ਵੀ ਜਾਰੀ ਰਹੇਗੀ।
ਗਲੋਬਲ ਅਰਥਚਾਰੇ ’ਤੇ ਅਸਰ
ਇਸ ਜੰਗ ਦੇ ਪ੍ਰਭਾਵ ਹੁਣ ਦੂਰ-ਦੁਰਾਡੇ ਦੇ ਮੁਲਕਾਂ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ। ਆਸਟਰੇਲੀਆ ਦੀ ਇੱਕ ਵੱਡੀ ਤੇਲ ਰਿਫਾਇਨਰੀ ਵਿੱਚ ਅੱਗ ਲੱਗਣ ਕਾਰਨ ਉੱਥੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਇਰਾਨ ਜੰਗ ਕਾਰਨ ਪਹਿਲਾਂ ਹੀ ਜੂਝ ਰਹੀ ਈਂਧਨ ਦੀ ਕਿੱਲਤ ਹੋਰ ਵਧ ਗਈ ਹੈ। ਪਰ ਜੰਗਬੰਦੀ ਦੀਆਂ ਉਮੀਦਾਂ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ (ਵਾਲ ਸਟਰੀਟ) ਵਿੱਚ ਤੇਜ਼ੀ ਦੇਖੀ ਗਈ ਹੈ ਅਤੇ ਐੱਸ ਐਂਡ ਪੀ 500 ਇੰਡੈਕਸ ਆਪਣੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ।
