16 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਇਰਾਨ ਨਾਲ ਜੰਗ ਹੁਣ ਮੁੱਕਣ ਕੰਢੇ ਹੈ। ਉਨ੍ਹਾਂ ਕੁੱਲ ਆਲਮ ਨੂੰ ‘ਅਗਲੇ ਦੋ ਦਿਨਾਂ’ ਉੱਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ। ਉਧਰ ਪਾਕਿਸਤਾਨ ਨੇ ਵੀ ਪਰਦੇ ਪਿਛਲੇ ਕੂਟਨੀਤਕ ਯਤਨ ਤੇਜ਼ ਕਰ ਦਿੱਤੇ ਹਨ। ਪਾਕਿਸਤਾਨ ਦੇ ਥਲ ਸੈਨਾ ਮੁਖੀ ਆਸਿਮ ਮੁਨੀਰ ਦੀ ਅਗਵਾਈ ਵਾਲਾ ਵਫ਼ਦ ਵਾਸ਼ਿੰਗਟਨ ਦਾ ਸੁਨੇਹਾ ਲੈ ਕੇ ਤਹਿਰਾਨ ਪਹੁੰਚ ਗਿਆ ਹੈ। ਵਫ਼ਦ ਵਿੱਚ ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੀ ਸ਼ਾਮਲ ਹਨ। ਦੋ ਹਫ਼ਤਿਆਂ ਦੀ ਜੰਗਬੰਦੀ 22 ਅਪਰੈਲ ਨੂੰ ਖ਼ਤਮ ਹੋ ਰਹੀ ਹੈ ਪਰ ਵਾਰਤਾਕਾਰ ਇਹ ਮਿਆਦ ਮੁੱਕਣ ਤੋਂ ਪਹਿਲਾਂ ਤਿੰਨ ਮੁੱਖ ਨੁਕਤਿਆਂ-ਇਰਾਨ ਦੇ ਪਰਮਾਣੂ ਪ੍ਰੋਗਰਾਮ, ਹਰਮੁਜ਼ ਜਲ ਮਾਰਗ ਤੇ ਜੰਗ ਦੌਰਾਨ ਹੋਏ ਨੁਕਸਾਨ ਦੇ ਮੁਆਵਜ਼ੇ ’ਤੇ ਕੰਮ ਕਰ ਰਹੇ ਹਨ। ਇਰਾਨ ਨੇ ਹਾਲਾਂਕਿ ਚਿਤਾਵਨੀ ਦਿੱਤੀ ਕਿ ਜੇ ਅਮਰੀਕਾ ਨੇ ਇਰਾਨੀ ਬੰਦਗਰਾਹਾਂ ਦੀ ਨਾਕਾਬੰਦੀ ਨਾ ਹਟਾਈ ਤਾਂ ਉਹ ਫ਼ਾਰਸ ਦੀ ਖਾੜੀ, ਓਮਾਨ ਸਾਗਰ ਤੇ ਲਾਲ ਸਾਗਰ ਤੋਂ ਹੁੰਦੇ ਵਪਾਰ (ਦਰਾਮਦ-ਬਰਾਮਦ) ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ। ਉਧਰ ਇਜ਼ਰਾਈਲ ਨੇ ਵਾਸ਼ਿੰਗਟਨ ’ਚ ਗੱਲਬਾਤ ਮਗਰੋਂ ਵੀ ਦੱਖਣੀ ਲੈਬਨਾਨ ’ਚ ਹਵਾਈ ਤੇ ਜ਼ਮੀਨੀ ਹਮਲਿਆਂ ਦਾ ਸਿਲਸਿਲਾ ਜਾਰੀ ਰੱਖਿਆ ਹੈ। ਇਰਾਨੀ ਬੰਦਰਗਾਹਾਂ ’ਤੇ ਅਮਰੀਕਾ ਦੀ ਨਾਕਾਬੰਦੀ ਅਤੇ ਇਰਾਨ ਦੀਆਂ ਜਵਾਬੀ ਧਮਕੀਆਂ ਨਾਲ ਭਾਵੇਂ ਜੰਗਬੰਦੀ ਸਮਝੌਤੇ ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ, ਪਰ ਖੇਤਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਦੋਵਾਂ ਮੁਲਕਾਂ ਨੇ ਕੂਟਨੀਤਿਕ ਪੱਖੋਂ ਜੰਗਬੰਦੀ ਦੀ ਮਿਆਦ ਵਧਾਉਣ ਲਈ ‘ਸਿਧਾਂਤਕ ਸਮਝੌਤਾ’ ਕੀਤਾ ਹੈ।
ਇਰਾਨ ਦੀ ਜੁਆਇੰਟ ਮਿਲਟਰੀ ਕਮਾਂਡ ਦੇ ਕਮਾਂਡਰ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਖ਼ਤਮ ਨਾ ਕੀਤੇ ਜਾਣ ਦੀ ਸੂਰਤ ’ਚ ਉਹ ਫ਼ਾਰਸ ਦੀ ਖਾੜੀ, ਓਮਾਨ ਸਾਗਰ ਤੇ ਲਾਲ ਸਾਗਰ ’ਚ ਵਪਾਰਕ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਕਰ ਦੇਣਗੇ। ਅਲੀ ਅਬਦੁੱਲਾ ਨੇ ਕਿਹਾ, ‘‘ਇਰਾਨ ਆਪਣੀ ਪ੍ਰਭੂਸੱਤਾ ਤੇ ਹਿੱਤਾਂ ਦੀ ਰਾਖੀ ਲਈ ਪੂਰੀ ਤਾਕਤ ਨਾਲ ਕਾਰਵਾਈ ਕਰੇਗਾ।’’ ਉਨ੍ਹਾਂ ਨਾਕਾਬੰਦੀ ਨੂੰ ਜੰਗਬੰਦੀ ਦੀ ਉਲੰਘਣਾ ਦੱਸਿਆ।
ਅਮਰੀਕੀ ਸਦਰ ਡੋਨਲਡ ਟਰੰਪ ਨੇ ਫੌਕਸ ਬਿਜ਼ਨਸ ਨੈਟਵਰਕ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ‘ਉਹ (ਇਰਾਨ) ਸਮਝੌਤਾ ਕਰਨ ਲਈ ਪੱਬਾਂ ਭਾਰ ਹਨ।’ ਟਰੰਪ ਨੇ ਦਾਅਵਾ ਕੀਤਾ ਕਿ ਚੀਨ ਨੇ ਇਰਾਨ ਨੂੰ ਹਥਿਆਰ ਮੁਹੱਈਆ ਨਾ ਕਰਨ ਦੀ ਸਹਿਮਤੀ ਦਿੱੱਤੀ ਹੈ।
