ਲੁਧਿਆਣਾ , 24 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਸਮੇਤ ਦੇਸ਼ ਦੀਆਂ ਨਦੀਆਂ ਅਤੇ ਦਰਿਆਵਾਂ ਦੀ ਮੌਜੂਦਾ ਹਾਲਤ ਬਾਰੇ ਪੁੱਛੇ ਗਏ ਸਿੱਧੇ ਸਵਾਲ ’ਤੇ ਕੇਂਦਰ ਸਰਕਾਰ ਦੇ ਜਵਾਬ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸੰਤ ਸੀਚੇਵਾਲ ਨੇ ਰਾਜ ਸਭਾ ’ਚ ਬੁੱਢਾ ਦਰਿਆ, ਸਤਲੁਜ, ਗੰਗਾ ਅਤੇ ਯਮੁਨਾ ਵਰਗੀਆਂ ਨਦੀਆਂ ਵਿੱਚ ਵੱਧ ਰਹੇ ਪ੍ਰਦੂਸ਼ਣ ’ਤੇ ਵਿਸਥਾਰਪੂਰਵਕ ਜਾਣਕਾਰੀ ਮੰਗੀ ਸੀ, ਪਰ ਉਨ੍ਹਾਂ ਦੇ ਮਤਾਬਕ ਮੰਤਰਾਲੇ ਵੱਲੋਂ ਦਿੱਤਾ ਗਿਆ ਜਵਾਬ ਸਪਸ਼ਟ ਹੋਣ ਦੀ ਬਜਾਏ ਡਿਜੀਟਲ ਹਵਾਲਿਆਂ ਤੱਕ ਸੀਮਿਤ ਰਿਹਾ। ਜਲ ਸ਼ਕਤੀ ਮੰਤਰਾਲੇ ਵੱਲੋਂ ਕੇਂਦਰੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਦੁਆਰਾ ਪੇਸ਼ ਕੀਤੇ ਜਵਾਬ ਵਿੱਚ ਮੰਨਿਆ ਗਿਆ ਕਿ ਉਦਯੋਗਿਕ ਗੰਦਲਾ ਪਾਣੀ, ਬਿਨ੍ਹਾਂ ਸਾਫ਼ ਕੀਤੇ ਨਿਕਾਸ ਅਤੇ ਖੇਤੀਬਾੜੀ ਵਿੱਚ ਵਰਤੇ ਜਾਂਦੇ ਰਸਾਇਣ ਦਰਿਆਵਾਂ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਹਾਲਾਂਕਿ, ਜਵਾਬ ’ਚ ਸਿੱਧੀ ਜ਼ਮੀਨੀ ਸਥਿਤੀ ਦੀ ਬਜਾਏ ਅੰਕੜਿਆਂ ਅਤੇ ਰਿਪੋਰਟਾਂ ਦੇ ਹਵਾਲਿਆਂ ਨੂੰ ਵਧੇਰੇ ਤਰਜੀਹ ਦਿੱਤੀ ਗਈ। ਮੰਤਰਾਲੇ ਨੇ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦੇਸ਼ ਭਰ ਵਿੱਚ 4922 ਥਾਵਾਂ ’ਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿਨ੍ਹਾਂ ’ਚੋਂ 2265 ਸਟੇਸ਼ਨ ਦਰਿਆਵਾਂ ’ਤੇ ਸਥਿਤ ਹਨ। ਪੰਜਾਬ ਵਿੱਚ 66 ਥਾਵਾਂ ’ਤੇ ਪਾਣੀ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਦੇ ਅੰਕੜਿਆਂ ਮੁਤਾਬਕ 2018 ਵਿੱਚ 351 ਪ੍ਰਦੂਸ਼ਿਤ ਦਰਿਆਈ ਹਿੱਸਿਆਂ ਦੀ ਗਿਣਤੀ ਘਟ ਕੇ 2025 ਵਿੱਚ 296 ਰਹਿ ਗਈ ਹੈ। ਇਸ ਦੌਰਾਨ 149 ਹਿੱਸਿਆਂ ਵਿੱਚ ਸੁਧਾਰ ਦੇ ਆਧਾਰ ’ਤੇ ਉਨ੍ਹਾਂ ਨੂੰ ਸੂਚੀ ਵਿੱਚੋਂ ਬਾਹਰ ਕੀਤਾ ਗਿਆ, ਜਦਕਿ 71 ਹਿੱਸਿਆਂ ਵਿੱਚ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਦਰਜ ਕੀਤਾ ਗਿਆ ਹੈ। ਪਰ ਇਸ ਜਵਾਬ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੰਤ ਸੀਚੇਵਾਲ ਨੇ ਦੋਸ਼ ਲਾਇਆ ਕਿ ਕੇਂਦਰ ਨੇ ਸਿੱਧੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਰਿਪੋਰਟਾਂ ਅਤੇ ਡਿਜ਼ੀਟਲ ਲਿੰਕਾਂ ਦਾ ਹਵਾਲਾ ਦੇ ਕੇ ਮਾਮਲੇ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਤੇ ਗਏ ਲਿੰਕ ਖੋਲ੍ਹਣ ’ਤੇ ਹੋਰ ਰਿਪੋਰਟਾਂ ਅਤੇ ਅਗਲੇ ਲਿੰਕਾਂ ਦੀ ਲੜੀ ਸਾਹਮਣੇ ਆਉਂਦੀ ਹੈ, ਜਿਸ ਨਾਲ ਆਮ ਲੋਕਾਂ ਲਈ ਅਸਲੀ ਜਾਣਕਾਰੀ ਤੱਕ ਪਹੁੰਚ ਕਰਨਾ ਮੁਸ਼ਕਲ ਬਣ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਉੱਠਾਇਆ ਕਿ ਜਵਾਬ 2025 ਦੀ ਰਿਪੋਰਟ ’ਤੇ ਆਧਾਰਿਤ ਹੈ, ਜਿਸ ਵਿੱਚ 2022 ਅਤੇ 2023 ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ। ਤੰਜ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਮਾਮਲੇ ਨੂੰ ਇਸ ਕਦਰ ਡਿਜੀਟਲ ਬਣਾਇਆ ਹੈ ਕਿ ਆਮ ਵਿਅਕਤੀ ਜਾਣਕਾਰੀ ਲੱਭਣ ਤੋਂ ਹੀ ਹਾਰ ਮੰਨ ਲੈਂਦਾ ਹੈ। ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਦਰਿਆਵਾਂ ਦੀ ਅਸਲ ਹਾਲਤ ਬਾਰੇ ਸਪਸ਼ਟ ਅਤੇ ਸਿੱਧੀ ਜਾਣਕਾਰੀ ਜਨਤਾ ਦੇ ਸਾਹਮਣੇ ਰੱਖੀ ਜਾਵੇ ਅਤੇ ਪ੍ਰਦੂਸ਼ਣ ਰੋਕਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਦਰਿਆ ਪ੍ਰਦੂਸ਼ਣ ਦੇ ਮੁੱਖ ਕਾਰਨ ਉਦਯੋਗਿਕ ਗੰਦਲੇ ਪਾਣੀ ਦਾ ਨਿਕਾਸ, ਬਿਨ੍ਹਾਂ ਸਾਫ਼ ਕੀਤੇ ਸੀਵਰੇਜ ਦਾ ਦਰਿਆਵਾਂ ਵਿੱਚ ਜਾਣਾ, ਖੇਤੀਬਾੜੀ ਵਿੱਚ ਰਸਾਇਣਾਂ ਦੀ ਵੱਧ ਵਰਤੋਂ।

ਸੰਖੇਪ:

ਸੰਤ ਸੀਚੇਵਾਲ ਨੇ ਦਰਿਆ ਪ੍ਰਦੂਸ਼ਣ ’ਤੇ ਕੇਂਦਰ ਦੇ ਜਵਾਬ ਨੂੰ ਗੁੰਝਲਦਾਰ ਦੱਸਦਿਆਂ ਸਿੱਧੀ ਤੇ ਸਪਸ਼ਟ ਜਾਣਕਾਰੀ ਦੀ ਮੰਗ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।