ਚੰਡੀਗੜ੍ਹ, 03 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਪੱਛਮੀ ਏਸ਼ੀਆ ’ਚ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਯੁੱਧ ਕਾਰਨ ਭਾਰਤ ਤੋਂ 55 ਹਜ਼ਾਰ ਕਰੋੜ ਰੁਪਏ ਦੀ ਬਾਸਮਤੀ ਦੀ ਬਰਾਮਦ ਪ੍ਰਭਾਵਿਤ ਹੋ ਰਹੀ ਹੈ। ਇਸ ਸਥਿਤੀ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਅਤੇ ਹਰਿਆਣਾ ’ਤੇ ਪੈਣ ਦੀ ਸੰਭਾਵਨਾ ਹੈ, ਜੋ 75 ਫੀਸਦੀ ਬਾਸਮਤੀ ਅਰਬ ਦੇਸ਼ਾਂ ਨੂੰ ਬਰਾਮਦ ਕਰਦੇ ਹਨ। ਕੇਵਲ ਪੰਜਾਬ ਤੋਂ 18 ਹਜ਼ਾਰ ਕਰੋੜ ਰੁਪਏ ਦੀ ਬਾਸਮਤੀ ਸਾਊਦੀ ਅਰਬ, ਈਰਾਨ, ਯਮਨ ਅਤੇ ਦੁਬਈ ਵਰਗੇ ਦੇਸ਼ਾਂ ’ਚ ਜਾਂਦੀ ਹੈ। ਲਗਾਤਾਰ ਦੂਜੇ ਸਾਲ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਯੁੱਧ ਕਾਰਨ ਬਾਸਮਤੀ ਬਰਾਮਦਕਾਰਾਂ ਨੂੰ ਵੱਡਾ ਘਾਟਾ ਸਹਿਣਾ ਪੈ ਰਹਿ ਹੈ।

ਬਾਸਮਤੀ ਬਰਾਮਦ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੇਠੀ ਨੇ ਕਿਹਾ ਕਿ ਪਿਛਲੇ ਸਾਲਾਂ ’ਚ ਜੋ ਬਾਸਮਤੀ ਚੌਲ ਭੇਜੇ ਗਏ ਹਨ, ਉਸ ਦਾ ਭੁਗਤਾਨ ਵੀ ਹਾਲੇ ਬਾਕੀ ਹੈ। ਪਿਛਲੇ ਸਾਲ 2025 ’ਚ ਜਦੋਂ ਇਜ਼ਰਾਈਲ ਅਤੇ ਈਰਾਨ ’ਚ ਜੰਗ ਛਿੜੀ ਸੀ, ਉਦੋਂ ਵੀ ਇਹੀ ਸਥਿਤੀ ਬਣੀ ਸੀ। ਹੁਣ ਸਥਿਤੀ ’ਚ ਕੁਝ ਸੁਧਾਰ ਹੋ ਰਿਹਾ ਸੀ। ਰਮਜ਼ਾਨ ਦੇ ਕਾਰਨ ਬਾਸਮਤੀ ਦੀ ਮੰਗ ਵੀ ਵਧੀ ਸੀ। ਸਾਨੂੰ ਉਮੀਦ ਸੀ ਕਿ ਰਮਜ਼ਾਨ ਦੇ ਕਾਰਨ ਸਾਡਾ ਘਾਟਾ ਪੂਰਾ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ।

ਇਹ ਸਥਿਤੀ ਉਹਨਾਂ ਦੇਸ਼ਾਂ ’ਚ ਵੀ ਫੈਲ ਗਈ ਹੈ, ਜਿੱਥੇ ਸਾਡਾ ਸਾਮਾਨ ਜਾਂਦਾ ਹੈ। ਯਮਨ, ਦੁਬਈ ਅਤੇ ਸਾਊਦੀ ਅਰਬ ਵੀ ਇਸ ਜੰਗ ਦੀ ਲਪੇਟ ’ਚ ਆ ਗਏ ਹਨ। ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਚਕਾਰ ਵੀ ਲੜਾਈ ਚੱਲ ਰਹੀ ਹੈ, ਜਿਸ ਨਾਲ ਬਰਾਮਦਕਾਰਾਂ ਨੂੰ ਸਾਮਾਨ ਭੇਜਣ ’ਚ ਮੁਸ਼ਕਲ ਆ ਰਹੀ ਹੈ। ਜੋ ਬਾਸਮਤੀ ਭੇਜਿਆ ਗਿਆ ਹੈ, ਉਹ ਜੰਗ ਦੇ ਕਾਰਨ ਬੰਦਰਗਾਹਾਂ ’ਤੇ ਫਸ ਗਿਆ ਹੈ। ਕੁਝ ਜਹਾਜ਼ ਨਿਕਲ ਗਏ ਸਨ, ਪਰ ਉਹ ਰਸਤੇ ’ਚ ਫਸ ਗਏ ਹਨ।

ਉੱਥੇ, ਭਾਰਤੀ ਚੌਲ ਬਰਾਮਦਕਾਰ ਸੰਘ ਨੇ ਆਪਣੇ ਮੈਂਬਰਾਂ ਨੂੰ ਪੱਛਮ ਏਸ਼ੀਆ ’ਚ ਵਧ ਰਹੇ ਤਣਾਅ ਦਰਮਿਆਨ ਈਰਾਨ ਅਤੇ ਖਾੜੀ ਦੇਸ਼ਾਂ ਲਈ ਨਵੇਂ ‘ਲਾਗਤ, ਬੀਮਾ ਅਤੇ ਸਮਾਨ ਭੇਜਣ (ਸੀਆਈਐੱਫ)’ ਸਮਝੌਤਿਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸੰਘ ਨੇ ਚੇਤਾਵਨੀ ਦਿੱਤੀ ਹੈ ਕਿ ਤਣਾਅ ਕਾਰਨ ਵਪਾਰ ਮਾਰਗ ਰੁਕਾਅ ਹੋ ਸਕਦਾ ਹੈ। ਇਸ ਨਾਲ ਸਮਾਨ ਭੇਜਣ ਅਤੇ ਬੀਮਾ ਦੀ ਲਾਗਤ ’ਚ ਭਾਰੀ ਵਾਧਾ ਹੋ ਸਕਦਾ ਹੈ। ਸੀਆਈਐੱਫ ਸਮਝੌਤਿਆਂ ਦੇ ਤਹਿਤ ਵਿਕਰੇਤਾ ਜਲਮਾਰਗਾਂ ਰਾਹੀਂ ਸਮਾਨ ਲਿਜਾਣ ਦੇ ਸਮੇਂ ਖਰੀਦਦਾਰ ਦੇ ਬੰਦਰਗਾਹ ਤੱਕ ਪਹੁੰਚਣ ਤੱਕ ਦੀ ਲਾਗਤ, ਬੀਮਾ ਅਤੇ ਭਾੜਾ ਭਰਦਾ ਹੈ।

ਪਿਛਲੇ ਸਾਲ 60 ਲੱਖ ਟਨ ਬਾਸਮਤੀ ਦੀ ਹੋਈ ਸੀ ਬਰਾਮਦ

ਭਾਰਤ ਨੇ 2024-25 ਦੌਰਾਨ ਲਗਭਗ 60 ਲੱਖ ਟਨ ਬਾਸਮਤੀ ਚਾਵਲ ਦੀ ਬਰਾਮਦ ਕੀਤੀ ਸੀ। ਇਸ ਦੀ ਮੰਗ ਮੁੱਖ ਤੌਰ ’ਤੇ ਮੱਧ ਪੂਰਬ ਅਤੇ ਪੱਛਮੀ ਏਸ਼ੀਆਈ ਦੇਸ਼ਾਂ ’ਚ ਸੀ। ਮੁੱਖ ਖਰੀਦਦਾਰਾਂ ’ਚ ਈਰਾਕ, ਸੰਯੁਕਤ ਅਰਬ ਅਮੀਰਾਤ ਅਤੇ ਸੰਯੁਕਤ ਰਾਜ ਅਮਰੀਕਾ ਸ਼ਾਮਲ ਹਨ। ਭਾਰਤ ਸਰਕਾਰ ਦੀ ਐਗ਼ਰੀਕਲਚਰ ਅਤੇ ਪ੍ਰੋਸੈੱਸਡ ਫੂਡ ਪ੍ਰੌਡਕਟਸ ਐਕਸਪੋਰਟ ਡਿਵਲੈਪਮੈਂਟ ਏਜੰਸੀ (ਏਪੀਈਡੀਏ) ਦੇ ਅੰਕੜਿਆਂ ਮੁਤਾਬਕ ਅਪ੍ਰੈਲ ਤੋਂ ਦਸੰਬਰ 2025 ਦੇ ਦਰਮਿਆਨ ਮੱਧ ਪੂਰਬੀ ਦੇਸ਼ਾਂ ਨੂੰ ਬਾਸਮਤੀ ਚਾਵਲ ਦਾ ₹27,197 ਕਰੋੜ ਰੁਪਏ ਦੀ ਬਰਾਮਦ ਹੋਈ ਸੀ। ਇਨ੍ਹਾਂ ’ਚ ਮੁੱਖ ਤੌਰ ’ਤੇ ਸਊਦੀ ਅਰਬ, ਈਰਾਨ, ਇਰਾਕ, ਯੂਏਈ ਅਤੇ ਯਮਨ ਸ਼ਾਮਲ ਹਨ।

ਬਾਸਮਤੀ ਦੀ ਖੇਤੀ ਤੋਂ ਮੂੰਹ ਮੋੜ ਸਕਦੇ ਹਨ ਕਿਸਾਨ

ਬਰਾਮਦ ਪ੍ਰਭਾਵਿਤ ਹੋਣ ਨਾਲ ਸੂਬੇ ’ਚ ਫਸਲੀ ਵਿਭਿੰਨਤਾ ’ਤੇ ਵੀ ਅਸਰ ਪਵੇਗਾ। ਝੋਨੇ ਦੀ ਬਜਾਏ ਰਾਜ ਸਰਕਾਰ ਕਿਸਾਨਾਂ ਨੂੰ ਬਾਸਮਤੀ ਲਈ ਪ੍ਰੇਰਿਤ ਕਰਦੀ ਹੈ, ਕਿਉਂਕਿ ਇਸ ਦੀ ਰੋਪਾਈ 15 ਜੁਲਾਈ ਤੱਕ ਹੋ ਸਕਦੀ ਹੈ ਅਤੇ ਇਹ ਪੱਕਣ ’ਚ ਘੱਟ ਸਮਾਂ ਲੈਂਦੀ ਹੈ, ਪਰ ਬਰਾਮਦ ’ਚ ਲਗਾਤਾਰ ਕਮੀ ਦੇ ਕਾਰਨ ਕਿਸਾਨਾਂ ’ਚ ਬਾਸਮਤੀ ਉਤਪਾਦਨ ਦਾ ਰੁਝਾਨ ਘਟ ਸਕਦਾ ਹੈ।

ਸੰਖੇਪ:-

ਪੱਛਮੀ ਏਸ਼ੀਆ ਵਿੱਚ ਜਾਰੀ ਜੰਗੀ ਤਣਾਅ ਕਾਰਨ ਪੰਜਾਬ-ਹਰਿਆਣਾ ਦੀ ਬਾਸਮਤੀ ਬਰਾਮਦ ਨੂੰ ਵੱਡਾ ਝਟਕਾ ਲੱਗਿਆ ਹੈ, ਭੁਗਤਾਨ ਅਟਕਣ ਅਤੇ ਵਪਾਰ ਮਾਰਗ ਰੁਕਣ ਨਾਲ ਕਿਸਾਨ ਬਾਸਮਤੀ ਖੇਤੀ ਤੋਂ ਹਟ ਸਕਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।