ਨਵੀਂ ਦਿੱਲੀ, 02 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਬੀਤੇ ਦਿਨ ਐਤਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲੋਕ ਸਭਾ ਵਿੱਚ ਬਜਟ 2026 ਪੇਸ਼ ਕੀਤਾ। ਹੁਣ ਸੋਮਵਾਰ ਨੂੰ ਸੰਸਦ ਵਿੱਚ ਇਸ ਉੱਤੇ ਆਮ ਚਰਚਾ ਹੋਣ ਜਾ ਰਹੀ ਹੈ। ਇਹ ਚਰਚਾ ਚੱਲ ਰਹੇ ਬਜਟ ਸੈਸ਼ਨ ਦਾ ਹਿੱਸਾ ਹੈ ਅਤੇ ਇਸ ਤੋਂ ਬਾਅਦ ਅਨੁਦਾਨ ਮੰਗਾਂ ‘ਤੇ ਵਿਸਤ੍ਰਿਤ ਬਹਿਸ ਅਤੇ ਵੋਟਿੰਗ ਹੋਵੇਗੀ।
ਬਜਟ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੇ ਗਏ ਬਿਆਨ ਤੋਂ ਸੰਕੇਤ ਮਿਲਿਆ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਦਨ ਵਿੱਚ ਬੋਲ ਸਕਦੇ ਹਨ। ਸੰਸਦੀ ਪ੍ਰਕਿਰਿਆ ਦੇ ਅਨੁਸਾਰ, ਮੈਂਬਰ ਬਾਅਦ ਵਿੱਚ ਮੰਤਰਾਲਾ-ਵਾਰ ਜਾਂਚ ਤੋਂ ਪਹਿਲਾਂ ਆਮ ਚਰਚਾ ਦੌਰਾਨ ਬਜਟ ਦੇ ਮੁੱਖ ਢਾਂਚੇ ‘ਤੇ ਬਹਿਸ ਕਰਨਗੇ।
ਰਾਹੁਲ ਗਾਂਧੀ ਨੇ ਕੀ ਕਿਹਾ ਸੀ?
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਸੰਸਦ ਦੇ ਬਾਹਰ ਕੇਂਦਰੀ ਬਜਟ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸਦਨ ਵਿੱਚ ਆਪਣੀ ਗੱਲ ਰੱਖਣਗੇ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ‘ਤੇ ਕਿ ਉਹ ਬਜਟ ਬਾਰੇ ਕੀ ਸੋਚਦੇ ਹਨ? ਤਾਂ ਰਾਹੁਲ ਗਾਂਧੀ ਨੇ ਕਿਹਾ, “ਮੈਂ ਕੱਲ੍ਹ ਸੰਸਦ ਦੇ ਪਟਲ (ਫਲੋਰ) ‘ਤੇ ਆਪਣੀ ਗੱਲ ਰੱਖਾਂਗਾ।”
ਕਾਂਗਰਸ ਨੇਤਾ ਦੇ ਨਾਲ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵੀ ਸੀ। ਦੋਵੇਂ ਮੀਡੀਆ ਦੇ ਹੋਰ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਸੰਸਦ ਕੰਪਲੈਕਸ ਤੋਂ ਚਲੇ ਗਏ। ਬਾਅਦ ਵਿੱਚ ਕਾਂਗਰਸ ਸਾਂਸਦ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਉਨ੍ਹਾਂ ਮੁੱਖ ਚਿੰਤਾਵਾਂ ਦੀ ਸੂਚੀ ਸਾਂਝੀ ਕੀਤੀ, ਜਿਨ੍ਹਾਂ ਬਾਰੇ ਉਨ੍ਹਾਂ ਕਿਹਾ ਕਿ ਬਜਟ ਉਨ੍ਹਾਂ ਨੂੰ ਹੱਲ ਕਰਨ ਵਿੱਚ ਅਸਫਲ ਰਿਹਾ ਹੈ।
‘ਭਾਰਤ ਦੇ ਅਸਲ ਸੰਕਟਾਂ ਤੋਂ ਅਣਜਾਣ’
ਉਨ੍ਹਾਂ ਨੇ ਪੋਸਟ ਵਿੱਚ ਲਿਖਿਆ, “ਨੌਜਵਾਨਾਂ ਕੋਲ ਨੌਕਰੀ ਨਹੀਂ ਹੈ। ਡਿੱਗ ਰਹੀ ਮੈਨੂਫੈਕਚਰਿੰਗ। ਨਿਵੇਸ਼ਕ ਪੂੰਜੀ ਕੱਢ ਰਹੇ ਹਨ। ਘਰੇਲੂ ਬਚਤ ਤੇਜ਼ੀ ਨਾਲ ਘਟ ਰਹੀ ਹੈ। ਕਿਸਾਨ ਪਰੇਸ਼ਾਨ ਹਨ। ਆਉਣ ਵਾਲੇ ਗਲੋਬਲ ਝਟਕੇ – ਇਨ੍ਹਾਂ ਸਭ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਇੱਕ ਅਜਿਹਾ ਬਜਟ ਜੋ ਸੁਧਾਰ ਕਰਨ ਤੋਂ ਇਨਕਾਰ ਕਰਦਾ ਹੈ, ਉਹ ਭਾਰਤ ਦੇ ਅਸਲ ਸੰਕਟਾਂ ਤੋਂ ਅਣਜਾਣ ਹੈ।”
