ਨਵੀਂ ਦਿੱਲੀ, 24 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਫਰਹਾਨ ਅਖ਼ਤਰ ਵੱਲੋਂ ਨਿਮਰਤ ਮਣੀਪੁਰੀ ਫਿਲਮ ‘ਬੂੰਗ’ ਨੇ ਬ੍ਰਿਟਿਸ਼ ਅਕੈਡਮੀ ਫਿਲਮ ਐਂਡ ਟੈਲੀਵਿਜ਼ਨ ਆਰਟਸ (ਬਾਫਟਾ) ਸਮਗਾਮ ’ਚ ਬੈਸਟਰ ਚਿਲਡਰਨ ਐਂਡ ਫੈਮਿਲੀ ਫਿਲਮ ਸ਼੍ਰੇਣੀ ਦਾ ਪੁਰਸਕਾਰ ਜਿੱਤਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਲਕਸ਼ਮੀਪ੍ਰੀਆ ਦੇਵੀ ਨੇ ਕੀਤਾ ਹੈ। ਐਤਵਾਰ ਨੂੰ ਬ੍ਰਿਟੇਨ ਦੇ ਸਾਊਥਬੈਂਕ ਸੈਂਟਰ ਸਥਿਤ ਰਾਇਲ ਫੈਸਟੀਵਲ ਹਾਲ ’ਚ ਕਰਵਾਏ ਗਏ 79ਵੇਂ ਸਾਲਾਨਾ ਬਾਫਟਾ ਸਮਾਗਮ ’ਚ ਬੂੰਗ ਨੇ ਡਿਜ਼ਨੀ ਦੀਆਂ ਫਿਲਮਾਂ ਲਿਲੋ ਐਂਡ ਸਟਿਚ ਤੇ ਜੂਟੋਪੀਆ 2 ਦੇ ਨਾਲ-ਨਾਲ ਐਨੀਮੈਟਿਡ ਸਾਇੰਸ ਫਿਲਮ ਆਰਕੋ ਨੂੰ ਪਛਾੜ ਕੇ ਇਹ ਖਿਤਾਬ ਜਿੱਤਿਆ। ਇਹ ਕਹਾਣੀ ਮਣੀਪੁਰ ਦੇ ਨੌਜਵਾਨ ਮੁੰਡੇ ਬੂੰਗ ਦੇ ਜੀਵਨ ਦੇ ਉਤਰਾਅ-ਚੜ੍ਹਾਅ ਨੂੰ ਦਰਸਾਉਂਦੀ ਹੈ। ਬੂੰਗ ਆਪਮੇ ਲਾਪਤਾ ਪਿਤਾ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਯਾਤਰਾ ’ਤੇ ਨਿਕਲਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਤ ’ਤੇ ਫਿਲਮ ਨਾਲ ਜੁੜੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਐਕਸ ਹੈਂਡਲ ’ਤੇ ਲਿਖਿਆ ਹੈ ਇਸ ਫਿਲਮ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ। ਇਹ ਅਸਲ ’ਚ ਬਹੁਤ ਖ਼ੁਸ਼ੀ ਦਾ ਪਲ ਹੈ, ਖ਼ਾਸ ਤੌਰ ’ਤੇ ਮਣੀਪੁਰ ਲਈ। ਇਹ ਸਾਡੇ ਦੇਸ਼’ਚ ਅਪਾਰ ਰਚਨਾਤਮਕ ਪ੍ਰਤਿਭਾ ਨੂੰ ਵੀ ਉਜਾਗਰ ਕਰਦਾ ਹੈ। ਫਿਲਮ ਨਿਰਮਾਤਾ ਕਰਨ ਜੌਹਰ, ਸ਼ੇਖਰ ਕਪੂਰ ਤੇ ਕੰਗਨਾ ਰਣੌਤਾ ਸਮੇਤ ਸਨਅਤ ਜਗਤ ਦੇ ਕਈ ਲੋਕਾਂ ਨੇ ਵੀ ਵਧਾਈ ਦਿੱਤੀ ਹੈ। ਇਹ ਨਿਰਦੇਸ਼ ਦੇ ਰੂਪ ’ਚ ਲਕਸ਼ਮੀਪ੍ਰਿਆ ਦੇਵੀ ਦੀ ਪਹਿਲੀ ਫਿਲਮ ਹੈ।

ਧਰਮਿੰਦਰ ਦਾ ਸਨਮਾਨ

ਬਾਫਟਾ ’ਚ ਇਨ੍ਹਾਂ ਇਤਿਹਾਸਕ ਪਲਾਂ ਦੌਰਾਨ ਮਰਹੂਮ ਬਾਲੀਵੁੱਡ ਅਭਿਨੇਤਾ ਧਰਮਿੰਦਰ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਨੂੰ ਆਲਮੀ ਸਿਨੇਮਾ ਜਗਤ ਦੀਆਂ ਹਸਤੀਆਂ ਨਾਲ ਸਨਮਾਨਤ ਕੀਤਾ ਗਿਆ।

ਮੰਚ ’ਤੇ ਛਾਈ ਆਲੀਆ ਭੱਟ

ਅਭਿਨੇਤਰੀ ਆਲੀਆ ਭੱਟ ਨੇ ਇਸ ਸਮਾਗਮ ’ਚ ਪ੍ਰੈਂਜ਼ਟਰ ਦੇ ਤੌਰ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ। ਲੰਡਨ ਦੇ ਰਾਇਲ ਫੈਸਟੀਵਾਲ ਹਾਲ ’ਚ ਕਰਵਾਏ ਗਏ ਪ੍ਰੋਗਰਾਮ ’ਚ ਆਲੀਆ ਨੇ ਸਭ ਤੋਂ ਪਹਿਲਾਂ ਦਰਸ਼ਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਗਲਾ ਐਵਾਰਡ ਇਕ ਇਹੋ ਜਿਹੀ ਫਿਲਮ ਲਈ ਹੈ, ਜੋ ਅੰਗਰੇਜ਼ੀ ’ਚ ਨਹੀਂ ਹੈ। ਉਨ੍ਹਾਂ ਨੇ ਆਪਣੀ ਆਕਰਸ਼ਕ ਦਿਖ ਨਾਲ ਪ੍ਰਸੰਸਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ’ਚ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਨੇ ਵੀ ਸ਼ਿਰਕਤ ਕੀਤੀ।

‘ਵਨ ਬੈਟਲ ਆਫਟਰ ਅਨਦਰ’ ਨੇ ਜਿੱਤੇ ਛੇ ਐਵਾਰਡ

ਬਾਫਟਾ ਸਮਾਗਮ ’ਚ ਵਨ ਬੈਟਲ ਆਫਟਰ ਅਨਦਰ, ਸਿਨਰਸ ਤੇ ਆਈ ਸਵੀਅਰ ਕੁਝ ਸਭ ਤੋਂ ਵੱਡੇ ਜੇਤੂ ਬਣ ਕੇ ਉੱਭਰੇ। ਪਾਲ ਥੌਮਸ ਐਂਡਰਸਨ ਦੀ ਸਿਆਸੀ ਥ੍ਰਿਲਰ ਵਨ ਬੈਟਲ ਆਫਟਰ ਅਨਦਰ ਨੇ ਸਰਬੋਤਮ ਫਿਲਮ ਤੇ ਸਰਬੋਤਮ ਨਿਰਦੇਸ਼ਕ ਸਮੇਤ ਛੇ ਪੁਰਸਕਾਰ ਜਿੱਤੇ। ਰਯਾਨ ਕੂਗਲਰ ਦੀ ਫਿਲਮ ਸਿਨਰਸ ਨੇ ਤਿੰਨ ਪੁਰਸਕਾਰ ਜਿੱਤੇ। ਬਾਫਟਾ ’ਚ ਕਿਸੇ ਸਿਆਹਫਾਮ ਫਿਲਮ ਨਿਰਮਾਤਾ ਵੱਲੋਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਸੀ। ਕਿਰਕ ਜੋਨਸ ਦੀ ਆਈ ਸਵੀਅਰ ਨੇ ਵੀ ਤਿੰਨ ਪੁਰਸਕਾਰ ਜਿੱਤੇ।

ਸੰਖੇਪ:-

British Academy of Film and Television Arts (ਬਾਫਟਾ) ਦੇ 79ਵੇਂ ਸਮਾਗਮ ਵਿੱਚ Farhan Akhtar ਦੀ ਮਣੀਪੁਰੀ ਫਿਲਮ ‘ਬੂੰਗ’ ਨੇ ਬੈਸਟ ਚਿਲਡਰਨ ਐਂਡ ਫੈਮਿਲੀ ਫਿਲਮ ਐਵਾਰਡ ਜਿੱਤ ਕੇ ਵਿਸ਼ਵ ਪੱਧਰ ’ਤੇ ਭਾਰਤੀ ਸਿਨੇਮਾ ਦਾ ਮਾਣ ਵਧਾਇਆ, ਜਿਸ ’ਤੇ Narendra Modi ਨੇ ਟੀਮ ਨੂੰ ਵਧਾਈ ਦਿੱਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।