15 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਤੁਰਕੀ ਦੇ ਸਾਨਲੀਉਰਫ਼ਾ ਸੂਬੇ ਦੇ ਹਾਈ ਸਕੂਲ ਵਿੱਚ ਅੱਜ ਇਕ ਸਾਬਕਾ ਵਿਦਿਆਰਥੀ ਨੇ ਗੋਲੀਬਾਰੀ ਕਰ ਕੇ ਕਰੀਬ 16 ਲੋਕਾਂ ਨੂੰ ਫੱਟੜ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਬਾਅਦ ਵਿੱਚ ਖ਼ੁਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ। ਵੇਰਵਿਆਂ ਮੁਤਾਬਕ 18 ਸਾਲਾ ਹਮਲਾਵਰ ਕੋਲ ਸ਼ਾਟਗੰਨ ਸੀ ਤੇ ਉਸ ਨੇ ਸਿਵੇਰੇਕ ਸਥਿਤ ਵੋਕੇਸ਼ਨਲ ਹਾਈ ਸਕੂਲ ਵਿਚ ਅੰੰਨ੍ਹੇਵਾਹ ਫਾਇਰਿੰਗ ਕੀਤੀ। ਗੋਲੀਬਾਰੀ ਤੋਂ ਬਾਅਦ ਉਹ ਉਸੇ ਇਮਾਰਤ ਦੇ ਅੰਦਰ ਲੁਕ ਗਿਆ। ਹਮਲਾਵਰ ਨੇ ਬਾਅਦ ਵਿਚ ਉਸੇ ਬੰਦੂਕ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿਚ 10 ਵਿਦਿਆਰਥੀ, ਚਾਰ ਅਧਿਆਪਕ, ਕੰਟੀਨ ਦਾ ਇਕ ਕਰਮਚਾਰੀ ਤੇ ਇਕ ਪੁਲੀਸ ਅਧਿਕਾਰੀ ਜ਼ਖਮੀ ਹੋ ਗਏ। ਇਸ ਹਮਲੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਤੋਂ ਪਹਿਲਾਂ ਮੀਡੀਆ ਵਿਚ ਆਈਆਂ ਖ਼ਬਰਾਂ ਅਨੁਸਾਰ, ਹਮਲਾਵਰ ਵੱਲੋਂ ਆਤਮ-ਸਮਰਪਣ ਤੋਂ ਇਨਕਾਰ ਕਰਨ ਤੋਂ ਬਾਅਦ ਪੁਲੀਸ ਦੀ ਵਿਸ਼ੇਸ਼ ਟੀਮ ਨੂੰ ਤਾਇਨਾਤ ਕੀਤਾ ਗਿਆ ਜਦਕਿ ਸਾਰੇ ਵਿਦਿਆਰਥੀਆਂ ਨੂੰ ਕੰਪਲੈਕਸ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਰਕਾਰ ਨੇ ਗੋਲੀਬਾਰੀ ਦੀ ਵਿਆਪਕ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਘਟਨਾ ਦੀ ਵੀਡੀਓ ਵਿੱਚ ਦਰਜਨਾਂ ਵਿਦਿਆਰਥੀ ਸਕੂਲ ਵਿੱਚੋਂ ਨਿਕਲ ਕੇ ਗੇਟ ਵੱਲ ਅਤੇ ਸੜਕ ’ਤੇ ਦੌੜਦੇ ਨਜ਼ਰ ਆ ਰਹੇ ਹਨ।
