ਨਵੀਂ ਦਿੱਲੀ, 13 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਆਰਬੀਆਈ ਨੇ ਵਿੱਤੀ ਅਦਾਰਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਤਹਿਤ ਰਿਕਵਰੀ ਏਜੰਟ ਹੁਣ ਕਿਸੇ ਵੀ ਸਥਿਤੀ ’ਚ ਕਰਜ਼ਾ ਮੋੜਣ ’ਚ ਅਸਮਰੱਥ ਜਾਂ ਦੇਰੀ ਕਰਨ ਵਾਲੇ ਗਾਹਕਾਂ ਨਾਲ ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਣਗੇ। ਇਹ ਫ਼ੈਸਲਾ ਬੈਂਕਾਂ, ਗ੍ਰਾਮੀਣ ਬੈਂਕਾਂ, ਐੱਨਬੀਐੱਫਸੀ, ਹਾਊਸਿੰਗ ਫਾਈਨਾਂਸ ਕੰਪਨੀਆਂ ਤੇ ਸਹਿਕਾਰੀ ਬੈਂਕਾਂ ਵਰਗੇ ਵਿੱਤੀ ਅਦਾਰਿਆਂ ’ਤੇ ਲਾਗੂ ਹੋਵੇਗਾ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਮੁੱਖ ਉਦੇਸ਼ ਉਨ੍ਹਾਂ ਗਾਹਕਾਂ ਨੂੰ ਗ਼ੈਰ ਜ਼ਰੂਰੀ ਦਬਾਅ ਤੋਂ ਬਚਾਉਣਾ ਹੈ, ਜਿਹੜੇ ਕਰਜ਼ਾ ਮੋੜਣ ’ਚ ਅਸਮਰੱਥ ਹਨ। ਆਰਬੀਆਈ ਨੇ ਸਪਸ਼ਟ ਕੀਤਾ ਕਿ ਬੈਂਕਾਂ ਨੂੰ ਹੁਣ ਇਕ ਸਪਸ਼ਟ ਨੀਤੀ ਬਣਾਉਣੀ ਪਵੇਗੀ, ਜਿਸ ’ਚ ਰਿਕਵਰੀ ਏਜੰਟ ਦੀ ਯੋਗਤਾ, ਉਨ੍ਹਾਂ ਦੀ ਜਾਂਚ, ਜ਼ਾਬਤਾ ਤੇ ਨਿਗਰਾਨੀ ਸ਼ਾਮਲ ਹੋਵੇਗੀ। ਇਸ ਨਾਲ ਉਨ੍ਹਾਂ ਗਾਹਕਾਂ ਨੂੰ ਰਾਹਤ ਮਿਲੇਗੀ ਜਿਹੜੇ ਰਿਕਵਰੀ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੁੰਦੇ ਹਨ। ਬੈਂਕਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਰਿਕਵਰੀ ਪ੍ਰਕਿਰਿਆ ਨਾ ਸਿਰਫ਼ ਕਾਨੂੰਨੀ ਹੋਵੇ, ਬਲਕਿ ਮਨੁੱਖੀ ਵੀ ਹੋਵੇ। ਬੈਂਕਾਂ ਨੂੰ ਰਿਕਵਰੀ ਏਜੰਟਸ ਦੀ ਨਿਯੁਕਤੀ ਤੋਂ ਪਹਿਲਾਂ ਉਨ੍ਹਾਂ ਦੀ ਯੋਗਤਾ ਤੇ ਪਿਛੋਕੜ ਦੀ ਜਾਂਚ ਕਰਨੀ ਪਵੇਗੀ। ਏਜੰਟਸ ਨੂੰ ਇੰਡੀਅਨ ਇੰਸਟੀਚਿਊਟ ਆਫ ਬੈਂਕਿੰਗ ਐਂਡ ਫਾਈਨਾਂਸ (ਆਈਆਈਬੀਐੱਫ) ਜਾਂ ਇਸ ਨਾਲ ਜੁੜੇ ਅਦਾਰਿਆਂ ਤੋਂ ਡੇਟ (ਕਰਜ਼) ਰਿਕਵਰੀ ਏਜੰਟ ਦਾ ਟ੍ਰੇਨਿੰਗ ਸਰਟੀਫਿਕੇਟ ਲੈਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਬੈਂਕਾਂ ਨੂੰ ਇਕ ਜ਼ਾਬਤਾ ਬਣਾਉਣਾ ਪਵੇਗਾ, ਜਿਸ ’ਚ ਏਜੰਟਸ ਤੇ ਬੈਂਕ ਮੁਲਾਜ਼ਮ ਦੋਵਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਬੈਂਕ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਏਜੰਟਾਂ ਤੋਂ ਲਿਖਤੀ ਸਹਿਮਤੀ ਲਈ ਜਾਵੇ ਕਿ ਉਹ ਬੈਂਕ ਦੀਆਂ ਨੀਤੀਆਂ ਦਾ ਪਾਲਣ ਕਰਨਗੇ। ਜੇਕਰ ਕੋਈ ਏਜੰਟ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਬੈਂਕ ਨੂੰ ਉਸ ’ਤੇ ਸਜ਼ਾਯੋਗ ਕਾਰਵਾਈ ਕਰਨੀ ਪਵੇਗੀ, ਜਿਸ ’ਚ ਠੇਕਾ ਸਮਾਪਤੀ ਵੀ ਸ਼ਾਮਲ ਹੈ। ਗਾਹਕਾਂ ਦੀ ਸਹੂਲਤ ਲਈ ਬੈਂਕ ਹੁਣ ਆਪਣੀ ਵੈਬਸਾਈਟ, ਮੋਬਾਈਲ ਐਪ ਤੇ ਬ੍ਰਾਂਚਾ ’ਤੇ ਰਿਕਵਰੀ ਏਜੰਟਸ ਦੀ ਅਪਡੇਟਡ ਸੂਚੀ ਦਿਖਾਉਣਗੇ, ਜਿਸ ’ਚ ਏਜੰਟਸ ਦੇ ਨਾਂ, ਸੰਪਰਕ ਵੇਰਵਾ ਤੇ ਸਮਝੌਤੇ ਦੀ ਮਿਆਦ ਸ਼ਾਮਲ ਹੋਵੇਗੀ।
ਰਿਕਵਰੀ ਕੇਸ ਸੌਂਪਣ ਤੋਂ ਪਹਿਲਾਂ ਬੈਂਕ ਨੂੰ ਗਾਹਕ ਨੂੰ ਲਿਖਤੀ ਨੋਟਿਸ, ਐੱਸਐਮਐੱਸ ਜਾਂ ਈਮੇਲ ਰਾਹੀਂ ਏਜੰਟ ਦੀ ਜਾਣਕਾਰੀ ਦੇਣੀ ਪਵੇਗੀ। ਜੇਕਰ ਏਜੰਟ ਬਦਲਦਾ ਹੈ ਤਾਂ ਵੀ ਫ਼ੌਰੀ ਸੂਚਨਾ ਦਿੱਤੀ ਜਾਵੇਗੀ। ਗਾਹਕ ਦੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ ਤੇ ਇਸ ਨੂੰ ਸਿਰਫ਼ ਜ਼ਰੂਰੀ ਹੱਦ ਤੱਕ ਏਜੰਟਸ ਨਾਲ ਸਾਂਝਾ ਕੀਤਾ ਜਾਵੇਗਾ। ਜੇਕਰ ਗਾਹਕ ਕੋਈ ਸ਼ਿਕਾਇਤ ਦਰਜ ਕਰਦਾ ਹੈ ਤਾਂ ਬੈਂਕ ਨੂੰ ਰਿਕਵਰੀ ਪ੍ਰਕਿਰਿਆ ਰੋਕਣੀ ਪਵੇਗੀ ਜਦੋਂ ਤੱਕ ਸ਼ਿਕਾਇਤ ਦਾ ਨਿਪਟਾਰਾ ਨਾ ਹੋ ਜਾਵੇ। ਹਾਲਾਂਕਿ ਜੇਕਰ ਸ਼ਿਕਾਇਤ ਫ਼ਰਜ਼ੀ ਸਾਬਿਤ ਹੁੰਦੀ ਹੈ ਤਾਂ ਪ੍ਰਕਿਰਿਆ ਜਾਰੀ ਰੱਖੀ ਜਾ ਸਕਦੀ ਹੈ। ਅਦਾਲਤੀ ਮਾਮਲਿਆਂ ’ਚ ਬੈਂਕ ਨੂੰ ਚੌਕਸੀ ਵਰਤਣੀ ਪਵੇਗੀ।
ਸਵੇਰੇ ਅੱਠ ਤੋਂ ਸ਼ਾਮ ਸੱਤ ਵਜੇ ਤੱਕ ਹੀ ਗਾਹਕਾਂ ਨਾਲ ਕੀਤਾ ਜਾ ਸਕੇਗਾ ਸੰਪਰਕ
ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਏਜੰਟਸ ਜਾਂ ਬੈਂਕ ਮੁਲਾਜ਼ਮ ਸਿਰਫ਼ ਸਵੇਰੇ ਅੱਠ ਤੋਂ ਸ਼ਾਮ ਸੱਤ ਵਜੇ ਤੱਕ ਕਰ ਸਕਦੇ ਹਨ। ਜੇਕਰ ਗਾਹਕ ਕਿਸੇ ਵਿਸ਼ੇਸ਼ ਸਮੇਂ ’ਤੇ ਕਾਲ ਨਾ ਕਰਨ ਦੀ ਬੇਨਤੀ ਕਰਦਾ ਹੈ ਤਾਂ ਉਸ ਦਾ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੁੱਖ ਦੇ ਮੌਕਿਆਂ ਜਿਵੇਂ ਪਰਿਵਾਰ ’ਚ ਮੌਤ, ਵਿਆਹ ਜਾਂ ਤਿਉਹਾਰਾਂ ਦੌਰਾਨ ਕਾਲ ਜਾਂ ਵਿਜ਼ਿਟ ਤੋਂ ਬਚਣਾ ਪਵੇਗਾ।
ਸਾਰੀਆਂ ਕਾਲ ਰਿਕਾਰਡ ਹੋਣਗੀਆਂ, ਗਾਹਕਾਂ ਨੂੰ ਦੇਣੀ ਪਵੇਗੀ ਇਸ ਦੀ ਸੂਚਨਾ
ਮਾਈਕ੍ਰੋਫਾਈਨਾਂਸ ਕਰਜ਼ ਲਈ ਰਿਕਵਰੀ ਇਕ ਤੈਅ ਥਾਂ ’ਤੇ ਹੋਵੇਗੀ, ਪਰ ਜੇਕਰ ਗਾਹਕ ਦੋ ਵਾਰ ਨਹੀਂ ਆਉਂਦਾ ਤਾਂ ਘਰ ਜਾਂ ਕੰਮ ਵਾਲੀ ਥਾਂ ’ਤੇ ਜਾਇਆ ਜਾ ਸਕਦਾ ਹੈ। ਸਾਰੀਆਂ ਕਾਲ ਰਿਕਰਾ਼ਡ ਕੀਤੀ ਜਾਵੇਗੀ ਤੇ ਗਾਹਕ ਨੂੰ ਸੂਚਿਤ ਕਰਨਾ ਪਵੇਗਾ ਕਿ ਗੱਲਬਾਤ ਰਿਕਾਰਡ ਹੋ ਰਹੀ ਹੈ। ਸਖ਼ਤ ਵਿਹਾਰ ’ਤੇ ਪੂਰਨ ਪਾਬੰਦੀ ਹੈ। ਏਜੰਟਸ ਜਾਂ ਮੁਲਾਜ਼ਮ ਗਾਲੀ ਗਲੋਚ, ਧਮਕੀ, ਝੂਠੀ ਜਾਣਕਾਰੀ ਜਾਂ ਸਰੀਰਕ ਹਿੰਸਾ ਦੀ ਧਮਕੀ ਨਹੀਂ ਦੇ ਸਕਦੇ। ਇੰਟਰਨੈੱਟ ਮੀਡੀਆ ’ਤੇ ਅਨੁਸੂਚਿਤ ਮੈਸੇਜ ਭੇਜਣਾ ਜਾਂ ਪਰਿਵਾਰ ਜਾਂ ਦੋਸਤਾਂ ਨੂੰ ਪਰੇਸ਼ਾਨ ਕਰਨਾ ਪਾਬੰਦੀਸ਼ੁਦਾ ਹੈ।
ਰਿਕਵਰੀ ਏਜੰਟਾਂ ਖ਼ਿਲਾਫ਼ ਵਧ ਰਹੀਆਂ ਸਨ ਸ਼ਿਕਾਇਤਾਂ
ਪਿਛਲੇ ਕੁਝ ਸਾਲਾਂ ’ਚ ਰਿਕਵਰੀ ਏਜੰਟਸ ਦੇ ਗ਼ੈਰ-ਕਾਨੂੰਨੀ ਤੇ ਗ਼ੈਰ ਮਨੁੱਖੀ ਵਿਹਾਰ ਦੀਆਂ ਸ਼ਿਕਾਇਤਾਂ ਵਧਦੀਆਂ ਜਾ ਰਹੀਆਂ ਸਨ। ਕਈ ਮਾਮਲਿਆਂ ’ਚ ਏਜੰਟਾਂ ਨੇ ਗਾਹਕਾਂ ਨੂੰ ਧਮਕੀਆਂ ਦਿੱਤੀਆਂ, ਅਪਸ਼ਬਦ ਕਹੇ, ਪਰਿਵਾਰ ਨੂੰ ਪਰੇਸ਼ਾਨ ਕੀਤਾ ਤੇ ਇੱਥੋਂ ਤੱਕ ਕਿ ਸਰੀਰਕ ਹਿੰਸਾ ਦੀ ਧਮਕੀ ਦਿੱਤੀ। ਕੁਝ ਰਿਪੋਰਟਾਂ ’ਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਰਿਕਵਰੀ ਦੇ ਦਬਾਅ ’ਚ ਗਾਹਕਾਂ ਨੇ ਖ਼ੁਦਕੁਸ਼ੀ ਤੱਕ ਕਰ ਲਈ। 2023-2024 ’ਚ ਕਈ ਸੂਬਿਆਂ ਤੋਂ ਅਜਿਹੀਆਂ ਖ਼ਬਰਾਂ ਆਈਆਂ ਜਿੱਥੇ ਮਾਈਕ੍ਰੋਫਾਈਨਾਂਸ ਕਰਜ਼ ਦੇ ਰਿਕਵਰੀ ਏਜੰਟਸ ਨੇ ਔਰਤਾਂ ਤੇ ਕਿਸਾਨਾਂ ਨੂੰ ਏਨਾ ਤੰਗ ਕੀਤਾ ਕਿ ਉਹ ਸਿਖਰਲਾ ਕਦਮ ਚੁੱਕਣ ਲਈ ਮਜਬੂਰ ਹੋ ਗਏ।
ਸੰਖੇਪ:
