ਨਵੀਂ ਦਿੱਲੀ, 02 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਹੁਣ ਤੁਸੀਂ ਵਿਦੇਸ਼ ਤੋਂ 75 ਹਜ਼ਾਰ ਰੁਪਏ ਤੱਕ ਦਾ ਡਿਊਟੀ-ਫ੍ਰੀ (ਕਰ-ਮੁਕਤ) ਸਾਮਾਨ ਲਿਆ ਸਕੋਗੇ। ਸਰਕਾਰ ਨੇ ਭਾਰਤ ਵਿੱਚ ਡਿਊਟੀ-ਫ੍ਰੀ ਸਾਮਾਨ ਲਿਆਉਣ ਦੀ ਸੀਮਾ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤਾ ਹੈ।
ਐਤਵਾਰ ਨੂੰ ਨੋਟੀਫਾਈ ਕੀਤੇ ਗਏ ਨਵੇਂ ਬੈਗੇਜ ਨਿਯਮ, 2026 ਤਹਿਤ ਜ਼ਮੀਨੀ ਰਸਤੇ ਤੋਂ ਇਲਾਵਾ ਕਿਸੇ ਹੋਰ ਸਾਧਨ ਰਾਹੀਂ ਭਾਰਤ ਆ ਰਹੇ ਭਾਰਤੀ ਮੂਲ ਦੇ ਨਿਵਾਸੀ ਜਾਂ ਸੈਲਾਨੀ 75 ਹਜ਼ਾਰ ਰੁਪਏ ਤੱਕ ਦਾ ਸਾਮਾਨ ਡਿਊਟੀ-ਫ੍ਰੀ ਲਿਆ ਸਕਣਗੇ। ਨਵੇਂ ਬੈਗੇਜ ਨਿਯਮ 2026, 2 ਫਰਵਰੀ ਦੀ ਅੱਧੀ ਰਾਤ ਤੋਂ ਪ੍ਰਭਾਵੀ ਹੋਣਗੇ ਅਤੇ ਇੱਕ ਦਹਾਕੇ ਪੁਰਾਣੇ ਬੈਗੇਜ ਨਿਯਮਾਂ ਦੀ ਜਗ੍ਹਾ ਲੈਣਗੇ।
20 ਗ੍ਰਾਮ ਤੱਕ ਦੇ ਗਹਿਣੇ ਲਿਆਉਣ ‘ਤੇ ਛੋਟ
ਇਕ ਸਾਲ ਤੋਂ ਵੱਧ ਸਮੇਂ ਤੋਂ ਵਿਦੇਸ਼ ‘ਚ ਰਹਿ ਰਹੇ ਭਾਰਤੀ ਮੂਲ ਦੇ ਨਿਵਾਸੀ ਜਾਂ ਸੈਲਾਨੀ ਨੂੰ ਭਾਰਤ ਪਰਤਣ ‘ਤੇ 20 ਗ੍ਰਾਮ ਤਕ ਦੇ ਗਹਿਣਿਆਂ ਲਈ ਡਿਊਟੀ-ਫ੍ਰੀ ਛੋਟ ਦਿੱਤੀ ਜਾਵੇਗੀ। ਜੇਕਰ ਇਹ ਗਹਿਣੇ ਕਿਸੇ ਔਰਤ ਵੱਲੋਂ ਲਿਆਂਦੇ ਜਾਂਦੇ ਹਨ ਤਾਂ ਇਹ ਛੋਟ 40 ਗ੍ਰਾਮ ਤੱਕ ਦੇ ਵਜ਼ਨ ਵਾਲੇ ਗਹਿਣਿਆਂ ਲਈ ਹੋਵੇਗੀ।
ਇਸ ਨਿਯਮ ਦੇ ਅਨੁਸਾਰ, ਗਹਿਣਿਆਂ ਦਾ ਮਤਲਬ ਅਜਿਹੀਆਂ ਸਜਾਵਟੀ ਚੀਜ਼ਾਂ ਹਨ ਜੋ ਆਮ ਤੌਰ ‘ਤੇ ਵਿਅਕਤੀ ਵੱਲੋਂ ਪਹਿਨੀਆਂ ਜਾਂਦੀਆਂ ਹਨ, ਜੋ ਸੋਨੇ, ਚਾਂਦੀ, ਪਲੈਟੀਨਮ ਜਾਂ ਹੋਰ ਕੀਮਤੀ ਧਾਤਾਂ ਤੋਂ ਬਣੀਆਂ ਹੁੰਦੀਆਂ ਹਨ, ਚਾਹੇ ਉਨ੍ਹਾਂ ਵਿੱਚ ਨਗ ਜੜੇ ਹੋਣ ਜਾਂ ਨਾ।
