07 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਖਾਣਾ ਪਕਾਉਣ ਵਾਲੇ ਬਾਲਣ ਦੀ ਘਾਟ ਕਾਰਨ ਪਰਵਾਸੀ ਮਜ਼ਦੂਰਾਂ ਦੇ ਵਾਪਸ ਆਪਣੇ ਘਰਾਂ ਨੂੰ ਪਰਤਣ ਦੀਆਂ ਰਿਪੋਰਟਾਂ ਵਿਚਕਾਰ ਕੇਂਦਰ ਸਰਕਾਰ ਨੇ ਰਾਜਾਂ ਨੂੰ 5 ਕਿਲੋ ਵਾਲੇ ਸਿਲੰਡਰਾਂ ਦੀ ਵੰਡ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਪੈਟਰੋਲੀਅਮ ਸਕੱਤਰ ਨੀਰਜ ਮਿੱਤਲ ਨੇ ਅੱਜ ਸਾਰੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ।

ਸਕੱਤਰ ਨੇ ਕਿਹਾ ਹੈ ਕਿ ਪਰਵਾਸੀ ਮਜ਼ਦੂਰਾਂ ਨੂੰ ਵੰਡਣ ਲਈ ਹਰੇਕ ਰਾਜ ਵਿੱਚ ਉਪਲਬਧ 5 ਕਿਲੋ ਦੇ ਐੱਫ ਟੀ ਐੱਲ (FTL) ਸਿਲੰਡਰ ਦੀ ਰੋਜ਼ਾਨਾ ਮਾਤਰਾ 2 ਅਤੇ 3 ਮਾਰਚ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਕੀਤੀ ਗਈ ਔਸਤ ਰੋਜ਼ਾਨਾ ਸਪਲਾਈ ਦੇ ਆਧਾਰ ’ਤੇ ਦੁੱਗਣੀ ਕੀਤੀ ਜਾ ਰਹੀ ਹੈ।” ਇਹ 5 ਕਿਲੋ ਦੇ ਸਿਲੰਡਰ ਰਾਜ ਸਰਕਾਰ ਅਤੇ ਇਸ ਦੇ ਖੁਰਾਕ/ਨਾਗਰਿਕ ਸਪਲਾਈ ਵਿਭਾਗ ਦੇ ਅਧੀਨ ਹੋਣਗੇ ਤਾਂ ਜੋ ਤੇਲ ਮਾਰਕੀਟਿੰਗ ਕੰਪਨੀਆਂ ਦੀ ਸਹਾਇਤਾ ਨਾਲ ਇਹ ਸਿਰਫ ਰਾਜ ਵਿੱਚ ਮੌਜੂਦ ਪਰਵਾਸੀ ਮਜ਼ਦੂਰਾਂ ਨੂੰ ਹੀ ਸਪਲਾਈ ਕੀਤੇ ਜਾ ਸਕਣ।

ਇਹ ਕਦਮ ਘਰਾਂ ਵਿੱਚ ਖਾਣਾ ਪਕਾਉਣ ਵਾਲੇ ਬਾਲਣ ਦੀ ਉਪਲਬਧਤਾ ਨੂੰ ਬਹਾਲ ਕਰਨ ਦੀ ਇੱਕ ਯੋਜਨਾਬੱਧ ਰਣਨੀਤੀ ਦਾ ਹਿੱਸਾ ਹੈ। ਇਹ ਵਾਧਾ ਸਰਕਾਰ ਵੱਲੋਂ ਰਾਜਾਂ ਨੂੰ ਵਪਾਰਕ ਐੱਲ ਪੀ ਜੀ (LPG) ਦੀ ਸਮੁੱਚੀ ਵੰਡ ਨੂੰ ਜੰਗ ਤੋਂ ਪਹਿਲਾਂ ਦੇ ਪੱਧਰ (ਔਸਤ ਮਾਸਿਕ ਖਪਤ ਦੇ 70 ਪ੍ਰਤੀਸ਼ਤ) ਤੱਕ ਵਧਾਉਣ ਤੋਂ ਬਾਅਦ ਕੀਤਾ ਗਿਆ ਹੈ। ਸਰਕਾਰ ਪੱਛਮੀ ਏਸ਼ੀਆ ਦੇ ਸੰਕਟ ਦਰਮਿਆਨ ਕੱਚੇ ਤੇਲ ਅਤੇ ਕੁਦਰਤੀ ਗੈਸ ਦੀ ਦਰਾਮਦ ਵਿੱਚ ਵਿਭਿੰਨਤਾ ਲਿਆ ਰਹੀ ਹੈ ਅਤੇ ਕਿਹਾ ਹੈ ਕਿ ਅਜੇ ਤੱਕ ਕਿਤੇ ਵੀ ਸਪਲਾਈ ਦੀ ਕਮੀ ਨਹੀਂ ਹੋਈ ਹੈ। 5 ਕਿਲੋ ਦੇ ਫ੍ਰੀ ਟਰੇਡ ਐੱਲ ਪੀ ਜੀ ਸਿਲੰਡਰ ਤੇਲ ਮਾਰਕੀਟਿੰਗ ਕੰਪਨੀਆਂ ਦੀਆਂ ਅਧਿਕਾਰਤ ਡਿਸਟ੍ਰੀਬਿਊਟਰਸ਼ਿਪਾਂ ਕੋਲ ਉਪਲਬਧ ਹਨ ਅਤੇ ਹੁਣ ਇਹ ਰਾਜ ਦੇ ਸਪਲਾਈ ਵਿਭਾਗਾਂ ਨੂੰ ਵੀ ਵੰਡਣ ਲਈ ਦਿੱਤੇ ਜਾਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।