ਨਵੀਂ ਦਿੱਲੀ, 17 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਦਿਨਾ ਭਾਰਤ ਯਾਤਰਾ ਅਜਿਹੇ ਸਮੇਂ ’ਚ ਹੋ ਰਹੀ ਹੈ, ਜਦੋਂ ਰੱਖਿਆ ਸਹਿਯੋਗ ’ਚ ਤੇਜ਼ੀ ਨਾਲ ਵਧਦੀਆਂ ਨਜ਼ਦੀਕੀਆਂ ਕਾਰਨ ਇਹ ਕਿਹਾ ਜਾਣ ਲੱਗਾ ਹੈ ਕਿ ਫਰਾਂਸ ਭਾਰਤ ਲਈ ਨਵਾਂ ਰੂਸ ਬਣਦਾ ਜਾ ਰਿਹਾ ਹੈ। ਇਸਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਹਾਕਿਆਂ ਤੱਕ ਰੂਸ ਭਾਰਤ ਦਾ ਸਭ ਤੋਂ ਭਰੋਸੇਮੰਦ ਰੱਖਿਆ ਭਾਈਵਾਲ ਰਿਹਾ, ਉਸੇ ਤਰ੍ਹਾਂ ਹੁਣ ਫਰਾਂਸ ਵੀ ਲੰਬੇ ਸਮੇਂ ਤੱਕ, ਉੱਚ ਤਕਨੀਕ ਤੇ ਭਰੋਸੇਮੰਦ ਰੱਖਿਆ ਸਹਿਯੋਗ ਦੇ ਥੰਮ੍ਹ ਦੇ ਤੌਰ ’ਤੇ ਉੱਭਰ ਰਿਹਾ ਹੈ। ਰਾਸ਼ਟਰਪਤੀ ਮੈਕਰੋਂ 17 ਤੋਂ 19 ਫਰਵਰੀ ਤੱਕ ਭਾਰਤ ’ਚ ਰਹਿਣਗੇ। ਮੁੰਬਈ ’ਚ 17 ਫਰਵਰੀ ਨੂੰ ਉਨ੍ਹਾਂ ਦਾ ਸਵਾਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਦੁਵੱਲੀ ਗੱਲਬਾਤ ’ਚ ਦੋਵੇਂ ਨੇਤਾ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਦੀ ਤਰੱਕੀ ਦੀ ਸਮੀਖਿਆ ਕਰਨਗੇ ਤੇ ਸਹਿਯੋਗ ਨੂੰ ਨਵੇਂ ਤੇ ਉੱਭਰਦੇ ਖੇਤਰਾਂ ’ਚ ਵਿਸਥਾਰ ਦੇਣ ’ਤੇ ਚਰਚਾ ਕਰਨਗੇ। ਮੰਗਲਵਾਰ ਦੀ ਸ਼ਾਮ ਮੋਦੀ ਤੇ ਮੈਕਰੋਂ ਸਾਂਝੇ ਤੌਰ ’ਤੇ ਇੰਡੀਆ-ਫਰਾਂਸ ਯੀਅਰ ਆਫ ਇਨੋਵੇਸ਼ਨ 2026 ਦੀ ਉਦਘਾਟਨ ਵੀ ਕਰਨਗੇ। ਮੈਕਰੋਂ ਦੀ ਇਹ ਭਾਰਤ ਦੀ ਚੌਥੀ ਤੇ ਮੁੰਬਈ ਦੀ ਪਹਿਲੀ ਯਾਤਰਾ ਹੈ। 17 ਫਰਵਰੀ ਨੂੰ ਬੈਂਗਲੁਰੂ ’ਚ ਦੋਵੇਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਅਗਵਾਈ ’ਚ ਭਵਿੱਖ ਦੀ ਰੂਪਰੇਖਾ ’ਤੇ ਚਰਚਾ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫਰਾਂਸ ਦੇ ਰੱਖਿਆ ਮੰਤਰੀ ਕੈਥਰੀਨ ਵੈਟਰੀਨ ਦੀ ਪ੍ਰਧਾਨਗੀ ’ਚ ਹੋਣ ਵਾਲੀ ਮੀਟਿੰਗ ’ਚ ਕਈ ਅਹਿਮ ਰੱਖਿਆ ਸੌਦਿਆਂ ’ਤੇ ਸਹਿਮਤੀ ਬਣਨ ਦੀ ਵੀ ਸੰਭਾਵਨਾ ਹੈ। ਭਾਰਤ ਤੇ ਫਰਾਂਸ ਦੇ ਸਬੰਧਾਂ ’ਚ ਰੱਖਿਆ ਖੇਤਰ ਕੇਂਦਰੀ ਭੂਮਿਕਾ ਨਿਭਾਅ ਰਿਹਾ ਹੈ। ਰੱਖਿਆ ਮੰਤਰਾਲੇ ਅਨੁਸਾਰ, ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਸਮਝੌਤੇ ਨੂੰ ਅਗਲੇ 10 ਸਾਲਾਂ ਦੇ ਲਈ ਰੀਨਿਊ ਕੀਤੇ ਜਾਣ ਦੀ ਉਮੀਦ ਹੈ। ਇਸਦੇ ਨਾਲ ਹੀ ਹੈਮਰ ਮਿਜ਼ਾਈਲਾਂ ਦੇ ਸਾਂਝੇ ਨਿਰਮਾਣ ਲਈ ਇਕ ਸਾਂਝੇ ਉੱਦਮ ’ਤੇ ਸਮਝੌਤਾ ਪੱਤਰ ’ਤੇ ਵੀ ਦੋਵਾਂ ਰੱਖਿਆ ਮੰਤਰੀਆਂ ਦੀ ਹਾਜ਼ਰੀ ’ਚ ਦਸਤਖ਼ਤ ਸੰਭਾਵੀ ਹਨ।
ਹਾਲ ਹੀ ਵਿਚ ਭਾਰਤ ਸਰਕਾਰ ਦੀ ਰੱਖਿਆ ਖ਼ਰੀਦ ਕੌਂਸਲ ਨੇ ਫਰਾਂਸ ਤੋਂ ਸੌ ਤੋਂ ਵੱਧ ਰਾਫੇਲ ਲੜਾਕੂ ਜਹਾਜ਼ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਇਸਨੇ ਦੋਵਾਂ ਦੇਸ਼ਾਂ ਦੇ ਰੱਖਿਆ ਸਹਿਯੋਗ ਨੂੰ ਇਕ ਨਵੀਂ ਉਚਾਈ ’ਤੇ ਪਹੁੰਚਾ ਦਿੱਤਾ ਹੈ। ਇਹ ਸੌਦਾ ਨਾ ਸਿਰਫ ਭਾਰਤੀ ਹਵਾਈ ਫ਼ੌਜ ਦੀ ਮਾਰੂ ਸਮਰੱਥਾ ਨੂੰ ਮਜ਼ਬੂਤੀ ਦੇਵੇਗਾ, ਬਲਕਿ ਲੰਬੇ ਸਮੇਂ ਦੀ ਦੇਖਰੇਖ, ਸਿਖਲਾਈ, ਪੁਰਜ਼ਿਆਂ ਦੀ ਸਪਲਾਈ ਤੇ ਤਕਨੀਕੀ ਸਹਿਯੋਗ ਰਾਹੀਂ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਇੰਨੀ ਵੱਡੀ ਗਿਣਤੀ ’ਚ ਰਾਪੇਲ ਜਹਾਜ਼ਾਂ ਦੀ ਖ਼ਰੀਦ ਨਾਲ ਫਰਾਂਸ ਭਾਰਤ ਦੇ ਰੱਖਿਆ ਆਧੁਨਿਕੀਕਰਨ ਦਾ ਮੁੱਖ ਥੰਮ੍ਹ ਬਣ ਕੇ ਉੱਭਰ ਰਿਹਾ ਹੈ। ਇਸ ਨਾਲ ਸੰਕੇਤ ਮਿਲਦਾ ਹੈ ਕਿ ਰੱਖਿਆ ਭਾਈਵਾਲੀ ਹੁਣ ਖ਼ਰੀਦਦਾਰ-ਵਿਕਰੇਤਾ ਸਬੰਧ ਨਾਲ ਅੱਗੇ ਵਧ ਕੇ ਸਹਿ-ਵਿਕਾਸ ਤੇ ਸਹਿ-ਉਤਪਾਦਨ ਦੇ ਪੜਾਅ ’ਚ ਦਾਖ਼ਲ ਕਰ ਰਹੀ ਹੈ।
ਇਹ ਯਾਤਰਾ ਸਿਰਫ ਰੱਖਿਆ ਤੱਕ ਹੀ ਸੀਮਤ ਨਹੀਂ ਹੈ। ਮੁੰਬਈ ’ਚ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਮੈਕਰੋਂ ਵੱਡੇ ਰਣਨੀਤਕ ਸਹਿਯੋਗ ’ਤੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ, ਗੱਲਬਾਤ ’ਚ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੀ ਚਰਚਾ ਹੋਵੇਗੀ। ਹਿੰਦ-ਪ੍ਰਸ਼ਾਂਤ ਖੇਤਰ ’ਚ ਸਥਿਰਤਾ, ਬਹੁਧਰੁਵੀ ਵਿਸ਼ਵ ਪ੍ਰਬੰਧ ਤੇ ਆਲਮੀ ਸਪਲਾਈ ਲੜੀਆਂ ਦੀ ਮਜ਼ਬੂਤੀ ਵਰਗੇ ਵਿਸ਼ੇ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਪਹਿਲਾਂ ’ਚ ਸ਼ਾਮਲ ਹਨ। ਰਾਸ਼ਟਰਪਤੀ ਮੈਕਰੋਂ ਭਾਰਤ ਵੱਲੋਂ ਕਰਵਾਈ ਗਈ ਏਆਈ ਇੰਪੈਕਟ ਸਮਿਟ ’ਚ ਵੀ ਹਿੱਸਾ ਲੈਣਗੇ। ਦੋਵਾਂ ਦੇਸ਼ਾਂ ’ਚ ਨਵੇਂ ਵਿਚਾਰਾਂ, ਡਿਜੀਟਲ ਤਕਨੀਕ, ਪੁਲਾੜ, ਸਮੁੰਦਰੀ ਸੁਰੱਖਿਆ ਤੇ ਊਰਜਾ ਸੁਰੱਖਿਆ ਵਰਗੇ ਖੇਤਰਾਂ ’ਚ ਵੀ ਸਹਿਯੋਗ ਡੂੰਘਾ ਰੋ ਰਿਹਾ ਹੈ। ਭਾਰਤ-ਫਰਾਂਸ ਸਬੰਧਾਂ ਦੀ ਖ਼ਾਸੀਅਤ ਇਹ ਹੈ ਕਿ ਦੋਵੇਂ ਦੇਸ਼ ਰਣਨੀਤਕ ਖ਼ੁਦਮੁਖ਼ਤਾਰੀ ਨੂੰ ਅਹਿਮੀਅਤ ਦਿੰਦੇ ਹਨ ਤੇ ਰੱਖਿਆ ਤਕਨੀਕ ਟ੍ਰਾਂਸਫਰ ਤੇ ਲੰਬੇ ਸਮੇਂ ਦੀ ਭਾਈਵਾਲੀ ਦੇ ਪੱਖ ’ਚ ਹਨ। ਹਾਲ ਹੀ ਦੇ ਸਾਲਾਂ ’ਚ ਫਰਾਂਸ ਨੇ ਭਾਰਤ ਨੂੰ ਉੱਨਤ ਫ਼ੌਜੀ ਪਲੇਟਫਾਰਮ ਤੇ ਤਕਨੀਕੀ ਸਹਿਯੋਗ ਦੇ ਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਸਿਰਫ ਸਪਲਾਇਰ ਹੀ ਨਹੀਂ, ਬਲਕਿ ਭਰੋਸੇਮੰਦ ਭਾਈਵਾਲ ਵੀ ਬਣਨਾ ਚਾਹੁੰਦਾ ਹੈ।
ਸੰਖੇਪ:
