ਨਵੀਂ ਦਿੱਲੀ, 30 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਫਿਟਨੈੱਸ ਲਈ ਅਸੀਂ ਅਕਸਰ ਜਿਮ ਅਤੇ ਮਹਿੰਗੇ ਸਪਲੀਮੈਂਟਸ ਦੇ ਪਿੱਛੇ ਭੱਜਦੇ ਹਾਂ, ਜਦੋਂਕਿ ਅਪੋਲੋ ਹਸਪਤਾਲ ਦੇ ਸੀਨੀਅਰ ਨਿਊਰੋਲੋਜਿਸਟ ਡਾ. ਸੁਧੀਰ ਕੁਮਾਰ ਕਹਿੰਦੇ ਹਨ ਕਿ ਰੋਜ਼ਾਨਾ ‘ਪੌੜੀਆਂ ਚੜ੍ਹਨ’ ਨਾਲ ਹੀ ਤੁਹਾਡੇ ਸਰੀਰ ਨੂੰ ਕਈ ਹੈਰਾਨੀਜਨਕ ਫਾਇਦੇ ਮਿਲ ਸਕਦੇ ਹਨ। ਆਓ ਜਾਣੀਏ ਕਿਵੇਂ ਇਹ ਸਧਾਰਨ ਜਿਹੀ ਦਿਖਣ ਵਾਲੀ ਕਸਰਤ ਤੁਹਾਡੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

ਦਿਲ ਅਤੇ ਫੇਫੜਿਆਂ ਲਈ ਜ਼ਬਰਦਸਤ ਵਰਕਆਊਟ

ਪੌੜੀਆਂ ਚੜ੍ਹਨ ਲਈ ਤੁਹਾਡੇ ਸਰੀਰ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਹ ਇਕ ਹਾਈ ਇੰਟੈਂਸਿਟੀ (High Intensity) ਕਸਰਤ ਹੈ ਜਿਸ ਨਾਲ ਬਹੁਤ ਘੱਟ ਸਮੇਂ ਵਿੱਚ ਤੁਹਾਡੇ ਫੇਫੜਿਆਂ (Lungs) ਅਤੇ ਦਿਲ ਦੀ ਸਿਹਤ ‘ਚ ਸੁਧਾਰ ਹੁੰਦਾ ਹੈ।

ਦਿਮਾਗ ਅਤੇ ਮੈਟਾਬੋਲਿਜ਼ਮ ਨੂੰ ਫਾਇਦਾ

ਕਈ ਲੋਕ ਪੌੜੀਆਂ ਚੜ੍ਹਨ ਨੂੰ ਸਿਰਫ਼ ਪੈਰਾਂ ਦੀ ਕਸਰਤ ਨਾਲ ਜੋੜ ਕੇ ਦੇਖਦੇ ਹਨ ਜੋ ਕਿ ਸਹੀ ਨਹੀਂ ਹੈ। ਦੱਸ ਦੇਈਏ ਕਿ ਪੌੜੀਆਂ ਚੜ੍ਹਨ ਨਾਲ ਦਿਮਾਗ ‘ਚ ਖੂਨ ਦਾ ਪ੍ਰਵਾਹ (Blood Flow) ਬਿਹਤਰ ਹੁੰਦਾ ਹੈ। ਇਸ ਦੇ ਨਾਲ ਹੀ, ਇਹ ਇੰਸੁਲਿਨ ਸੈਂਸਟੀਵਿਟੀ ਨੂੰ ਸੁਧਾਰਦਾ ਹੈ ਤੇ ਖਾਣਾ ਖਾਣ ਤੋਂ ਬਾਅਦ ਬਲੱਡ ਸ਼ੂਗਰ ਨੂੰ ਅਚਾਨਕ ਵਧਣ ਤੋਂ ਵੀ ਰੋਕਦਾ ਹੈ।

ਤਾਕਤ ਅਤੇ ਸਹਿਣ ਸ਼ਕਤੀ ਇਕੱਠੇ

ਸਧਾਰਨ ਪੈਦਲ ਚੱਲਣ ਦੀ ਬਜਾਏ, ਪੌੜੀਆਂ ਚੜ੍ਹਨਾ ਇੱਕੋ ਸਮੇਂ ਕਈ ਮਾਸਪੇਸ਼ੀਆਂ ਨੂੰ ਟਾਰਗੇਟ ਕਰਦਾ ਹੈ। ਇਹ ਤੁਹਾਡੀਆਂ ਪੱਟਾਂ, ਕੂਲਿਆਂ, ਪਿੰਨੀਆਂ ਅਤੇ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਅਜਿਹੀ ਤਾਕਤ ਮਿਲਦੀ ਹੈ, ਜੋ ਤੁਹਾਨੂੰ ਰੋਜ਼ਾਨਾ ਦੇ ਕੰਮਾਂ ਵਿੱਚ ਫੁਰਤੀਲਾ ਬਣਾਉਂਦੀ ਹੈ।

ਹੱਡੀਆਂ ਦੀ ਮਜ਼ਬੂਤੀ

ਇਹ ਇੱਕ ‘ਵੇਟ-ਬੇਅਰਿੰਗ’ (Weight-bearing) ਕਸਰਤ ਹੈ, ਜਿਸਦਾ ਮਤਲਬ ਹੈ ਕਿ ਇਹ ਹੱਡੀਆਂ ‘ਤੇ ਸਕਾਰਾਤਮਕ ਦਬਾਅ ਪਾਉਂਦੀ ਹੈ। ਇਸ ਨਾਲ ਹੱਡੀਆਂ ਦੀ ਘਣਤਾ (Density) ਬਣੀ ਰਹਿੰਦੀ ਹੈ ਅਤੇ ਭਵਿੱਖ ਵਿਚ ਫ੍ਰੈਕਚਰ ਦਾ ਖ਼ਤਰਾ ਕਾਫ਼ੀ ਹੱਦ ਤਕ ਘੱਟ ਜਾਂਦਾ ਹੈ।

ਸਮੇਂ ਦੀ ਬਚਤ

ਜੇਕਰ ਤੁਸੀਂ ਘੰਟਿਆਂਬੱਧੀ ਜਿਮ ‘ਚ ਨਹੀਂ ਬਿਤਾ ਸਕਦੇ ਤਾਂ ਪੌੜੀਆਂ ਦੀ ਚੋਣ ਕਰੋ। ਸਿਰਫ਼ ਕੁਝ ਮਿੰਟ ਪੌੜੀਆਂ ਚੜ੍ਹਨਾ, ਲੰਬੀ ਅਤੇ ਹੌਲੀ ਕਸਰਤ ਦੇ ਬਰਾਬਰ ਕਾਰਡੀਓ ਲਾਭ ਦੇ ਸਕਦਾ ਹੈ। ਯਾਨੀ ਘੱਟ ਸਮੇਂ ਵਿੱਚ ਜ਼ਿਆਦਾ ਫਾਇਦਾ।

ਕਿੰਨੀਆਂ ਪੌੜੀਆਂ ਚੜ੍ਹਨਾ ਕਾਫ਼ੀ ਹੈ? ਤੰਦਰੁਸਤ ਬਾਲਗਾਂ ਲਈ ਡਾਕਟਰ ਦੀ ਸਲਾਹ ਹੈ:

ਹਫ਼ਤੇ ਵਿੱਚ 3 ਤੋਂ 5 ਦਿਨ : ਸਿਰਫ਼ 10-15 ਮਿੰਟ ਪੌੜੀਆਂ ਚੜ੍ਹਨਾ ਕਾਫ਼ੀ ਹੈ।

ਬਰੇਕ ਜ਼ਰੂਰੀ: ਦਿਨ ਭਰ ਵਿੱਚ ਜੇਕਰ ਤੁਸੀਂ ਵਾਰ-ਵਾਰ 2-3 ਮੰਜ਼ਿਲਾਂ ਵੀ ਚੜ੍ਹਦੇ ਹੋ ਤਾਂ ਇਸਦਾ ਫਾਇਦਾ ਜੁੜਦਾ ਜਾਂਦਾ ਹੈ।

ਰਫ਼ਤਾਰ ਨਹੀਂ, ਨਿਯਮ ਜ਼ਰੂਰੀ ਹੈ : ਤੁਹਾਨੂੰ ਦੌੜ ਕੇ ਚੜ੍ਹਨ ਦੀ ਲੋੜ ਨਹੀਂ ਹੈ, ਬੱਸ ਇਸ ਨੂੰ ਆਪਣੀ ਆਦਤ ਬਣਾਓ।

ਸਾਵਧਾਨੀ: ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬਿਮਾਰੀ, ਗੋਡਿਆਂ ਵਿੱਚ ਗੰਭੀਰ ਸਮੱਸਿਆ ਜਾਂ ਸੰਤੁਲਨ ਬਣਾਉਣ ਵਿਚ ਦਿੱਕਤ ਹੋਵੇ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹੀ ਇਹ ਸ਼ੁਰੂ ਕਰਨਾ ਚਾਹੀਦਾ ਹੈ।

ਸੰਖੇਪ:-

ਰੋਜ਼ਾਨਾ ਪੌੜੀਆਂ ਚੜ੍ਹਨਾ ਦਿਲ, ਫੇਫੜੇ, ਦਿਮਾਗ, ਮਾਸਪੇਸ਼ੀਆਂ ਅਤੇ ਹੱਡੀਆਂ ਲਈ ਬਿਹਤਰੀਨ ਵਰਕਆਉਟ ਹੈ, ਜੋ ਘੱਟ ਸਮੇਂ ਵਿੱਚ ਵੱਧ ਫਾਇਦੇ ਦੇਂਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।